ਕਣਕ ਦੇ ਭਾਅ ’ਚ 25 ਰੁਪਏ ਮਾਮੂਲੀ ਵਾਧਾ ਕੇਂਦਰ ਦਾ ਕਿਸਾਨਾਂ ਨਾਲ ਕੋਝਾ ਮਜ਼ਾਕ- ਦਿਓਲ
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਕਣਕ ਦੇ ਐੱਮ. ਐੱਸ.
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਕਣਕ ਦੇ ਐੱਮ.ਐੱਸ.ਪੀ ’ਚ 25 ਰੁਪਏ ਦਾ ਮਾਮੂਲੀ ਵਾਧਾ ਭਾਜਪਾ ਦੀ ਕੇਂਦਰ ਦਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ, ਕਣਕ ਦੇ ਭਾਅ ’ਚ 1 ਫ਼ੀਸਦੀ ਵਾਧਾ ਅਤੇ ਕਿਸਾਨ ਨੂੰ ਫ਼ਸਲ ਉਗਾਉਣ ਲਈ ਖਾਦ-ਬੀਜਾਂ ’ਤੇ 5 ਫ਼ੀਸਦੀ ਵਾਧਾ ਕਰਕੇ ਭਾਜਪਾ ਦੀ ਕੇਂਦਰ ਸਰਕਾਰ ਅਜੇ ਵੀ ਕਿਸਾਨ ਹਿਤੈਸ਼ੀ ਅਖਵਾ ਰਹੀ ਹੈ, ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਵਾਧਾ ਕਰਨ ’ਤੇ ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਕੀਤੀ ਗਈ। ਜਸਕਰਨ ਸਿੰਘ ਦਿਓਲ ਕਿਹਾ ਕਿ ਮੱਕੀ, ਬਾਸਮਤੀ ਚਾਵਲ, ਮੂੰਗੀ ਫ਼ਸਲਾਂ ਨੂੰ ਸਮਰਥਨ ਮੁੱਲ ਦੇ ਘੇਰੇ ਵਿਚ ਲਿਆਉਣ ਦੀ ਕੇਂਦਰੀ ਮੰਤਰੀ ਵਕਾਲਤ ਕਿਉਂ ਨਹੀਂ ਕਰ ਰਿਹਾ। ਦਿਓਲ ਕਿਹਾ ਕਿ ਖੇਤੀ ਸੈਕਟਰ ਨੂੰ ਕਮਜੋਰ ਕਰਕੇ ਕਾਰਪੋਰੇਟ ਨੂੰ ਬੜਾਵਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦਾ ਵੋਟਰ ਕਦੇ ਵੀ ਮੂੰਹ ਨਹੀਂ ਲਗਾਏਗਾ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਸੂਬੇ ਵਿਚ ਸੰਗਠਨ ਨੂੰ ਮੁੜ ਸਥਿਰ ਕਰਨ ਲਈ ਪਰਗਟ ਸਿੰਘ ਨੂੰ ਨਵਾਂ ਪ੍ਰਧਾਨ ਐਲਾਨੇ ਜਾਣ ’ਤੇ ਜਸਕਰਨ ਸਿੰਘ ਕਿਹਾ ਕਿ ਪੰਜਾਬ ’ਚ ਘਬਰਾਈ ਹੋਈ ਕਾਂਗਰਸ ਕਾਫ਼ੀ ਸਮੇਂ ਤੋਂ ਚਿਹਰਾ ਬਦਲਣ ਦੇ ਰੌਂਅ ਵਿਚ ਸੀ, ਇਸ ਬਦਲੀ ਦਾ ਚੋਣਾਂ ’ਚ ਕੋਈ ਲਾਭ ਨਹੀਂ ਮਿਲਣਾ। ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਨੂੰ ਆਪ ਪਾਰਟੀ ਦਾ ਪਰਛਾਵਾਂ ਦੱਸਦਿਆਂ ਜਸਕਰਨ ਸਿੰਘ ਕਿਹਾ ਕਿ ਲੋਕਾਂ ਨੂੰ ਅਲੱਗ-ਅਲੱਗ ਭੁਲੇਖਾ ਪਾਉਣ ਵਾਲੀਆਂ ਦੋਵਾਂ ਪਾਰਟੀਆਂ ਦਾ ਰੂਪ ਇਕ ਹੀ ਹੈ, ਇਕ ਨੂੰ ਦਿੱਲੀ ਵਾਲੇ, ਦੂਸਰੀ ਨੂੰ ਏਜੰਸੀਆਂ ਚਲਾ ਰਹੀਆਂ। ਪੰਜਾਬ ’ਚ ਵੱਧ ਰਹੇ ਨਸ਼ਿਆਂ ’ਤੇ ਚਿੰਤਤ ਹੁੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪਹਿਲ ਰਹੇਗੀ, ਨਸ਼ਿਆਂ ਵਿਰੁੱਧ ਲੜਾਈ ਸਾਂਝੀ ਭਾਵਨਾ ਨਾਲ ਹੀ ਲੜੀ ਜਾਵੇ ਤਾਂ ਜਲਦੀ ਸਫ਼ਲਤਾ ਮਿਲੇਗੀ।