ਬਿਜਲੀ ਸੰਕਟ ਨੇ ਕਿਸਾਨਾਂ ਦੇ ਛੁਡਾਏ ਪਸੀਨੇ, ਅੱਠ ਘੰਟਿਆਂ ਦਾ ਵਾਅਦਾ ਤੇ ਮਿਲੇ ਇਕ-ਦੋ ਘੰਟੇ
ਔੜ, 4 ਸਤੰਬਰ (ਗੁਰਨਾਮ ਸਿੰਘ ਸੈਣੀ)-ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਘਰੇਲੂ ਤੇ ਖੇਤੀ ਖੇਤਰ ਲਈ ਬਿਜਲੀ ਸਪਲਾਈ ਦਾ ਬੁਰਾ ਹਾਲ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਯੂਨੀਅਨ ਰਜਿ.
ਔੜ, 4 ਸਤੰਬਰ (ਗੁਰਨਾਮ ਸਿੰਘ ਸੈਣੀ)-ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਘਰੇਲੂ ਤੇ ਖੇਤੀ ਖੇਤਰ ਲਈ ਬਿਜਲੀ ਸਪਲਾਈ ਦਾ ਬੁਰਾ ਹਾਲ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਯੂਨੀਅਨ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਨੇ ਜਥੇਬੰਦੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਝੋਨੇ ਦੀ ਫ਼ਸਲ ਲਈ ਕਿਸਾਨਾਂ ਨੂੰ ਹਰ ਹਾਲਤ ਵਿਚ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ, ਪਰ ਇਹ ਵਾਅਦਾ ਸਿਰਫ਼ ਵਾਅਦਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਮੋਟਰਾਂ ਲਈ ਬਿਜਲੀ ਆਉਂਦੀ ਵੀ ਹੈ ਤਾਂ ਘਰੇਲੂ ਬਿਜਲੀ ਸਪਲਾਈ ਵਿਚ ਵੀ ਦਿਨ-ਰਾਤ ਚਾਰ ਤੋਂ ਪੰਜ ਘੰਟਿਆਂ ਦੇ ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਗਰਮੀ ਦੇ ਇਸ ਮੌਸਮ ਵਿਚ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੀ ਕਿਸਾਨੀ ਨੂੰ ਮਹਿੰਗੇ ਭਾਅ ਦਾ ਡੀਜ਼ਲ ਖ਼ਰੀਦ ਕੇ ਫ਼ਸਲਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ। ਕੁਲਦੀਪ ਸਿੰਘ ਵਜੀਦਪੁਰ ਨੇ ਕਿਹਾ ਕਿ ਝੋਨੇ, ਕਮਾਦ ਤੇ ਮੱਕੀ ਦੀਆਂ ਫ਼ਸਲਾਂ ਅਤੇ ਚਾਰੇ ਨੂੰ ਇਸ ਸਮੇਂ ਪਾਣੀ ਦੀ ਸਖ਼ਤ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਖੇਤਰ ਅਤੇ ਘਰੇਲੂ ਖਪਤਕਾਰਾਂ ਨੂੰ ਰੈਗੂਲਰ ਤੇ ਪੂਰੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਕੁਲਦੀਪ ਸਿੰਘ ਦਿਆਲਾ ਵਿੱਤ ਸਕੱਤਰ, ਹਰਦੀਪ ਸਿੰਘ, ਜਸਕਰਨ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਖੁਰਦ, ਹਰਵਿੰਦਰ ਸਿੰਘ, ਗੁਰਮੁੱਖ ਸਿੰਘ, ਲਖਵੀਰ ਸਿੰਘ, ਬਲਜੀਤ ਸਿੰਘ ਬੱਲੀ, ਸੁਰਜੀਤ ਸਿੰਘ, ਨਿਰਮਲ ਸਿੰਘ, ਜਗਦੀਪ ਸਿੰਘ, ਅਵਤਾਰ ਸਿੰਘ ਤਾਰੀ, ਬੂਟਾ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।