ਸੈਕਰਾਮੈਂਟੋ (ਕੈਲੀਫੋਰਨੀਆ), 3 ਅਕਤੂਬਰ (ਹੁਸਨ ਲੜੋਆ ਬੰਗਾ) - ਭਾਈਚਾਰਕ ਆਗੂ, ਕਾਰੋਬਾਰੀ ਪੇਸ਼ੇਵਰ, ਦੋਸਤ ਅਤੇ ਸਮਰਥਕ ਲਾਸ ਏਂਜਲਸ ਸਿਟੀ ਕੌਂਸਲ ਮੈਂਬਰ ਨਿਤਿਆ ਰਮਨ ਲਈ ਇਕ ਸਫਲ ਫੰਡਰੇਜ਼ਿੰਗ ਪ੍ਰੋਗਰਾਮ ਲਈ ਇਕੱਠੇ ਹੋਏ, ਜਿਸ ਵਿਚ ਲਾਸ ਏਂਜਲਸ ਦੇ ਭਵਿੱਖ ਅਤੇ ਸ਼ਹਿਰ ਨੂੰ ਦਰਪੇਸ਼ ਕੁਝ ਪ੍ਰਮੁੱਖ ਚੁਣੌਤੀਆਂ ਬਾਰੇ ਗੱਲਬਾਤ ਤੇ ਚਰਚਾ ਹੋਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਿਨੋਦ ਅਤੇ ਜੈਸ਼੍ਰੀ ਜੀਵਰਾਜਕਾ, ਅਨਿਲ ਅਤੇ ਰੇਣੂਕਾ ਬਦਲਾਨੀ, ਨਵਨੀਤ ਅਤੇ ਰਿਤੂ ਚੁੱਘ, ਡਾ. ਨਿਤਿਨ ਨੰਦਾ ਅਤੇ ਮਨਸਵੀ ਮਮਗਈ ਨੇ ਕੀਤੀ।
ਲਾਸ ਏਂਜਲਸ ਸਿਟੀ ਕੌਂਸਲ ਦੇ ਜ਼ਿਲ੍ਹਾ 4 ਦੀ ਨੁਮਾਇੰਦਗੀ ਕਰਦੀ ਰਮਨ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਅਤੇ ਜਨਤਕ ਸੇਵਾ ਵਿਚ ਆਪਣੇ ਤਜ਼ਰਬੇ ਅਤੇ ਸਿਟੀ ਹਾਲ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕੀਤੀ। ਇਕ ਸ਼ਹਿਰੀ ਯੋਜਨਾਕਾਰ (ਅਰਬਨ ਪਲੈਨਰ), ਪ੍ਰਵਾਸੀ ਅਤੇ ਦੋ ਬੱਚਿਆਂ ਦੀ ਮਾਂ, ਰਮਨ ਨੂੰ ਪਹਿਲੀ ਵਾਰ 2020 ਵਿਚ ਸਿਟੀ ਕੌਂਸਲ ਲਈ ਚੁਣਿਆ ਗਿਆ ਸੀ। ਉਹ ਲਾਸ ਏਂਜਲਸ ਸਿਟੀ ਕੌਂਸਲ ਲਈ ਚੁਣੀ ਜਾਣ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਔਰਤ ਅਤੇ ਪਹਿਲੀ ਦੱਖਣੀ ਏਸ਼ੀਆਈ ਬਣੀ।
ਉਹ 2024 ਵਿਚ ਦੂਜੇ ਕਾਰਜਕਾਲ ਲਈ ਦੁਬਾਰਾ ਚੁਣੀ ਗਈ ਸੀ। ਆਪਣੇ ਸੰਬੋਧਨ ਵਿਚ, ਰਮਨ ਨੇ ਉਨਾਂ ਕਈ ਮੁੱਦਿਆਂ ’ਤੇ ਚਰਚਾ ਕੀਤੀ ਜੋ ਲਾਸ ਏਂਜਲਸ ਵਿਚ ਉਨ੍ਹਾਂ ਦੇ ਕੰਮ ਦਾ ਮੁੱਖ ਹਿੱਸਾ ਰਹੇ ਹਨ, ਜਿਨਾਂ ਵਿਚ ਬੇਘਰੇ ਹੋਣ ਦੀ ਸਮੱਸਿਆ, ਰਿਹਾਇਸ਼ ਦੀ ਘਾਟ, ਕਿਰਾਏਦਾਰਾਂ ਦੀ ਸੁਰੱਖਿਆ, ਸ਼ਹਿਰ ਦੀਆਂ ਬੁਨਿਆਦੀ ਸੇਵਾਵਾਂ ਵਿਚ ਸੁਧਾਰ, ਜਨਤਕ ਸੁਰੱਖਿਆ, ਆਵਾਜਾਈ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਸ਼ਾਮਲ ਹਨ। ਰਮਨ ਨੇ ਲਾਸ ਏਂਜਲਸ ਵਰਗੇ ਵਿਸ਼ਾਲ ਅਤੇ ਵਿਭਿੰਨਤਾ ਵਾਲੇ ਸ਼ਹਿਰ ਵਿਚ ਸਥਾਨਕ ਸਰਕਾਰਾਂ ਨੂੰ ਵਧੇਰੇ ਜਵਾਬਦੇਹ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।