ਬੀ.ਆਰ.ਟੀ.ਐੱਸ. ਲਾਂਘੇ ’ਚੋਂ ਗਰਿੱਲਾਂ ਤੇ ਸਟੇਸ਼ਨ ਹਟਾਉਣ ’ਤੇ ਹਾਈ ਕੋਰਟ ਨੇ ਲਗਾਈ ਰੋਕ
ਅੰਮ੍ਰਿਤਸਰ, 22 ਸਤੰਬਰ (ਹਰਮਿੰਦਰ ਸਿੰਘ)-600 ਕਰੋੜ ਦੇ ਪ੍ਰੋਜੈਕਟ ਬੀ. ਆਰ.
ਅੰਮ੍ਰਿਤਸਰ, 22 ਸਤੰਬਰ (ਹਰਮਿੰਦਰ ਸਿੰਘ)-600 ਕਰੋੜ ਦੇ ਪ੍ਰੋਜੈਕਟ ਬੀ.ਆਰ.ਟੀ.ਐੱਸ. ਨੂੰ ਖਤਮ ਕਰਨ ਅਤੇ ਇਸ ਦੇ ਵਿਸ਼ੇਸ਼ ਲਾਂਘੇ ਨੂੰ ਹਟਾਉਣ ਦਾ ਕੰਮ ਠੇਕੇ ’ਤੇ ਦਿੱਤਾ ਗਿਆ ਸੀ। ਇਸ ਸੰਬੰਧੀ ਨਗਰ ਨਿਗਮ ਵਲੋਂ ਪਹਿਲਾਂ ਟੈਂਡਰ ਲਗਾਏ ਗਏ ਸਨ ਅਤੇ ਲਾਂਘੇ ’ਚੋਂ ਗਰਿੱਲਾਂ ਅਤੇ ਸਟੇਸ਼ਨ ਹਟਾਉਣ ਦਾ ਕੰਮ ਠੇਕੇਦਾਰਾਂ ਵਲੋਂ 99 ਫੀਸਦੀ ਰਿਆਇਤ ’ਤੇ ਕਰਨ ਲਈ ਟੈਂਡਰ ਭਰੇ ਗਏ। ਇਸ ਦੇ ਬਦਲੇ ’ਚ ਠੇਕੇਦਾਰਾਂ ਨੂੰ ਉਪਰੋਕਤ ਲਾਂਘੇ ’ਚ ਲੱਗਿਆ ਸਾਰਾ ਲੋਹਾ ਮਿਲ ਰਿਹਾ ਸੀ ਜਿਸ ਦੀ ਕੀਮਤ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ ਅਤੇ ਆਖਰਕਾਰ ਬੀ.ਆਰ.ਟੀ.ਐੱਸ. ਦਾ ਮਾਮਲਾ ਮਾਣਯੋਗ ਹਾਈਕੋਰਟ ’ਚ ਪਹੁੰਚ ਗਿਆ ਅਤੇ ਅੱਜ ਹਾਈਕੋਰਟ ਕੋਰਟ ਵਲੋਂ ਬੀ.ਆਰ.ਟੀ.ਐੱਸ. ਲਾਂਘੇ ਦੀਆਂ ਗਰਿੱਲਾਂ ਅਤੇ ਸਟੇਸ਼ਨ ਹਟਾਉਣ ਦੇ ਕੰਮ ’ਤੇ ਰੋਕ ਲਗਾ ਦਿੱਤੀ ਹੈ। ਇਥੇ ਦੱਸਣਾ ਬਣਦਾ ਹੈ ਕਿ ਬੀ.ਆਰ.ਟੀ.ਐੱਸ. ਪ੍ਰੋਜੈਕਟ ਤਹਿਤ ਅੰਮ੍ਰਿਤਸਰ ਮੈਟਰੋ ਬੱਸ ਸੇਵਾ 2016 ’ਚ ਸ਼ੁਰੂ ਕੀਤੀ ਗਈ ਸੀ। ਪਰ 2 ਜੁਲਾਈ 2023 ਨੂੰ ਇਹ ਸੇਵਾ ਬੰਦ ਹੋ ਗਈ। ਇਸ ਸੇਵਾ ਨੂੰ ਠੇਕੇ ’ਤੇ ਚਲਾਉਣ ਵਾਲੀ ਕੰਪਨੀ ਅਚਾਨਕ ਭੱਜ ਗਈ ਸੀ। ਉਸ ਤੋਂ ਬਾਅਦ ਬੀ.ਆਰ.ਟੀ.ਐੱਸ. ਲਾਂਘੇ ਨੂੰ ਖਤਮ ਕਰਨ ਦੀਆਂ ਗੱਲਾਂ ਚੱਲਣ ਲੱਗ ਪਈਆਂ ਅਤੇ ਇਸ ਸੰਬੰਧ ਵਿਚ ਸਮੇਂ ਸਮੇਂ ਸਰਕਾਰ ’ਚ ਮੰਤਰੀਆਂ, ਵਿਧਾਇਕਾਂ ਅਤੇ ਸਰਕਾਰੀ ਅਧਿਕਾਰੀਆਂ ’ਚ ਕਈ ਬੈਠਕਾਂ ਹੋਈਆਂ ਅਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਆਏ 7 ਸਤੰਬਰ ਨੂੰ ਆਏ ਆਦੇਸ਼ਾਂ ਤੋਂ ਬਾਅਦ 9 ਸਤੰਬਰ ਨੂੰ ਬੀ.ਆਰ.ਟੀ.ਐੱਸ.. ਲਾਂਘੇ ’ਚੋਂ ਗਰਿੱਲਾਂ ਅਤੇ ਬੱਸ ਸਟੇਸ਼ਨ ਤੋੜਣ ਦਾ ਕੰਮ ਸ਼ੁਰੂ ਹੋਇਆ। ਉਸ ਵੇਲੇ ਤੋਂ ਇਸ ਸੰਬੰਧੀ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਅਤੇ ਉਕਤ ਮਾਮਲੇ ਨੂੰ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਣਯੋਗ ਹਾਈਕੋਰਟ ਵਿਚ ਪਹੁੰਚਿਆ ਗਿਆ। ਜਿਸ ’ਤੇ ਮਾਣਯੋਗ ਹਾਈਕੋਰਟ ਵਲੋਂ ਹਾਲ ਕੀ ਘੜੀ ਬੀ.ਆਰ.ਟੀ.ਐੱਸ. ਲਾਂਘੇ ਅਤੇ ਬੱਸ ਸਟੇਸ਼ਨ ਤੋੜਨ ਦੇ ਕੰਮ ’ਤੇ ਰੋਕ ਲਗਾ ਦਿੱਤੀ ਹੈ। ਇਸ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਮੁੜ ਹੋਵੇਗੀ। ਜਿਸ ਦੀ ਪੁਸ਼ਟੀ ਨਗਰ ਨਿਗਮ ਦੇ ਕਾਨੂੰਨੀ ਸਲਾਹਕਾਰ ਅੰਮ੍ਰਿਤਪਾਲ ਸਿੰਘ ਵਲੋਂ ਵੀ ਕੀਤੀ ਗਈ। ਜਿਨ੍ਹਾਂ ਨੇ ਕਿਹਾ ਉਪਰੋਕਤ ਮਾਮਲੇ ਸੰਬੰਧੀ ਅਜੇ ਸਟੇਅ ਹੋਇਆ ਹੈ।