ਝੋਨੇ ਦੀ ਸਰਕਾਰੀ ਖਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਿਲਰਾਂ ਨੂੰ ਨਹੀਂ ਆਉਣ ਦਿੱਤੀ ਜਾ ਰਹੀ ਕੋਈ ਦਿੱਕਤ-ਲਾਲ ਚੰਦ ਕਟਾਰੂਚੱਕ
ਬੰਗਾ, 5 ਅਕਤੂਬਰ (ਧਰਮਵੀਰ ਪਾਲ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਦੀ ਮੌਜੂਦਗੀ ਵਿਚ ਜ਼ਿਲ੍ਹੇ ਦੀ ਬੰਗਾ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ।
ਬੰਗਾ, 5 ਅਕਤੂਬਰ (ਧਰਮਵੀਰ ਪਾਲ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਦੀ ਮੌਜੂਦਗੀ ਵਿਚ ਜ਼ਿਲ੍ਹੇ ਦੀ ਬੰਗਾ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਹੋਰ ਧਿਰਾਂ ਨਾਲ ਗੱਲਬਾਤ ਕਰਕੇ ਮੰਡੀ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਪਿੰਡ ਕਾਹਮਾ ਦੇ ਕਿਸਾਨ ਜਰਨੈਲ ਸਿੰਘ ਦੀ ਫਸਲ ਦੀ ਖਰੀਦ ਵੀ ਕਰਵਾਈ। ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਜਾਰੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਾਲ ਪੰਜਾਬ ਨੂੰ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਵਾਰ ਝੋਨੇ ਦੀ ਬੰਪਰ ਫਸਲ ਹੋਈ ਹੈ ਤੇ ਫਸਲ ਦੀ ਗੁਣਵੱਤਾ ਵੀ ਵਧੀਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਦੀ ਫਸਲ ਦੀ ਸਮੇਂ ਸਿਰ ਖਰੀਦ ਦੇ ਨਾਲ-ਨਾਲ ਖਰੀਦੀ ਗਈ ਫਸਲ ਦੀ ਅਦਾਇਗੀ ਵੀ 24 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਯਕੀਨੀ ਬਣਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਲੋੜੀਂਦੀ ਬਾਰਦਾਨਾ, ਕੈਸ਼ ਕਰੈਡਿਟ ਲਿਮਿਟ (ਸੀ.ਸੀ.ਐਲ.) ਸਮੇਤ ਸਾਰੇ ਜ਼ਰੂਰੀ ਪ੍ਰਬੰਧ ਸਰਕਾਰ ਵਲੋਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿਚ 3 ਲੱਖ 83 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਦਕਿ ਇਸ ਵਿਚੋਂ 3 ਲੱਖ 44 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ 188 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ, ਮੁਫ਼ਤ ਬਿਜਲੀ ਯੋਜਨਾ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਮੇਤ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਪਹਿਲਕਦਮੀਆਂ ਦਾ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਮੁੜ ਸਰਕਾਰ ਬਣਨਾ ਲਗਪਗ ਤੈਅ ਹੈ। ਇਸ ਮੌਕੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਸਾਨਾਂ, ਆੜ੍ਹਤੀਆਂ ਤੇ ਮਿਲਰਾਂ ਨੂੰ ਭਰੋਸਾ ਦਿਵਾਇਆ ਕਿ ਮੰਡੀ ਵਿਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਕਮੀ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ, ਪਵਨਜੀਤ ਸਿੰਘ ਸਿੱਧੂ ਸੰਗਠਨ ਇੰਚਾਰਜ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਇੰਦਰਜੀਤ ਸਿੰਘ ਮਾਨ, ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੰਯੋਗਿਤਾ, ਡੀ.ਐੱਮ. ਮਾਰਕਫੈੱਡ ਜਸਬੀਰ ਸਿੰਘ ਰਕੜਾ, ਸਕੱਤਰ ਮਾਰਕੀਟ ਕਮੇਟੀ ਬੰਗਾ ਵਰਿੰਦਰ ਕੁਮਾਰ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਗੁਰਚਰਨ ਸਿੰਘ, ਸੰਜੀਵ ਜੈਨ, ਕਮਲ ਚੋਪੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।