ਦੇਨੋਵਾਲ ਖ਼ੁਰਦ ਨੇੜਿਓਂ ਲਗਾਤਾਰ ਮਿਲ ਰਹੀਆਂ ਨੇ ਨੌਜਵਾਨਾਂ ਦੀਆਂ ਲਾਸ਼ਾਂ !
ਗੜ੍ਹਸ਼ੰਕਰ, 5 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਖੇਤਰ ਵਿਚ ਆਏ ਦਿਨ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਰਹੀਆਂ ਹਨ। ਅਕਸਰ ਹੀ ਪੁਲਿਸ ਵਲੋਂ ਜਿਨ੍ਹਾਂ ਥਾਵਾਂ ਤੋਂ ਨਸ਼ੇ ਦੀ ਬਰਾਮਦੀ ਕਰਨ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ।
ਗੜ੍ਹਸ਼ੰਕਰ, 5 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਖੇਤਰ ਵਿਚ ਆਏ ਦਿਨ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਰਹੀਆਂ ਹਨ। ਅਕਸਰ ਹੀ ਪੁਲਿਸ ਵਲੋਂ ਜਿਨ੍ਹਾਂ ਥਾਵਾਂ ਤੋਂ ਨਸ਼ੇ ਦੀ ਬਰਾਮਦੀ ਕਰਨ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ। ਪਿੰਡ ਦੇਨੋਵਾਲ ਖ਼ੁਰਦ ਨੇੜੇ, ਨਹਿਰ ਨੇੜਿਓਂ, ਦਾਰਾਪੁਰ ਲਾਗਲੇ ਖੇਤਰ ਤੋਂ ਜਾਂ ਰੇਲਵੇ ਲਾਈਨ ਨੇੜਿਓਂ ਜਾਂ ਹੋਰ ਕਿਧਰੋਂ ਨੌਜਵਾਨਾਂ ਦੇ ਮਿ੍ਤਕ ਹਾਲਤ ਵਿਚ ਮਿਲਣ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਮਹਿਜ਼ ਲਾਸ਼ ਨੂੰ ਪਛਾਣ ਲਈ ਕਬਜ਼ੇ ਵਿਚ ਲੈ ਕੇ ਪਛਾਣ ਉਪਰੰਤ ਸਿਰਫ਼ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਨਸ਼ਿਆਂ ਨਾਲ ਇਲਾਕੇ ਵਿਚ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਵੀ ਵੱਡਾ ਸਵਾਲ ਪੈਦਾ ਹੈ ਹੋ ਰਿਹਾ ਹੈ ਕਿ ਗੜ੍ਹਸ਼ੰਕਰ ਦੇ ਇਕ ਹੀ ਪਿੰਡ ਦੇ ਆਲੇ-ਦੁਆਲੇ ਤੋਂ ਨੌਜਵਾਨਾਂ ਦੇ ਮਿ੍ਤਕ ਹਾਲਤ ਵਿਚ ਮਿਲਣ ਦਾ ਰਾਜ ਕੀ ਹੈ? ਦੂਜਾ ਵੱਡਾ ਸਵਾਲ ਇਹ ਵੀ ਹੈ ਕਿ ਗੜ੍ਹਸ਼ੰਕਰ ਤੋਂ ਇਲਾਵਾ ਲਾਗਲੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖੇਤਰਾਂ ਦੇ ਨੌਜਵਾਨਾਂ ਗੜ੍ਹਸ਼ੰਕਰ ਦੇ ਹੀ ਕੁਝ ਇਕ ਪਿੰਡਾਂ ਵਿਚ ਕਰਨ ਕੀ ਆਉਂਦੇ ਹਨ? ਜਿਵੇਂ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਰਿਕਸ਼ੇ ਇਲਾਕੇ ਵਿਚ ਧੜ੍ਹਾ ਧੜ ਘੁੰਮ ਕੇ ਸਰਕਾਰ ਦੀ ਮੁਹਿੰਮ ਦਾ ਪ੍ਰਚਾਰ ਕਰ ਰਹੇ ਹਨ, ਓਵੇਂ ਹੀ ਇਲਾਕੇ ਵਿਚ ਨਸ਼ੇ ਦੀ ਲੋਰ ਵਿਚ ਘੁੰਮਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਕਿਸੇ ਗੱਲੋਂ ਘੱਟ ਨਹੀਂ। ਨਸ਼ੇ ਦੀ ਲੋਰ ’ਚ ਇਕ ਮੋਟਰਸਾਈਕਲ ’ਤੇ ਤਿੰਨ ਤਿੰਨ ਜਣੇ ਸਵਾਰ ਹੋ ਕੋ ਜਿੱਥੇ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਫ਼ੂਕ ਕੱਢ ਰਹੇ ਹਨ, ਉਥੇ ਹੀ ਅਜਿਹੇ ਅਨਸਰਾਂ ਵਲੋਂ ਲੁੱਟ-ਖੋਹ ਦੇ ਕਾਰੇ ਵੀ ਕੀਤੇ ਜਾ ਰਹੇ ਹਨ। ਗੜ੍ਹਸ਼ੰਕਰ ਪੁਲਿਸ ਵਲੋਂ ਵੀ ਲਗਾਤਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦੀ ਕਰਕੇ ਕਈ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ ਹੈ ਪਰ ਇਲਾਕੇ ਵਿਚ ਹਾਲਾਤ ਪਹਿਲਾ ਨਾਲੋਂ ਸੁਧਰਨ ਦੀ ਬਜਾਏ ਬਦਤਰ ਹੋਏ ਜਾਪ ਰਹੇ ਹਨ। ਕਈ ਲੋਕ ਦੱਬੀ ਜ਼ੁਬਾਨ ਨਾਲ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਦੀ ਇਕ ਬਸਤੀ ਵਿਚ ਨਸ਼ਾ ਵਿਕਣ ਤੋਂ ਇਲਾਵਾ ਹੋਰ ਕਈ ਪਿੰਡਾਂ ’ਚ ਅਜਿਹਾ ਕੁੱਝ ਹੋਣ ਦੀ ਗੱਲ ਕਰ ਰਹੇ ਹਨ।