ਲੁਪਤ ਹੋ ਰਹੇ ਸਦੀਆਂ ਪੁਰਾਣੇ ਹਰਸਾ ਛੀਨਾ ਦੇ ਥੇਹ, ਪੁਰਾਤਤਵ ਵਿਭਾਗ ਹੋਇਆ ਅਵੇਸਲਾ
* ਨਾਜਾਇਜ਼ ਢੰਗ ਨਾਲ ਕੀਤੀ ਖ਼ੁਦਾਈ ਦੇ ਚੱਲਦਿਆਂ ਘਟਿਆ ਥੇਹਾਂ ਦਾ ਰਕਬਾ
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਲੱਲਾ ਅਫ਼ਗਾਨ ’ਚ ਸਦੀਆਂ ਪੁਰਾਣੇ ਵਿਸ਼ਾਲ ਥੇਹ ਲੁਪਤ ਹੁੰਦੇ ਜਾ ਰਹੇ ਹਨ। ਇਨ੍ਹਾਂ ਦੀ ਸੰਭਾਲ ਨੂੰ ਲੈ ਕੇ ਪੁਰਾਤਤਵ ਵਿਭਾਗ ਅਵੇਸਲਾ ਬਣਿਆ ਹੋਇਆ ਹੈ, ਜਿਸ ਕਾਰਨ ਨਾਜਾਇਜ਼ ਤਰੀਕੇ ਨਾਲ ਇਨ੍ਹਾਂ ਥੇਹਾਂ ਦੀ ਖ਼ੁਦਾਈ ਕਰਕੇ ਵੱਡੀ ਗਿਣਤੀ ਵਿਚ ਇੱਥੋਂ ਪੱਥਰ ਤੇ ਧਾਤੂਆਂ ਦੇ ਪੁਰਾਤਨ ਸਿੱਕੇ, ਇੱਟਾਂ, ਘੜੇ, ਖਿਡੌਣੇ, ਬਰਤਨ, ਬੇਲ ਗੱਡੀ ਦੇ ਪਹੀਏ ਅਤੇ ਹੋਰ ਬਹੁਤ ਸਾਰੀਆਂ ਦੁਰਲੱਭ ਤੇ ਬਹੁਮੁੱਲੀ ਵਸਤੂਆਂ ਕੱਢੀਆਂ ਜਾ ਚੁੱਕੀਆਂ ਹਨ।
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਲੱਲਾ ਅਫ਼ਗਾਨ ’ਚ ਸਦੀਆਂ ਪੁਰਾਣੇ ਵਿਸ਼ਾਲ ਥੇਹ ਲੁਪਤ ਹੁੰਦੇ ਜਾ ਰਹੇ ਹਨ। ਇਨ੍ਹਾਂ ਦੀ ਸੰਭਾਲ ਨੂੰ ਲੈ ਕੇ ਪੁਰਾਤਤਵ ਵਿਭਾਗ ਅਵੇਸਲਾ ਬਣਿਆ ਹੋਇਆ ਹੈ, ਜਿਸ ਕਾਰਨ ਨਾਜਾਇਜ਼ ਤਰੀਕੇ ਨਾਲ ਇਨ੍ਹਾਂ ਥੇਹਾਂ ਦੀ ਖ਼ੁਦਾਈ ਕਰਕੇ ਵੱਡੀ ਗਿਣਤੀ ਵਿਚ ਇੱਥੋਂ ਪੱਥਰ ਤੇ ਧਾਤੂਆਂ ਦੇ ਪੁਰਾਤਨ ਸਿੱਕੇ, ਇੱਟਾਂ, ਘੜੇ, ਖਿਡੌਣੇ, ਬਰਤਨ, ਬੇਲ ਗੱਡੀ ਦੇ ਪਹੀਏ ਅਤੇ ਹੋਰ ਬਹੁਤ ਸਾਰੀਆਂ ਦੁਰਲੱਭ ਤੇ ਬਹੁਮੁੱਲੀ ਵਸਤੂਆਂ ਕੱਢੀਆਂ ਜਾ ਚੁੱਕੀਆਂ ਹਨ। ਦੱਸਿਆ ਜਾਂਦਾ ਹੈ ਕਿ ਹਰਸਾ ਛੀਨਾ ਨਾਂਅ ਨਾਲ ਪ੍ਰਸਿੱਧ ਪਿੰਡ ਲੱਲਾ ਅਫ਼ਗਾਨ ਦੇ ਇਹ ਪੁਰਾਤਨ ਥੇਹ ਸ਼ੁਰੂਆਤ ’ਚ ਲਗਭਗ 20 0 ਏਕੜ ’ਚ ਫੈਲੇ ਹੋਏ ਸਨ ਜਦਕਿ ਹੁਣ ਨਾਜਾਇਜ਼ ਢੰਗ ਨਾਲ ਕੀਤੀ ਜਾਂਦੀ ਰਹੀ ਖ਼ੁਦਾਈ ਦੇ ਚੱਲਦਿਆਂ ਇਨ੍ਹਾਂ ਦਾ ਕੁਲ ਰਕਬਾ 3 ਏਕੜ ਤੋਂ ਵੀ ਘੱਟ ਅਤੇ ਉਚਾਈ ਸਿਰਫ਼ 30-32 ਫੁੱਟ ਦੇ ਲਗਭਗ ਹੀ ਰਹਿ ਗਈ ਹੈ। ਇਨ੍ਹਾਂ ਥੇਹਾਂ ਦੇ ਉੱਪਰ ਜਾਣ ਲਈ ਆਰਜ਼ੀ ਰਸਤੇ ਵੀ ਬਣਾਏ ਗਏ ਹਨ। ਇਨ੍ਹਾਂ ਥੇਹਾਂ ’ਤੇ ਲਗਭਗ 20 ਫੁੱਟ ਦੀ ਉਚਾਈ ’ਤੇ ਮਿੱਟੀ ਦੀ ਪਰਤ ਹੇਠੋਂ ਵੱਖਰੀ ਤਰ੍ਹਾਂ ਦੇ ਪੁਰਾਤਨ ਖੰਭੇ ਵੀ ਮਿਲੇ ਹਨ, ਜਿਨ੍ਹਾਂ ਦੀ ਖੋਜ ਕਰਨ ‘ਤੇ ਕੋਈ ਵੱਡਾ ਇਤਿਹਾਸਕ ਸੱਚ ਸਾਹਮਣੇ ਆ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭੂਮੀ ਮਾਫ਼ੀਆ ਦੁਆਰਾ ਉਕਤ ਥੇਹਾਂ ਦੇ ਬਾਕੀ ਬਚੇ ਹਿੱਸੇ ਨੂੰ ਵੀ ਜ਼ਮੀਨਦੋਜ਼ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਖ਼ੁਦਾਈ ਨੂੰ ਰੋਕਣ ਲਈ ਪੁਰਾਤਤਵ ਵਿਭਾਗ ਦੁਆਰਾ ਲੰਬਾ ਸਮਾ ਪਹਿਲਾਂ ਥੇਹਾਂ ਦੇ ਪਾਸ ਹੀ ਇਕ ਚਿਤਾਵਨੀ ਬੋਰਡ ਵੀ ਲਗਾਇਆ ਗਿਆ ਸੀ, ਜੋ ਜਲਦੀ ਬਾਅਦ ਭੂਮੀ ਮਾਫ਼ੀਆ ਦੁਆਰਾ ਗ਼ਾਇਬ ਕਰ ਦਿੱਤਾ ਗਿਆ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਇਸ ਖੇਤਰ ਨੂੰ ਪੁਰਾਤਨ ਦਸਤਾਵੇਜ਼ਾਂ ’ਚ ਹਰਸਾ ਚਾਈਨਾ ਭਾਵ ਰਾਜਾ ਹਰਸ਼ ਵਰਧਨ ਦਾ ਚਾਈਨਾ ਲਿਖਿਆ ਗਿਆ ਹੈ, ਜੋ ਕਿ ਸਮੇਂ ਦੇ ਨਾਲ ਵਿਗੜ ਕੇ ਹਰਸਾ ਛੀਨਾ ਬਣ ਗਿਆ। ਪੁਰਾਤਤਵ ਵਿਗਿਆਨੀਆਂ ਦੇ ਅਨੁਸਾਰ ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ 630-635 ਈ. ਦੇ ਦੌਰਾਨ ਇੱਥੋਂ ਲੰਘਿਆ ਅਤੇ ਉਸ ਨੇ ਆਪਣੇ ਸਫ਼ਰਨਾਮੇ ‘ਚ ਇੱਥੇ ਪ੍ਰਸਿੱਧ ਬੋਧੀ ਮੱਠ ਹੋਣ ਦੀ ਪੁਸ਼ਟੀ ਕੀਤੀ, ਜਿਸ ਦੀ ਉਸਾਰੀ ‘ਚ ਸੋਨੇ ਦੀਆਂ ਇੱਟਾਂ ਲਗਾਈਆਂ ਜਾ ਰਹੀਆਂ ਸਨ। ਪ੍ਰਸਿੱਧ ਪੁਰਾਤਤਵ ਵਿਗਿਆਨੀ ਅਲੈਗਜ਼ੈਂਡਰ ਕਨਿੰਘਮ ਨੇ ਵੀ ਆਪਣੀ ਪੁਸਤਕ ‘ਰਿਪੋਰਟ ਆਫ਼ ਏ ਟੂਰ ਈਨ ਦੀ ਪੰਜਾਬ’ ‘ਚ ਇਸ ਇਲਾਕੇ ਨੂੰ ‘ਚਾਈਨਾ-ਪੱਟੀ’ ਦਾ ਨਾਂਅ ਦਿੰਦਿਆਂ ਇਨ੍ਹਾਂ ਥੇਹਾਂ ਸੰਬੰਧੀ ਜਾਣਕਾਰੀ ਦਰਜ ਕੀਤੀ ਹੈ ।