ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ
ਬਲਾਚੌਰ, 11 ਅਕਤੂਬਰ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਬੱਲੋਵਾਲ ਸੌਂਖੜੀ ਵਿਖੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਐੱਸ. ਬੀ.
ਬਲਾਚੌਰ, 11 ਅਕਤੂਬਰ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਬੱਲੋਵਾਲ ਸੌਂਖੜੀ ਵਿਖੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਐੱਸ. ਬੀ. ਐੱਸ. ਨਗਰ ਵਲੋਂ ਜ਼ਿਲ੍ਹਾ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਇਸ ਦੀ ਰੋਕਥਾਮ ਸੰਬੰਧੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ। ਇਸ ਮੌਕੇ ਡੀ. ਐੱਸ. ਪੀ. ਅਮਨਦੀਪ ਸੌਂਧੀ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਦੇ ਗੰਭੀਰ ਸਮਾਜਿਕ, ਸਰੀਰਕ ਤੇ ਮਾਨਸਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਤੇ ਉਸਾਰੂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿਚ ਵਿਦਿਅਕ ਸੰਸਥਾਵਾਂ, ਮਾਪਿਆਂ, ਅਧਿਆਪਕਾਂ, ਪੁਲਿਸ ਤੇ ਸਮਾਜ ਦੀ ਸਾਂਝੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇੰਸਪੈਕਟਰ ਰੁਬਨੀਵ ਸਿੰਘ ਬਾਜਵਾ, ਐੱਸ. ਐੱਚ. ਓ. ਬਲਾਚੌਰ ਸਦਰ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਨਸ਼ਿਆਂ ਨਾਲ ਜੁੜੇ ਮਾੜੇ ਪ੍ਰਭਾਵਾਂ ਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਡਾ. ਮਨਮੋਹਨਜੀਤ ਸਿੰਘ ਡੀਨ ਪੀ. ਏ. ਯੂ. ਕਾਲਜ ਆਫ਼ ਐਗਰੀਕਲਚਰ ਬੱਲੋਵਾਲ ਸੌਂਖੜੀ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਸਿੰਘ ਨੇ ਐੱਸ. ਬੀ. ਐੱਸ. ਨਗਰ ਪੁਲਿਸ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਤਰੇ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਨਸ਼ਿਆਂ ਦੀ ਰੋਕਥਾਮ, ਨੌਜਵਾਨਾਂ ਦੀ ਭੂਮਿਕਾ ਤੇ ਨਸ਼ਾ ਛੱਡਣ ਸੰਬੰਧੀ ਵੱਖ-ਵੱਖ ਸਵਾਲ ਵੀ ਪੁੱਛੇ। ਸੈਮੀਨਾਰ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ ਬਤੀਤ ਕਰਨ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ।