ਬਿਨਾਂ ਨੰਬਰ ਪਲੇਟਾਂ ਤੋਂ ਚੱਲ ਰਹੇ ਬੇਲਗਾਮ ਟਿੱਪਰਾਂ ਦਾ ਸੜਕਾਂ ’ਤੇ ਆਤੰਕ
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਦੀਆਂ ਮੁੱਖ ਸੜਕਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਬਿਨਾਂ ਨੰਬਰ ਪਲੇਟਾਂ ਤੋਂ ਸ਼ਰੇਆਮ ਘੁੰਮ ਰਹੇ ਭਾਰੀ ਟਿੱਪਰ ਅਤੇ ਵਾਹਨ ਆਮ ਰਾਹਗੀਰਾਂ ਲਈ ਵੱਡੀ ਆਫ਼ਤ ਬਣ ਚੁੱਕੇ ਹਨ। ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੇ ਇਹ ਵਾਹਨ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਵਿਗਾੜ ਰਹੇ ਹਨ, ਸਗੋਂ ਕਿਸੇ ਵੱਡੇ ਹਾਦਸੇ ਨੂੰ ਵੀ ਸੱਦਾ ਦੇ ਰਹੇ ਹਨ।
ਬ
ਬਿਨਾਂ ਨੰਬਰ ਪਲੇਟਾਂ ਤੇ ਬਿਨਾਂ ਤਰਪਾਲਾਂ ਤੋਂ ਆਪਣੀ ਮੰਜਿਲ ਵੱਲ ਵਧਦੇ ਹੋਏ ਟਿੱਪਰਾਂ ਦੇ ਵੱਖ-ਵੱਖ ਦ੍ਰਿਸ਼। ਤਸਵੀਰਾਂ : ਹਰਜੀਤ ਸਿੰਘ
23-09-2026
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਦੀਆਂ ਮੁੱਖ ਸੜਕਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਬਿਨਾਂ ਨੰਬਰ ਪਲੇਟਾਂ ਤੋਂ ਸ਼ਰੇਆਮ ਘੁੰਮ ਰਹੇ ਭਾਰੀ ਟਿੱਪਰ ਅਤੇ ਵਾਹਨ ਆਮ ਰਾਹਗੀਰਾਂ ਲਈ ਵੱਡੀ ਆਫ਼ਤ ਬਣ ਚੁੱਕੇ ਹਨ। ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੇ ਇਹ ਵਾਹਨ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਵਿਗਾੜ ਰਹੇ ਹਨ, ਸਗੋਂ ਕਿਸੇ ਵੱਡੇ ਹਾਦਸੇ ਨੂੰ ਵੀ ਸੱਦਾ ਦੇ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਟ੍ਰੈਫਿਕ ਪੁਲਿਸ ਦੇ ਨਾਕੇ ਹੋਣ ਦੇ ਬਾਵਜੂਦ ਇਨ੍ਹਾਂ ਭਾਰੀ ਵਾਹਨਾਂ ਦਾ ਬਿਨ੍ਹਾਂ ਕਿਸੇ ਡਰ ਦੇ ਆਉਣਾਂ ਜਾਣਾ ਜਾਰੀ ਹੈ, ਅਜਿਹੇ ’ਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਬਿਨਾਂ ਨੰਬਰ ਪਲੇਟਾਂ ਵਾਲੇ ਟਿੱਪਰਾਂ ਦਾ ਮੁੱਦਾ ਸਿਰਫ਼ ਟ੍ਰੈਫਿਕ ਨਿਯਮ ਤੋੜਨ ਤੱਕ ਸੀਮਤ ਨਹੀਂ ਹੈ, ਇਹ ਮਾਈਨਿੰਗ ਮਾਫ਼ੀਆ, ਟੈਕਸ ਚੋਰੀ, ਸੜਕੀ ਹਾਦਸਿਆਂ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਕ ਵੱਡਾ ਗੋਰਖਧੰਦਾ ਹੈ, ਜਿਸ ’ਤੇ ਹੁਣ ਪ੍ਰਸ਼ਾਸਨ ਵਲੋਂ ‘ਤੇਲ ਨਾ ਦੇਣ’ ਵਰਗੇ ਸਖ਼ਤ ਆਦੇਸ਼ਾਂ ਰਾਹੀਂ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਾਹਨਾਂ ਦੇ ਅੱਗੇ ਜਾਂ ਪਿੱਛੇ ਕੋਈ ਨੰਬਰ ਪਲੇਟ ਨਹੀਂ ਹੈ ਅਤੇ ਕਈ ਵਾਰ ਨੰਬਰਾਂ ਦੇ ਉੱਪਰ ਜਾਣਬੁੱਝ ਕੇ ਮਿੱਟੀ ਜਾਂ ਗਾਰਾ ਮਲਿਆ ਹੁੰਦਾ ਹੈ, ਤਾਂ ਜੋ ਇਨ੍ਹਾਂ ਦੀ ਪਛਾਣ ਨਾ ਹੋ ਸਕੇ। ਇਹ ਟਿੱਪਰ ਖਾਸ ਕਰਕੇ ਸਵੇਰੇ ਪਹਿਲੇ ਸਮੇਂ ਰੋਜਾਨਾਂ ਹੀ ਅੰਮ੍ਰਿਤਸਰ ਬਾਈਪਾਸ ’ਤੇ ਰੇਤਾਂ/ਬਜਰੀ ਨਾਲ ਭਰੇ ਹੋਏ ਆਮ ਹੀ ਦੇਖੇ ਜਾ ਸਕਦੇ ਹਨ, ਜਿਥੇ ਪੁਲਿਸ ਦੇ ਕਈ ਨਾਕੇ ਵੀ ਹਨ ਪਰ ਇਸ ਦੇ ਬਾਵਜੂਦ ਪੁਲਿਸ ਮੁਲਾਜਮਾਂ ਦੀ ਇਨ੍ਹਾਂ ਵੱਲ ਨਿਗ੍ਹਾ ਸੁਵੱਲੀ ਰਹਿੰਦੀ ਹੈ। ਮਾਈਨਿੰਗ ਮਾਫ਼ੀਆ ਅਤੇ ਟਿੱਪਰ ਚਾਲਕ ਪੁਲਿਸ ਨਾਕਿਆਂ ਅਤੇ ਫ਼ੀਸਾਂ ਤੋਂ ਬਚਣ ਲਈ ਹਾਈਵੇਅ ਛੱਡ ਕੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ ਅਤੇ ਨਵੇਂ ‘ਕੱਚੇ ਰਸਤੇ’ ਵੀ ਤਿਆਰ ਕੀਤੇ ਹੋਏ ਹਨ। ਇਨ੍ਹਾਂ ਭਾਰੀ ਓਵਰਲੋਡਿਡ ਵਾਹਨਾਂ ਦੇ ਲੰਘਣ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਜਾਂਦੀਆਂ ਹਨ। ਇਹ ਸਮੱਸਿਆ ਸਿਰਫ਼ ਆਮ ਜਨਤਾ ਲਈ ਹੀ ਖ਼ਤਰਨਾਕ ਨਹੀਂ ਹੈ, ਸਗੋਂ ਇਨ੍ਹਾਂ ਬਿਨਾਂ ਨੰਬਰਾਂ ਵਾਲੇ ਵਾਹਨਾਂ ਨੂੰ ਚਲਾਉਣ ਵਾਲੇ ਗ਼ਰੀਬ ਡਰਾਈਵਰਾਂ ਦੀ ਜਾਨ ਵੀ ਹਮੇਸ਼ਾ ਜੋਖ਼ਮ ਵਿਚ ਰਹਿੰਦੀ ਹੈ। ਲੋਕਾਂ ਅਨੁਸਾਰ ਇਹ ਟਿੱਪਰ ਆਪਣੀ ਤੈਅ ਸਮਰੱਥਾ ਤੋਂ ਦੁੱਗਣਾ ਮਾਲ ਲੱਦਦੇ ਹਨ ਅਤੇ ਵੱਡੇ ਮਾਈਨਿੰਗ ਮਾਫ਼ੀਆ ਅਤੇ ਟਰਾਂਸਪੋਰਟਰ ਰਾਜਸੀ ਸ਼ਹਿ ਕਾਰਨ ਨਿਯਮਾਂ ਦੀ ਪਰਵਾਹ ਨਹੀਂ ਕਰਦੇ। ਇਥੋਂ ਤੱਕ ਕਿ ਇਹ ਟਿੱਪਰ ਅਕਸਰ ਉੱਪਰੋਂ ਤਰਪਾਲ ਨਾਲ ਢੱਕੇ ਨਹੀਂ ਹੁੰਦੇ ਅਤੇ ਤੇਜ਼ ਰਫ਼ਤਾਰ ਕਾਰਨ ਇਨ੍ਹਾਂ ਵਿਚੋਂ ਉੱਡਦੀ ਰੇਤ ਅਤੇ ਮਿੱਟੀ ਪਿੱਛੇ ਆ ਰਹੇ ਦੋ-ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਂਦੀ ਹੈ, ਜੋ ਹਾਦਸਿਆਂ ਦਾ ਤੁਰੰਤ ਕਾਰਨ ਬਣਦੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਟਿੱਪਰ ਚਾਲਕ ਬਹੁਤ ਹੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਅਤੇ ਵੱਡੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਹਰ ਮੁੱਖ ਮਾਰਗ ਅਤੇ ਟੋਲ ਪਲਾਜ਼ਾ ’ਤੇ ਏਐਨਪੀਆਰ ਕੈਮਰੇ ਲੱਗੇ ਹੋਏ ਹਨ। ਗ਼ੈਰ-ਕਾਨੂੰਨੀ ਮਾਈਨਿੰਗ ਦੀ ਰੇਤ/ਬੱਜਰੀ ਲਿਜਾਣ ਵਾਲੇ ਟਿੱਪਰ ਇਨ੍ਹਾਂ ਕੈਮਰਿਆਂ ਦੀ ਕੈਦ ’ਚ ਆਉਣ ਤੋਂ ਬਚਣ ਲਈ ਨੰਬਰ ਪਲੇਟਾਂ ਲਾਹ ਦਿੰਦੇ ਹਨ। ਲੋਕਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਅਜਿਹੇ ਵਾਹਨ ਜ਼ਿਆਦਾਤਰ ਗ਼ੈਰ-ਕਾਨੂੰਨੀ ਮਾਈਨਿੰਗ (ਨਾਜਾਇਜ਼ ਰੇਤ ਖੁਦਾਈ) ਜਾਂ ਓਵਰਲੋਡਿੰਗ ਦੇ ਧੰਦੇ ’ਚ ਸ਼ਾਮਿਲ ਹੁੰਦੇ ਹਨ। ਨੰਬਰ ਪਲੇਟ ਨਾ ਹੋਣ ਕਾਰਨ ਜੇਕਰ ਇਹ ਵਾਹਨ ਸੜਕ ’ਤੇ ਕਿਸੇ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਜਾਣ, ਤਾਂ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੀ ਇਨ੍ਹਾਂ ਨੂੰ ਟ੍ਰੇਸ ਕਰਨਾ ਅਸੰਭਵ ਹੋ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ ਪੀੜਤਾਂ ਨੂੰ ਇਨਸਾਫ਼ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਬਿਨਾਂ ਨੰਬਰ ਪਲੇਟਾਂ ਵਾਲੇ ਇਹ ਟਿੱਪਰ ਸਿਰਫ਼ ਸੜਕੀ ਹਾਦਸਿਆਂ ਦਾ ਕਾਰਨ ਹੀ ਨਹੀਂ ਬਣਦੇ, ਸਗੋਂ ਇਹ ਸਰਕਾਰੀ ਬੁਨਿਆਦੀ ਢਾਂਚੇ ਨੂੰ ਵੀ ਵੱਡੀ ਸੱਟ ਮਾਰਦੇ ਹਨ। ਸਥਾਨਕ ਸਮਾਜ ਸੇਵੀਆਂ ਨੇ ਮੰਗ ਕੀਤੀ ਹੈ ਕਿ ਮੋਟਰ ਵਾਹਨ ਐਕਟ ਦੇ ਤਹਿਤ ਇਨ੍ਹਾਂ ਵਾਹਨਾਂ ਖ਼ਿਲਾਫ਼ ਤੁਰੰਤ ਸਖ਼ਤ ਮੁਹਿੰਮ ਵਿੱਢੀ ਜਾਵੇ, ਵਾਹਨਾਂ ਨੂੰ ਜ਼ਬਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਮਾਲਕਾਂ ’ਤੇ ਭਾਰੀ ਜੁਰਮਾਨੇ ਕੀਤੇ ਜਾਣ ਤਾਂ ਜੋ ਸੜਕਾਂ ‘ਤੇ ਨਿਰਦੋਸ਼ ਲੋਕਾਂ ਦੀ ਜਾਨ ਸੁਰੱਖਿਅਤ ਰਹਿ ਸਕੇ।