ਨਵੀਂ ਦਿੱਲੀ, 3 ਨਵੰਬਰ (ਜਗਤਾਰ ਸਿੰਘ)-ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਦਿੱਲੀ ਨੇ ਇਸ ਸਾਲ ਪਿਛਲੇ ਇਕ ਦਹਾਕੇ ਦੇ ਮੁਕਾਬਲੇ ਸਭ ਤੋਂ ਵੱਧ ਸਾਫ਼ ਹਵਾ ਵਾਲੇ ਦਿਨ ਦੇਖੇ ਹਨ। ਸਿਰਸਾ ਨੇ ਦਾਅਵਾ ਕੀਤਾ ਕਿ ਦਿੱਲੀ ’ਚ ਇਸ ਸਾਲ ਹੁਣ ਤੱਕ 220 ਦਿਨ ਸਾਫ਼ ਹਵਾ ਵਾਲੇ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ 10 ਸਾਲਾਂ ’ਚ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਅਕਤੂਬਰ 2026 ਦਾ ਮਹੀਨਾ ਪਿਛਲੇ ਇਕ ਦਹਾਕੇ ’ਚ ਸਭ ਤੋਂ ਸਾਫ਼ ਅਕਤੂਬਰ ਰਿਹਾ ਹੈ। ਉਨ੍ਹਾਂ ਨੇ ਇਸ ਸੁਧਾਰ ਦਾ ਸਿਹਰਾ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀਆਂ ਨੀਤੀਆਂ (ਜਿਵੇਂ ਕਿ 13,000 ਤੋਂ ਵੱਧ ਈ.ਵੀ. ਚਾਰਜਿੰਗ ਸਟੇਸ਼ਨ ਸਥਾਪਿਤ ਕਰਨਾ) ਅਤੇ ਦਿੱਲੀ ਦੇ ਲੋਕਾਂ ਦੇ ਸਹਿਯੋਗ ਨੂੰ ਦਿੱਤਾ। ਨਾਲ ਹੀ ਸਿਰਸਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਕੱਸਦਿਆਂ ਦੋਸ਼ ਲਾਇਆ ਕਿ ਪੰਜਾਬ ਪੁਲਿਸ ਅਤੇ ਸਰਕਾਰੀ ਅਧਿਕਾਰੀ ਉੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਪ੍ਰਦੂਸ਼ਣ ਦੇ ਅੰਕੜਿਆਂ ਨਾਲ ਛੇੜਛਾੜ ਕਰ ਰਹੇ ਹਨ, ਜਿਸ ਕਾਰਨ ਦਿੱਲੀ ਦੀ ਹਵਾ ਮੁੜ ਖ਼ਰਾਬ ਹੋਣ ਦਾ ਖ਼ਤਰਾ ਬਣ ਰਿਹਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਨੂੰ ਬਰਬਾਦ ਨਾ ਕਰਨ। ਉਨ੍ਹਾਂ ਕਿਹਾ ਕਿ ਦਿੱਲੀ, ਜਿਸ ਨੂੰ ਤੁਸੀਂ (ਪਿਛਲੀ ਸਰਕਾਰ)10 ਸਾਲਾਂ ’ਚ ਬਰਬਾਦ ਕੀਤਾ, ਹੁਣ ਸੁਧਰਨੀ ਸ਼ੁਰੂ ਹੋਈ ਹੈ, ਇਸ ਲਈ ਇਸ ਨੂੰ ਦੁਬਾਰਾ ਬਰਬਾਦ ਨਾ ਕਰੋ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਹਰ ਰੋਜ਼ ਪ੍ਰਦੂਸ਼ਣ ਵਿਰੁੱਧ ਲੜ ਰਹੇ ਹਨ। ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾ ਕੇ ਤੁਸੀਂ ਇਕ ਵਾਰ ਫਿਰ ਦਿੱਲੀ ਦੇ ਹਾਲਾਤ ਵਿਗਾੜ ਰਹੇ ਹੋ।
ਪਿਛਲੇ ਦਹਾਕੇ ਦੇ ਮੁਕਾਬਲੇ ਸਭ ਤੋਂ ਸਾਫ਼ ਰਹੀ ਦਿੱਲੀ ਦੀ ਹਵਾ-ਸਿਰਸਾ
ਪਿਛਲੇ ਦਹਾਕੇ ਦੇ ਮੁਕਾਬਲੇ ਸਭ ਤੋਂ ਸਾਫ਼ ਰਹੀ ਦਿੱਲੀ ਦੀ ਹਵਾ-ਸਿਰਸਾ
ਅਜੀਤ ਡੈਸਕ
04-11-2026