ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਵਿਧਾਇਕ ਘੁੰਮਣ
ਤਲਵਾੜਾ, 7 ਅਕਤੂਬਰ (ਐਚ. ਐਸ.
ਤਲਵਾੜਾ, 7 ਅਕਤੂਬਰ (ਐਚ.ਐਸ.ਮਿੱਠੂ)- ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਸ੍ਰੀ ਘੁੰਮਣ ਨੇ ਬੀ.ਡੀ.ਪੀ.ਓ. ਦਫ਼ਤਰ ਤਲਵਾੜਾ ਵਿਖੇ ਅਧਿਕਾਰੀਆਂ ਅਤੇ ਪੰਚਾਇਤ ਸੰਮਤੀ ਮੈਂਬਰਾਂ ਨਾਲ ਮੀਟਿੰਗ ਕਰਕੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕੇ ਦੇ ਕਿਸੇ ਵੀ ਪਿੰਡ ਵਿਚ ਵਿਕਾਸ ਕਾਰਜਾਂ ਲਈ ਗਰਾਂਟ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਅੱਗੇ ਹੋ ਕੇ ਕੰਮ ਕਰਨ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਉਣ ਦੇਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਘੁੰਮਣ ਨੇ ਦੱਸਿਆ ਕਿ ਤਲਵਾੜਾ ਬੱਸ ਸਟੈਂਡ ਦੇ ਨਿਰਮਾਣ ਸਬੰਧੀ ਟੈਂਡਰ 15 ਅਕਤੂਬਰ ਨੂੰ ਖੋਲ੍ਹਿਆ ਜਾਵੇਗਾ, ਜਿਸ ਤੋਂ ਬਾਅਦ ਅਗਲੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ। ਮੀਟਿੰਗ ਵਿੱਚ ਚੇਅਰਮੈਨ ਬੋਬੀ ਕੌਸ਼ਲ, ਬੀ.ਡੀ.ਪੀ.ਓ. ਬਿਕਰਮ, ਐਸ.ਡੀ.ਓ. ਸ਼ਾਮਿਲੀ, ਸੁਰਿੰਦਰ ਕੁਮਾਰ, ਰਜਨੀਸ਼ ਕੁਮਾਰੀ, ਰਫ਼ੀਕ ਸਿੰਘ ਸਾਬੀ, ਗੌਤਮ ਕੁਮਾਰ, ਰਾਮ ਕੁਮਾਰ ਅਤੇ ਮਹਿੰਦਰ ਸਿੰਘ ਸਮੇਤ ਸਮੂਹ ਸੰਮਤੀ ਮੈਂਬਰ ਹਾਜ਼ਰ ਸਨ।