ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
ਰਾਏਕੋਟ, 5 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੌਰਾਨ ਪਨਗਰੇਨ ਅਤੇ ਮਾਰਕਫੈਡ ਖਰੀਦ ਏਜੰਸੀਆਂ ਵਲੋਂ ਮੰਡੀ ਵਿਚ ਪਹੁੰਚ ਕੇ ਸਰਕਾਰੀ ਰੇਟ ਮੁਤਾਬਿਕ ਬੋਲੀ ਲਗਾ ਕੇ ਝੋਨੇ ਦੀ ਖ਼ਰੀਦ ਕੀਤੀ ਗਈ।
ਖ਼
ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਮੈਸਰਜ਼ ਵਾਹਿਗੁਰੂ ਟਰੇਡਰਜ਼ ਆੜ੍ਹਤ ਦੀ ਦੁਕਾਨ ’ਤੇ ਝੋਨੇ ਦੀ ਢੇਰੀ ਦੀ ਸਰਕਾਰੀ ਬੋਲੀ ਲਗਾਉਂਦੇ ਹੋਏ ਪਨਗਰੇਨ ਇੰਸਪੈਕਟਰ ਕੁਲਦੀਪ ਸਿੰਘ ਤੇ ਮਾਰਕਫੈੱਡ ਅਧਿਕਾਰੀ ਜਸਵੀਰ ਸਿੰਘ ਹੇਰਾਂ। ਤਸਵੀਰ: ਬਲਵਿੰਦਰ ਸਿੰਘ ਲਿੱਤਰ
06-10-2026
ਰਾਏਕੋਟ, 5 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਦੌਰਾਨ ਪਨਗਰੇਨ ਅਤੇ ਮਾਰਕਫੈਡ ਖਰੀਦ ਏਜੰਸੀਆਂ ਵਲੋਂ ਮੰਡੀ ਵਿਚ ਪਹੁੰਚ ਕੇ ਸਰਕਾਰੀ ਰੇਟ ਮੁਤਾਬਿਕ ਬੋਲੀ ਲਗਾ ਕੇ ਝੋਨੇ ਦੀ ਖ਼ਰੀਦ ਕੀਤੀ ਗਈ। ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਪਨਗ੍ਰੇਨ ਇੰਸਪੈਕਟਰ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਹੋਈ। ਉਨ੍ਹਾਂ ਵਲੋਂ ਮੈਸਰਜ਼ ਵਾਹਿਗੁਰੂ ਟਰੇਡਰਜ਼ ਦੀ ਆੜ੍ਹਤ ਦੀ ਦੁਕਾਨ ’ਤੇ ਕਿਸਾਨ ਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੀਲੋਆਣੀ ਦੀ ਝੋਨੇ ਦੀ 300 ਕੁਇੰਟਲ ਫ਼ਸਲ ਦੀ ਸਰਕਾਰੀ ਬੋਲੀ ਲਗਾਈ ਗਈ ਅਤੇ ਸਰਕਾਰ ਵਲੋਂ ਨਿਰਧਾਰਤ ਸਰਕਾਰੀ ਰੇਟ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀ ਖ਼ਰੀਦ ਕੀਤੀ ਗਈ। ਇਸੇ ਤਰ੍ਹਾਂ ਨਿਊ ਗਰੇਵਾਲ ਐਂਡ ਕੰਪਨੀ ਦੀ ਆੜ੍ਹਤ ਦੀ ਦੁਕਾਨ ’ਤੇ ਮਾਰਕਫੈੱਡ ਖਰੀਦ ਏਜੰਸੀ ਵਲੋਂ ਕਿਸਾਨ ਜਸਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਹਲਵਾਰਾ ਦੀ ਝੋਨੇ ਦੀ ਫ਼ਸਲ ਦੀ ਸਰਕਾਰੀ ਰੇਟ ’ਤੇ ਬੋਲੀ ਲਗਾ ਖ਼ਰੀਦ ਕੀਤੀ ਗਈ। ਪਹਿਲੇ ਹੀ ਦਿਨ ਸਰਕਾਰੀ ਰੇਟ ’ਤੇ ਢੁੱਕਵੀਂ ਖਰੀਦ ਹੋਣ ਨਾਲ ਮੰਡੀ ਵਿਚ ਪਹੁੰਚੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਗੱਲਬਾਤ ਕਰਦਿਆਂ ਪਨਗਰੇਨ ਇੰਸਪੈਕਟਰ ਕੁਲਦੀਪ ਸਿੰਘ ਨੇ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਝੋਨੇ ਦੀ ਖ਼ਰੀਦ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀ ਵਿਚ ਆਪਣੀ ਜਿਣਸ ਲੈ ਕੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਝੋਨੇ ਦੀ ਤੋਲ , ਚੁਕਾਈ (ਲਿਫਟਿੰਗ) ਅਤੇ ਕਿਸਾਨਾਂ ਨੂੰ ਖ਼ਰੀਦ ਕੀਤੀ ਗਈ ਫ਼ਸਲ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਉਣ ਲਈ ਏਜੰਸੀਆਂ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਪੂਰੀ ਤਰ੍ਹਾਂ ਸੁੱਕੀ ਅਤੇ ਨਿਰਧਾਰਤ ਨਮੀ ਦੀ ਮਾਤਰਾ ਵਾਲੀ ਫ਼ਸਲ ਹੀ ਲੈ ਕੇ ਆਉਣ ਤਾਂ ਜੋ ਬੋਲੀ ਲਗਾਉਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਮਾਰਕਫੈੱਡ ਅਧਿਕਾਰੀ ਜਸਵੀਰ ਸਿੰਘ ਹੇਰਾਂ, ਆੜ੍ਹਤੀਆ ਬਲਵਿੰਦਰ ਸਿੰਘ ਲਿੱਤਰ, ਕਿਸਾਨ ਬਲਵਿੰਦਰ ਸਿੰਘ ਸੀਲ੍ਹੋਆਣੀ, ਜਗਦੇਵ ਸਿੰਘ ਮੱਲ੍ਹਾ, ਚੰਦ ਸਿੰਘ ਹੇਰਾਂ, ਜਸਵੀਰ ਸਿੰਘ ਹੇਰਾਂ, ਜਗਦੇਵ ਸਿੰਘ ਗੋਂਦਵਾਲ, ਸਨੀ ਸਿੰਘ ਆਦਿ ਹਾਜ਼ਰ ਸਨ।