ਘਰੋਟਾ-ਦੀਨਾਨਗਰ ਸੜਕ ’ਤੇ ਨਿਰਮਾਣ ਅਧੀਨ ਪੁਲੀਆਂ ’ਤੇ ਬੀ.ਐਸ.ਐਨ.ਐਲ. ਦੇ ਖੱਡੇ ਬਣੇ ਹਾਦਸੇ ਦਾ ਕਾਰਨ-ਲੋਕ ਪ੍ਰੇਸ਼ਾਨ
* ਨੋਟਿਸ ਬੋਰਡ ਜਾਂ ਚਿਤਾਵਨੀ ਸੰਕੇਤ ਨਹੀਂ-ਰਾਤ ਸਮੇਂ ਵੱਧ ਰਿਹਾ ਹਾਦਸਿਆਂ ਦਾ ਖਤਰਾ
ਘਰੋਟਾ, 7 ਅਗਸਤ (ਸੰਜੀਵ ਗੁਪਤਾ)-ਘਰੋਟਾ-ਦੀਨਾਨਗਰ ਮੁੱਖ ਸੜਕ ’ਤੇ ਨਿਰਮਾਣ ਅਧੀਨ ਪੁਲੀ ’ਤੇ ਬੀ. ਐਸ.
ਘਰੋਟਾ, 7 ਅਗਸਤ (ਸੰਜੀਵ ਗੁਪਤਾ)-ਘਰੋਟਾ-ਦੀਨਾਨਗਰ ਮੁੱਖ ਸੜਕ ’ਤੇ ਨਿਰਮਾਣ ਅਧੀਨ ਪੁਲੀ ’ਤੇ ਬੀ.ਐਸ.ਐਨ.ਐਲ. ਵਲੋਂ ਕੱਢੇ ਖੱਡੇ ਰਾਹਗੀਰਾਂ ਲਈ ਹਾਦਸੇ ਦਾ ਕਾਰਨ ਬਣੇ ਹੋਏ ਹਨ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਨਾ ਤਾਂ ਕੋਈ ਸਪੱਸ਼ਟ ਨੋਟਿਸ ਬੋਰਡ, ਨਾ ਹੀ ਚਿਤਾਵਨੀ ਸੰਕੇਤ ਦਿਖਾਈ ਦੇ ਰਹੇ ਹਨ, ਜਿਸ ਕਾਰਨ ਖਾਸ ਕਰਕੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਸਥਿਤੀ ਦਾ ਪਤਾ ਨਹੀਂ ਲੱਗਦਾ । ਆਏ ਦਿਨ ਲੋਕ ਹਾਦਸਾਗ੍ਰਸਤ ਹੋ ਰਹੇ ਹਨ । ਇਸ ਸਬੰਧੀ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਧੀਰ ਸਿੰਘ ਸਿੱਧੂ, ਲੰਬੜਦਾਰ ਬਲਜੀਤ ਸਿੰਘ ਤੇ ਸਰਬਜੀਤ ਸਿੰਘ ਨੇ ਕਿਹਾ ਕਿ ਸੜਕ ਕਿਨਾਰੇ ਖੱਡੇ ਆਉਣ-ਜਾਣ ਵਾਲੇ ਲੋਕਾਂ ਲਈ ਮੌਤ ਦਾ ਕਾਰਨ ਬਣਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਰਾਤ ਸਮੇਂ ਦੂਰੋਂ ਕੋਈ ਸੰਕੇਤ ਨਾ ਮਿਲਣ ਕਾਰਨ ਵਾਹਨ ਚਾਲਕ ਅਚਾਨਕ ਇਸ ਦੇ ਸਾਹਮਣੇ ਆ ਜਾਂਦੇ ਹਨ ਅਤੇ ਹਾਦਸੇ ਵਾਪਰ ਰਹੇ ਹਨ । ਆਗੂਆਂ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਪ੍ਰਸ਼ਾਸਨ ਨੂੰ ਹੋਰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ । ਉਕਤ ਆਗੂਆਂ ਨੇ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਮੌਕੇ ’ਤੇ ਤੁਰੰਤ ਕੰਮ ਵਾਲੇ ਸਥਾਨ ’ਤੇ ਸੂਚਨਾ ਬੋਰਡ, ਰਿਫਲੈਕਟਰ, ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਦੂਰੋਂ ਹੀ ਖਤਰੇ ਦਾ ਪਤਾ ਲੱਗ ਸਕੇ ।