ਨਵੀ ਲਾਲੀਆ ਵਲੋਂ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ 5 ਲੱਖ ਦੀ ਮਾਲੀ ਮਦਦ ਦਾ ਐਲਾਨ
ਕਾਹਨੂੰਵਾਨ, 23 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਸੋਸ਼ਲ ਮੀਡੀਆ ਇਨਫਲੂਐਂਸਰ ਤੇ ਕੈਨੇਡਾ ਵਸਦੇ ਐਨ. ਆਰ.
ਕਾਹਨੂੰਵਾਨ, 23 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਸੋਸ਼ਲ ਮੀਡੀਆ ਇਨਫਲੂਐਂਸਰ ਤੇ ਕੈਨੇਡਾ ਵਸਦੇ ਐਨ.ਆਰ.ਆਈ. ਪਰਿਵਾਰ ਦੇ ਮੁਖੀ ਨਵੀ ਲਾਲੀਆ ਨੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਵਾਸੀ ਸੁਨਾਮ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਝੋਟਾ ਨਾਲ ਵਾਪਰੀ ਘਟਨਾ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਨਵੀ ਲਾਲੀਆ ਵਲੋਂ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਨਵੀ ਲਾਲੀਆ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਝੰਡਾ ਲਬਾਣਾ ਦੇ ਮਾਸਟਰ ਸੋਹਣ ਸਿੰਘ ਦੇ ਸਪੁੱਤਰ ਹਨ। ਉਹ ਅੱਜ ਕੱਲ੍ਹ ਆਪਣੇ ਪਰਿਵਾਰ ਸਮੇਤ ਬਰੈਂਪਟਨ, ਕੈਨੇਡਾ ਵਿੱਚ ਰਹਿ ਰਹੇ ਹਨ। ਨਵੀ ਲਾਲੀਆ ਤੇ ਉਨ੍ਹਾਂ ਦੇ ਪਰਿਵਾਰ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲੱਖਾਂ ਦੀ ਗਿਣਤੀ ਵਿਚ ਫਾਲੋਅਰਜ਼ ਹਨ। ਉਹ ਵੱਖ- ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਖੰਡੀ ਬਾਬਾ ਦੇ ਨਾਂਅ ‘ਤੇ ਮਸ਼ਹੂਰ ਹਨ।