‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਪੰਡਤ ਮੋਹਨ ਲਾਲ ਕਾਲਜ ਦੀਆਂ ਵਿਦਿਆਰਥਣਾਂ ਨੇ ਗੱਡੇ ਝੰਡੇ
8 ਖਿਡਾਰਨਾਂ ਸੂਬਾ ਪੱਧਰ ਲਈ ਚੁਣੀਆਂ : ਪ੍ਰਿੰਸੀਪਲ ਮ੍ਰਿਣਾਲ ਗੁਪਤਾ
ਫ਼ਤਹਿਗੜ੍ਹ ਚੂੜੀਆਂ, 16 ਅਕਤੂਬਰ (ਐਮ. ਐਸ.
ਫ਼ਤਹਿਗੜ੍ਹ ਚੂੜੀਆਂ, 16 ਅਕਤੂਬਰ (ਐਮ.ਐਸ.ਫੁੱਲ)-ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ। ਇਸ ਮੁਕਾਬਲੇ ’ਚ ਕਾਲਜ ਦੀਆਂ 2 ਟੀਮਾਂ ਨੇ ਭਾਗ ਲਿਆ ਜਿਨਾਂ ’ਚੋਂ ਅੰਡਰ-21 ਤੋਂ 30 ਉਮਰ ਵਰਗ ਵਿਚ ਪਹਿਲਾ ਤੇ ਅੰਡਰ-21 ਵਰਗ ’ਚੋਂ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੀਆਂ ਟੀਮਾਂ ਨੂੰ ਪਛਾੜ ਕੇ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਦੋਹਰੀ ਪ੍ਰਾਪਤੀ ਦੇ ਨਾਲ-ਨਾਲ ਮਾਣ ਵਾਲੀ ਗੱਲ ਇਹ ਹੈ ਕਿ ਕਾਲਜ ਦੀਆਂ 8 ਹੋਣਹਾਰ ਖਿਡਾਰਨਾਂ ਦੀ ਚੋਣ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਹੈ। ਇਸ ਸ਼ਾਨਦਾਰ ਸਫ਼ਲਤਾ ’ਤੇ ਕਾਲਜ ਦੀ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਜੇਤੂ ਵਿਦਿਆਰਥੀਆਂ ਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਇੰਚਾਰਜ ਰਮਨਦੀਪ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧੀਆਂ ’ਤੇ ਮਾਣ ਹੈ ਅਤੇ ਉਨ੍ਹਾਂ ਨੇ ਸੂਬਾ ਪੱਧਰ ’ਤੇ ਚੁਣੀਆਂ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕੇ ਉਮੀਦ ਹੈ ਕੇ ਅਗਲੇਰੇ ਮੁਕਾਬਲਿਆਂ ਵਿਚ ਵੀ ਬਿਹਤਰੀਨ ਪ੍ਰਦਰਸ਼ਨ ਸਦਕਾ ਕਾਲਜ ਦਾ ਨਾਂਅ ਰਾਜ ਪੱਧਰ ’ਤੇ ਵੀ ਰੌਸ਼ਨ ਹੋਵੇਗਾ।