ਚੋਰਾਂ ਨੇ ਘਰ ਵਿਚੋਂ ਨਕਦੀ ਤੇ ਲੱਖਾਂ ਰੁਪਏ ਦੇ ਗਹਿਣੇ ਕੀਤੇ ਚੋਰੀ
ਗੁਰਦਾਸਪੁਰ, 11 ਨਵੰਬਰ (ਚੱਕਰਾਜਾ)- ਭਾਰਤ-ਪਾਕਿਸਤਾਨ ਸਰਹੱਦ ਦੇ ਅਖੀਰਲੇ ਕਸਬਾ ਦੋਰਾਂਗਲਾ ਦਾ ਇਕ ਕਿਸਾਨ ਜੋ ਕਿ ਮੰਡੀ ਵਿਚ ਫਸਲ ਵੇਚਣ ਲਈ ਗਿਆ ਹੋਇਆ ਸੀ ਤੇ ਪਰਿਵਾਰ ਦੇ ਬਾਕੀ ਮੈਂਬਰ ਵਿਆਹ ਸਮਾਗਮ ਵਿਚ ਗਏ ਹੋਏ ਸਨ ਤੇ ਘਰ ਵਿਚ ਇਕੱਲੀ ਉਨ੍ਹਾਂ ਦੀ ਬਜ਼ੁਰਗ ਮਾਤਾ ਮੌਜੂਦ ਸੀ । ਚੋਰਾਂ ਨੇ ਇਸ ਦਾ ਫਾਇਦਾ ਚੁੱਕਦੇ ਹੋਏ ਦਿਨ ਦਿਹਾੜੇ ਹੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਗੁਰਦਾਸਪੁਰ, 11 ਨਵੰਬਰ (ਚੱਕਰਾਜਾ)- ਭਾਰਤ-ਪਾਕਿਸਤਾਨ ਸਰਹੱਦ ਦੇ ਅਖੀਰਲੇ ਕਸਬਾ ਦੋਰਾਂਗਲਾ ਦਾ ਇਕ ਕਿਸਾਨ ਜੋ ਕਿ ਮੰਡੀ ਵਿਚ ਫਸਲ ਵੇਚਣ ਲਈ ਗਿਆ ਹੋਇਆ ਸੀ ਤੇ ਪਰਿਵਾਰ ਦੇ ਬਾਕੀ ਮੈਂਬਰ ਵਿਆਹ ਸਮਾਗਮ ਵਿਚ ਗਏ ਹੋਏ ਸਨ ਤੇ ਘਰ ਵਿਚ ਇਕੱਲੀ ਉਨ੍ਹਾਂ ਦੀ ਬਜ਼ੁਰਗ ਮਾਤਾ ਮੌਜੂਦ ਸੀ । ਚੋਰਾਂ ਨੇ ਇਸ ਦਾ ਫਾਇਦਾ ਚੁੱਕਦੇ ਹੋਏ ਦਿਨ ਦਿਹਾੜੇ ਹੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰ ਘਰ ਦੇ ਕਮਰੇ ਦੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਲੱਖਾਂ ਰੁਪਏ ਦੀ ਕੀਮਤ ਦੇ ਕਰੀਬ 10 ਤੋਲੇ ਗਹਿਣੇ ਤੇ ਨਕਦੀ ਚੋਰੀ ਕਰਕੇ ਦਿਨ ਦਿਹਾੜੇ ਹੀ ਫਰਾਰ ਹੋ ਗਏ। ਜਦੋਂ ਕਿਸਾਨ ਦਾ ਪੁੱਤਰ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦੇ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ, ਬੈੱਡ ਅਤੇ ਅਲਮਾਰੀਆਂ ਵੀ ਖੁੱਲ੍ਹੀਆਂ ਹੋਈਆਂ ਸਨ । ਜਦੋਂ ਉਸ ਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਤੇ ਪਰਿਵਾਰ ਨੂੰ ਦਿੱਤੀ ਤਾਂ ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਵੇਖ ਕੇ ਹੋਸ਼ ਉੱਡ ਗਏ । ਘਰ ਦੇ ਅੰਦਰੋਂ ਸਾਰੇ ਗਹਿਣੇ ਤੇ ਨਕਦੀ ਲੈ ਕੇ ਚੋਰ ਉਥੋਂ ਫਰਾਰ ਹੋ ਗਏ ਸਨ । ਚੋਰੀ ਦੀ ਵਾਰਦਾਤ ਤੋਂ ਬਾਅਦ ਆਸ-ਪਾਸ ਇਲਾਕੇ ਦੇ ਵਿਚ ਸਹਿਮ ਦਾ ਮਾਹੌਲ ਹੈ । ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਥਾਣਾ ਮੁਖੀ ਪ੍ਰਥਮ ਪਠਾਨੀਆ ਮੌਕੇ ’ਤੇ ਪਹੁੰਚੇ ਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੇ ਜਾ ਰਹੇ ਹਨ । ਉਨ੍ਹਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਲਦ ਹੀ ਆਸ-ਪਾਸ ਕੈਮਰਿਆਂ ਦੀ ਮਦਦ ਦੇ ਨਾਲ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਤੇ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇਗੀ ਪਰ ਮੌਕੇ ’ਤੇ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਮਿੰਟੂ ਨੇ ਕਿਹਾ ਕਿ ਜਿਸ ਤਰ੍ਹਾਂ ਚੋਰਾਂ ਨੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਤੇ ਲੱਖਾਂ ਰੁਪਏ ਦੇ ਕੀਮਤੀ ਗਹਿਣੇ ਤੇ ਨਕਦੀ ਲੈ ਕੇ ਮੌਕੇ ਤੋਂ ਰਫੂਚੱਕਰ ਹੋ ਗਏ ਹਨ, ਉਸ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ । ਸਰਪੰਚ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤ ਵਿਚ ਲਿਆ ਜਾਵੇ ਤੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ’ਤੇ ਕਾਬੂ ਪਾਇਆ ਜਾ ਸਕੇ ।