ਅੰਮ੍ਰਿਤਸਰ, 11 ਅਗਸਤ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਅਲੌਕਿਕ ਕੀਰਤਨ ਦਰਬਾਰ ’ਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ, ਵਿਦਿਆਰਥੀਆਂ ਤੇ ਦੀਵਾਨ ਮੈਂਬਰਾਂ ਨੂੰ ਵੱਖ ਵੱਖ ਕੀਰਤਨੀ ਜਥਿਆਂ ਤੇ ਕਥਾਵਾਚਕਾਂ ਨੇ ਗੁਰਬਾਣੀ ਕਥਾ ਕੀਰਤਨ ਸਰਵਨ ਕਰਵਾ ਕੇ ਨਿਹਾਲ ਕੀਤਾ ਅਤੇ ਸਜਾਏ ਗਏ ਵਿਸ਼ਾਲ ਪੰਡਾਲ ਵਿਚ ਗੁਰਬਾਣੀ ਦੀਆਂ ਵਿਸਮਾਦੀ ਧੁਨਾਂ ਦੀ ਗੂੰਜ ਨਾਲ ਰੂਹਾਨੀ ਵਾਤਾਵਰਣ ਸਿਰਜਿਆ ਗਿਆ। ਦੀਵਾਨ ਦੇ ਸਥਾਨ ਜੀ. ਟੀ. ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਜਾਏ ਇਸ ਕੀਰਤਨ ਦਰਬਾਰ ਦੀ ਆਰੰਭਤਾ ਭਾਈ ਗੁਰਦੀਪ ਸਿੰਘ ਸਲੂਜਾ ਗੁ: ਬੀਬੀ ਕੌਲਾਂ ਜੀ ਸੁਖਮਨੀ ਸਾਹਿਬ ਸੁਸਾਇਟੀ ਅਤੇ ਸਾਥੀਆਂ ਵਲੋਂ ਰਸਭਿੰਨੇ ਸ਼ਬਦ ਨਾਲ ਕੀਤੀ ਗਈ। ਉਪਰੰਤ ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਰਾਗੀ ਜਥੇ ਅਤੇ ਬੀਬੀ ਪ੍ਰਭਜੋਤ ਕੌਰ ਬਟਾਲਾ ਅਤੇ ਹੋਰ ਗੁਰਮਤਿ ਸੰਗੀਤ ਅਧਿਆਪਕਾਂ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਮੁਖੀ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਵੱਖ ਵੱਖ ਸੀ.ਕੇ.ਡੀ ਸਕੂਲਾਂ ਦੇ ਵਿਦਿਆਰਥੀਆਂ ਦੇ ਕੀਰਤਨੀ ਜਥਿਆਂ ਦੀਆਂ ਟੀਮਾਂ ਵਲੋਂ ਸਮੂਹਿਕ ਰੂਪ ਵਿਚ ਅੰਮ੍ਰਿਤਮਈ ਬਾਣੀ ਦੇ ਕਥਾ ਕੀਰਤਨ ਦੀ ਛਹਿਬਰ ਲਗਾਉਂਦਿਆਂ ਸੰਗਤਾਂ ਦੇ ਤਪਦੇ ਹਿਰਦਿਆਂ ਨੂੰ ਠਾਰਿਆ ਗਿਆ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਦੀਵਾਨ ਦਾ ਉਦੇਸ਼ ਅਜਿਹੀ ਪੀੜ੍ਹੀ ਤਿਆਰ ਕਰਨਾ ਹੈ ਜੋ ਪੜ੍ਹਾਈ ਵਿਚ ਅੱਗੇ ਹੋਵੇ ਪਰ ਆਪਣੇ ਸ਼ਾਨਾਮੱਤੇ ਵਿਰਸੇ ਤੋਂ ਪਿੱਛੇ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਪੀੜ੍ਹੀ ਆਧੁਨਿਕ ਤਕਨਾਲੋਜੀ ਨੂੰ ਸਮਝੇ ਪਰ ਗੁਰਬਾਣੀ ਨਾਲ ਵੀ ਜੁੜੀ ਰਹੇ, ਵੱਡੇ ਅਹੁਦਿਆਂ ‘ਤੇ ਪੁੱਜੇ ਪਰ ਨਿਮਰਤਾ ਨਾ ਛੱਡੇ ਅਤੇ ਆਪਣੀ ਸਫਲਤਾ ਨੂੰ ਸਮਾਜ ਅਤੇ ਮਨੁੱਖਤਾ ਦੀ ਸੇਵਾ ਲਈ ਵਰਤੇ। ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਅਤੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਕਿਹਾ ਕਿ ਕੀਰਤਨ ਦਰਬਾਰ ਦਾ ਮੰਤਵ ਆਧੁਨਿਕ ਪੀੜ੍ਹੀ ਨੂੰ ਆਪਣੇ ਪੁਰਾਤਨ ਸਿੱਖ ਸਿਧਾਂਤਾ ਅਤੇ ਵਿਰਾਸਤ ਨਾਲ ਜੋੜਨਾ ਹੈ । ਇਸ ਅਲੌਕਿਕ ਕੀਰਤਨ ਦਰਬਾਰ ਵਿਚ ਦੀਵਾਨ ਦੇ ਪੰਜ ਸੀਨੀਅਰ ਮੈਂਬਰਾਂ, ਰਾਜ ਮਹਿੰਦਰ ਸਿੰਘ ਮਜੀਠਾ (ਸਰਪ੍ਰਸਤ), ਪ੍ਰਿੰਸੀਪਲ ਜਗਦੀਸ਼ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ ਚੌਹਾਨ ਅਤੇ ਜੀਤ ਸਿੰਘ ਸਰਾਫ਼ ਨੂੰ ਉਨ੍ਹਾਂ ਦੀਆਂ ਦੀਵਾਨ ਪ੍ਰਤੀ ਨਿਭਾਈਆਂ ਗਈਆਂ ਵੱਡਮੁੱਲੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਸ ਸਾਲ +2 (ਸੀ.ਬੀ.ਐੱਸ.ਈ) ਦੇ ਨਤੀਜਿਆਂ ਵਿਚ ਜੀ.ਟੀ. ਰੋਡ ਸਕੂਲ ਦੀ ਵਿਦਿਆਰਥਣ ਜਪਜੀਤ ਕੌਰ (ਮੈਡੀਕਲ) ਵਲੋਂ ਪੰਜਾਬ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਟਾਪਰ ਬਨਣ ਅਤੇ ਮਜੀਠਾ ਰੋਡ ਬਾਈਪਾਸ ਸਕੂਲ ਦੇ ਵਿਦਿਆਰਥੀ ਰਿਸ਼ਾਂਕ ਸ਼ਰਮਾ (ਨਾਨ-ਮੈਡੀਕਲ) ਵਲੋਂ ਪੰਜਾਬ ਵਿਚ ਤੀਸਰਾ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਕਰਨ ਅਤੇ ਸੀ.ਕੇ.ਡੀ ਹੁਸ਼ਿਆਰਪੁਰ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਰੀਆ ਰਾਣੀ ਨੂੰ ਪੰਜਾਬ ਬੋਰਡ ਵਿਚ ਸੂਬੇ ਵਿਚ ਤੀਸਰੀ ਪੁਜ਼ੀਸ਼ਨ, ਹਾਸਲ ਕਰਨ ਤੇ ਸਨਮਾਨਿਤ ਕੀਤਾ ਗਿਆ । ਗੁਰਮਤਿ ਸੰਗੀਤ ਵਿਚ ਪੰਜਾਬ ਪੱਧਰ ‘ਤੇ ਨਾਮਣਾ ਖੱਟਣ ਵਾਲੇ ਮਜੀਠਾ ਰੋਡ ਬਾਈਪਾਸ ਸਕੂਲ ਦੇ ਵਿਦਿਆਰਥੀ ਸ਼ਬਦ ਅਰੋੜਾ ਨੂੰ ਵੀ ਸਨਮਾਨਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਵਿਸ਼ਾਲ ਕੀਰਤਨ ਦਰਬਾਰ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਲੰਗਰ ਦੀ ਅਤੁੱਟ ਸੇਵਾ ਨਿਭਾਈ ਗਈ ਅਤੇ ਏਕਜੋਤ ਲੰਗਰ ਸੇਵਾ ਸੁਸਾਇਟੀ ਵਲੋਂ ਜੂਠੇ ਪੱਤਲਾਂ ਦੀ ਸੇਵਾ ਕੀਤੀ ਗਈ। ਸਟੇਜ ਦਾ ਸੰਚਾਲਨ ਧਾਰਮਿਕ ਅਧਿਆਪਕ ਬੀਬੀ ਸੁਖਜੀਤ ਕੌਰ ਅਤੇ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਕੀਤਾ। ਕਰੀਬ 6 ਘੰਟੇ ਤੱਕ ਚੱਲੇ ਇਸ ਕੀਰਤਨ ਦਰਬਾਰ ਵਿਚ ਪ੍ਰਧਾਨ ਡਾ. ਨਿੱਜਰ, ਮੀਤ ਪ੍ਰਧਾਨ ਸ. ਸੇਠੀ ਤੇ ਆਨ: ਸਕੱਤਰ ਫ੍ਰੀਡਮ ਤੋਂ ਇਲਾਵਾ ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸੱਕਤਰ ਸਵਿੰਦਰ ਸਿੰਘ ਕੱਥੂਨੰਗਲ,ਵਧੀਕ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਹਰਜੀਤ ਸਿੰਘ, ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਡਾ: ਸੂਬਾ ਸਿੰਘ, ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’, ਡਾ: ਆਤਮਜੀਤ ਸਿੰਘ ਬਸਰਾ, ਰਣਜੀਤ ਸਿੰਘ ਦੁਸਾਂਝ, ਇੰਜੀ: ਜਸਪਾਲ ਸਿੰਘ, ਤਜਿੰਦਰ ਸਿੰਘ ਖ਼ਾਲਸਾ, ਮਨਮੋਹਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਦੀਵਾਨ ਮੈਂਬਰ, ਸਟਾਫ, ਵੱਖ ਵੱਖ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।