ਦਾਣਾ ਮੰਡੀ ਰਾਏਕੋਟ ਵਿਖੇ ਝੋਨੇ ਦੀ ਆਮਦ ਸ਼ੁਰੂ
ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਦਾਣਾ ਮੰਡੀ ਰਾਏਕੋਟ ਵਿਖੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਵਾਰ ਝੋਨੇ ਦੀ ਬਿਜਾਈ ਲਗਭਗ 10 ਦਿਨ ਅਗੇਤੀ ਹੋਣ ਕਰਕੇ ਅਗੇਤੇ ਕਿਸਮ ਦੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਕਿਸਾਨਾਂ ਵਲੋਂ ਖੇਤਾਂ ਵਿਚ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਸਗੋਂ ਆਉਂਦੇ ਕੁਝ ਹੀ ਦਿਨਾਂ ਵਿਚ ਝੋਨੇ ਦੀ ਕਟਾਈ ਦਾ ਕੰਮ ਪੂਰੇ ਜੋਬਨ ’ਤੇ ਪਹੁੰਚਣ ਦੀ ਉਮੀਦ ਹੈ।
ਦ
ਦਾਣਾ ਮੰਡੀ ਰਾਏਕੋਟ ਵਿਖੇ ਵਿਕਣ ਲਈ ਪੁੱਜੀ ਝੋਨੇ ਦੀ ਫ਼ਸਲ ਦੀ ਤਸਵੀਰ। ਤਸਵੀਰ: ਬਲਵਿੰਦਰ ਸਿੰਘ ਲਿੱਤਰ
28-09-2026
ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਦਾਣਾ ਮੰਡੀ ਰਾਏਕੋਟ ਵਿਖੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਵਾਰ ਝੋਨੇ ਦੀ ਬਿਜਾਈ ਲਗਭਗ 10 ਦਿਨ ਅਗੇਤੀ ਹੋਣ ਕਰਕੇ ਅਗੇਤੇ ਕਿਸਮ ਦੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਕਿਸਾਨਾਂ ਵਲੋਂ ਖੇਤਾਂ ਵਿਚ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਸਗੋਂ ਆਉਂਦੇ ਕੁਝ ਹੀ ਦਿਨਾਂ ਵਿਚ ਝੋਨੇ ਦੀ ਕਟਾਈ ਦਾ ਕੰਮ ਪੂਰੇ ਜੋਬਨ ’ਤੇ ਪਹੁੰਚਣ ਦੀ ਉਮੀਦ ਹੈ। ਮੰਡੀ ਵਿਚ ਅਗੇਤੀ ਫ਼ਸਲ ਆਉਣ ਨਾਲ ਹੁਣ ਤੋਂ ਹੀ ਰੌਣਕਾਂ ਪਰਤਣੀਆਂ ਸ਼ੁਰੂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ 01 ਅਕਤੂਬਰ ਤੋਂ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੇ ਮੱਦੇਨਜ਼ਰ ਮਾਰਕੀਟ ਕਮੇਟੀ ਰਾਏਕੋਟ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ (ਫੂਡ ਸਪਲਾਈ) ਵਲੋਂ ਸੀਜਨ ਨੂੰ ਸੁਚਾਰੂ, ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿਚ ਦਾਣਾ ਮੰਡੀ ਰਾਏਕੋਟ ਵਿਚ ਕਿਸਾਨਾਂ-ਮਜ਼ਦੂਰਾਂ ਦੀ ਚਹਿਲ-ਪਹਿਲ ਪੂਰੀ ਤਰ੍ਹਾਂ ਵੱਧ ਜਾਵੇਗੀ। ਦਾਣਾ ਮੰਡੀ ਰਾਏਕੋਟ ਵਿਖੇ ਵਿਕਣ ਆਇਆ ਝੋਨਾ ਮੈਸਰਜ਼ ਰਮੇਸ਼ ਚੰਦਰ ਸਤਪਾਲ ਦੀ ਆੜ੍ਹਤ ਦੀ ਦੁਕਾਨ ’ਤੇ ਕਿਸਾਨ ਰਾਜਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਰਾਜੋਆਣਾ ਕਲਾਂ ਦੇ ਨਾਂਅ ‘ ਤੇ ਵਿਕਣ ਲਈ ਪੁੱਜਿਆ ਹੈ। ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀ ਵਿਚ ਸੁੱਕਾ ਅਤੇ ਪੂਰੀ ਤਰ੍ਹਾਂ ਪੱਕਿਆ ਹੋਇਆ ਝੋਨਾ ਹੀ ਲੈ ਕੇ ਆਉਣ ਤਾਂ ਜੋ ਸਰਕਾਰੀ ਖ਼ਰੀਦ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਦੀ ਫ਼ਸਲ ਦੀ ਤੁਲਾਈ ਅਤੇ ਬੋਲੀ ਬਿਨ੍ਹਾਂ ਕਿਸੇ ਦੇਰੀ ਦੇ ਹੋ ਸਕੇ । ਮਾਰਕੀਟ ਕਮੇਟੀ ਰਾਏਕੋਟ ਦੇ ਸਕੱਤਰ ਰੁਮੇਲ ਸਿੰਘ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਨਮੀ ਵਾਲੇ ਝੋਨੇ ਨੂੰ ਆੜ੍ਹਤੀਏ ਫੜ੍ਹ ਵਿਚ ਢੇਰੀ ਕਰਵਾਉਣ ਤੋਂ ਗੁਰੇਜ਼ ਕਰਨ ਕਿਉਂਕਿ ਨਮੀ ਜ਼ਿਆਦਾ ਹੋਣ ਕਾਰਨ ਜਲਦ ਮੰਡੀਆਂ ਨੱਕੋ-ਨੱਕ ਭਰ ਜਾਣਗੀਆਂ, ਇਸ ਲਈ ਦਾਣਾ ਮੰਡੀਆਂ ਵਿਚ ਵਧ ਨਮੀ ਵਾਲਾ ਝੋਨਾ ਢੇਰੀ ਨਾ ਹੋਣ ਦਿੱਤਾ ਜਾਵੇ।