ਉੱਘੇ ਕਵੀ ਡਾ . ਉਮਿੰਦਰ ਜੌਹਲ ਨੇ ਸੁਰਜੀਤ ਪਾਤਰ ਚੇਅਰ ਦਾ ਕੀਤਾ ਦੌਰਾ
ਲੁਧਿਆਣਾ, 18 ਨਵੰਬਰ (ਡਾ. ਤਰਲੋਚਨ ਸਿੰਘ)- ਉੱਘੇ ਕਵੀ ਅਤੇ ਜਲੰਧਰ ਦੇ ਵੱਕਾਰੀ ਦੁਆਬਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.
ਲੁਧਿਆਣਾ, 18 ਨਵੰਬਰ (ਡਾ. ਤਰਲੋਚਨ ਸਿੰਘ)- ਉੱਘੇ ਕਵੀ ਅਤੇ ਜਲੰਧਰ ਦੇ ਵੱਕਾਰੀ ਦੁਆਬਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਉਮਿੰਦਰ ਜੌਹਲ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਥਾਪਿਤ ਡਾ. ਸੁਰਜੀਤ ਪਾਤਰ ਚੇਅਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸੁਰਜੀਤ ਪਾਤਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪੀ.ਏ.ਯੂ. ਵੱਲੋਂ ਇਸ ਚੇਅਰ ਦੀ ਸਥਾਪਤੀ ਨੂੰ ਸ਼ਲਾਘਾਯੋਗ ਕਦਮ ਕਿਹਾ। ਡਾ. ਜੌਹਲ ਨੇ ਇਸ ਦੌਰਾਨ ਆਸ ਪ੍ਰਗਟਾਈ ਕਿ ਸੁਰਜੀਤ ਪਾਤਰ ਚੇਅਰ ਇਸ ਪ੍ਰਸਿੱਧ ਕਵੀ ਦੇ ਪਾਏ ਪੂਰਨਿਆਂ ਉੱਪਰ ਚਲ ਕੇ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਾਧੇ ਲਈ ਲੋੜੀਂਦੇ ਯਤਨ ਕਰੇਗੀ। ਡਾ. ਜੌਹਲ ਨੇ ਇਸ ਮੌਕੇ ਇਸ ਚੇਅਰ ਨੂੰ ਅਕਾਦਮਿਕ ਖੋਜ ਨਾਲ ਜੋੜ ਕੇ ਖੇਤੀ ਅਤੇ ਸਾਹਿਤ ਸੰਬੰਧੀ ਪੀ.ਏ.ਯੂ. ਵੱਲੋਂ ਕਾਰਜ ਕਰਨ ਵਾਸਤੇ ਕੁਝ ਸੁਝਾਅ ਵੀ ਦਿੱਤੇ। ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਨੇ ਡਾ. ਉਮਿੰਦਰ ਜੌਹਲ ਦਾ ਸਵਾਗਤ ਕੀਤਾ ਅਤੇ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਦਾ ਯਕੀਨ ਦੁਆਇਆ। ਉਹਨਾਂ ਇਹ ਵੀ ਕਿਹਾ ਕਿ ਆਉਂਦੇ ਦਿਨੀਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਆਗਿਆ ਅਤੇ ਸਹਿਯੋਗ ਨਾਲ ਇਕ ਵੱਡਾ ਸੈਮੀਨਾਰ ਵੀ ਉਲੀਕਿਆ ਜਾਵੇਗਾ। ਇਸ ਮੌਕੇ ਉੱਘੇ ਪੰਜਾਬੀ ਚਿੰਤਕ ਡਾ. ਸਰਦੂਲ ਸਿੰਘ ਔਜਲਾ, ਪੀ.ਏ.ਯੂ. ਦੇ ਪੰਜਾਬੀ ਅਧਿਆਪਕ ਡਾ. ਸਟਾਲਿਨ ਸਿੰਘ ਅਤੇ ਡਾ. ਜਗਵਿੰਦਰ ਸਿੰਘ ਵੀ ਮੌਜੂਦ ਸਨ।