04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਆਈ.ਬੀ. ਨੇ ਭਾਈ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦਾ ਕੀਤਾ ਵਿਰੋਧ

ਆਈ.ਬੀ. ਨੇ ਭਾਈ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦਾ ਕੀਤਾ ਵਿਰੋਧ

Ad Position 21
No active advertisement
ਅਜੀਤ ਡੈਸਕ 04-11-2026

ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)- ਖੁਫੀਆ ਬਿਊਰੋ (ਆਈ.ਬੀ.) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ’ਚ ਤਬਦੀਲ ਕਰਨ ਨਾਲ ਆਉਣ ਵਾਲੀਆਂ ਸੂਬਾਈ ਵਿਧਾਨ ਸਭਾ ਚੋਣਾਂ ’ਤੇ ਅਸਰ ਪੈ ਸਕਦਾ ਹੈ, ਆਈ.ਬੀ. ਵਲੋਂ ਇਹ ਰਿਪੋਰਟ ਸੁਪਰੀਮ ਕੋਰਟ ਵਲੋਂ 14 ਅਕਤੂਬਰ ਨੂੰ ਦਿੱਲੀ ਸਰਕਾਰ ਨੂੰ ਦਿੱਤੇ ਉਸ ਨਿਰਦੇਸ਼ ’ਤੇ ਪੇਸ਼ ਕੀਤੀ ਹੈ, ਜਿਸ ’ਚ ਉਸ (ਦਿੱਲੀ ਸਰਕਾਰ) ਨੂੰ ਆਈ.ਬੀ. ਤੋਂ ਸਲਾਹ ਲੈਣ ਲਈ ਕਿਹਾ ਗਿਆ। ਆਈ.ਬੀ. ਨੇ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤੀ ਰਿਪੋਰਟ ’ਚ ਇਹ ਵੀ ਕਿਹਾ ਕਿ ਹਵਾਰਾ ਉੱਚ ਜੋਖ਼ਮ ਵਾਲੇ ਕੈਦੀਆਂ ਦੀ ਸ਼੍ਰੇਣੀ ’ਚ ਆਉਂਦਾ ਹੈ ਅਤੇ ਉਸ ਨੂੰ ਪੰਜਾਬ ਦੀ ਜੇਲ੍ਹ ’ਚ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ। ਜਸਟਿਸ ਐਮ.ਐਸ. ਸੁੰਦਰੇਸ਼ ਅਤੇ ਪੀ.ਬੀ. ਵਰਾਕੇ ਦੇ ਬੈਂਚ ਨੇ ਏਜੰਸੀ ਦੀ ਰਿਪੋਰਟ ਨੂੰ ਬਹੁਤ ਗੰਭੀਰ ਕਰਾਰ ਦਿੱਤਾ। ਇਸ ’ਤੇ ਸੀਨੀਅਰ ਵਕੀਲ ਐਮ. ਮੁਰਲੀਧਰ ਨੇ ਦਲੀਲ ਦਿੱਤੀ ਕਿ ਜੇਕਰ ਚੋਣਾਂ ਨੂੰ ਲੈ ਕੇ ਚਿੰਤਾ ਹੈ ਤਾਂ ਇਸ ਮਾਮਲੇ ਨੂੰ ਤਿੰਨ ਮਹੀਨੇ ਬਾਅਦ ਸੁਣਿਆ ਜਾ ਸਕਦਾ ਹੈ। ਜਿਸ ’ਤੇ ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ ਫਰਵਰੀ ’ਚ ਤੈਅ ਕੀਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ’ਚ ਹੋਣੀਆਂ ਹਨ। ਪਿਛਲੀ ਸੁਣਵਾਈ ’ਚ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰਦਿਆਂ ਕਿਹਾ ਸੀ ਕਿ ਜੇਲ੍ਹ ਬਦਲਣ ਨਾਲ ਭਾਈ ਹਵਾਰਾ ਦੇ ਫ਼ਰਾਰ ਹੋਣ ਦਾ ਖਦਸ਼ਾ ਵਧ ਸਕਦਾ ਹੈ। ਉਨ੍ਹਾਂ ਉੱਚ ਜੋਖ਼ਮ ਵਾਲੇ ਕੈਦੀਆਂ ਦੀ ਜੇਲ੍ਹ ਤਬਦੀਲ ਕਰਨ ਨੂੰ ਲੈ ਕੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਸਲਾਹ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਦਾਇਰ ਹਲਫ਼ਨਾਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਹਵਾਰਾ ਨੂੰ ਪੰਜਾਬ ’ਚ ਤਬਦੀਲ ਕੀਤਾ ਜਾਂਦਾ ਹੈ ਤਾਂ ਰਾਜ ਦੀ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਭਾਟੀ ਨੇ ਇਹ ਵੀ ਕਿਹਾ ਸੀ ਕਿ ਹਵਾਰਾ ਨੂੰ ਚੰਡੀਗੜ੍ਹ ਦੀ ਜੇਲ੍ਹ ’ਚ ਸੁਰੰਗ ਪੁੱਟਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਈ ਹਵਾਰਾ ਦੇ ਵਕੀਲ ਕਾਲਿਕ ਗੋਂਸਾਲਵਿਸ ਨੇ ਉਨ੍ਹਾਂ ਦੀ ਮਾਂ ਦੀ ਉਮਰ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਦੀ ਉਮਰ 82 ਸਾਲ ਦੀ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ, ਰਿਹਾਈ ਦੀ ਨਹੀਂ। ਗੋਂਸਾਲਵਿਸ ਨੇ ਇਹ ਵੀ ਕਿਹਾ ਕਿ ਜਿਸ ਵੇਲੇ ਹੱਤਿਆ ਹੋਈ ਉਸ ਵੇਲੇ ਭਾਈ ਹਵਾਰਾ ਦੀ ਉਮਰ ਸਿਰਫ਼ 21 ਸਾਲ ਦੀ ਸੀ ਅਤੇ ਹੁਣ ਮੁੱਖ ਮੰਤਰੀ ਦੀ ਹੱਤਿਆ ਨੂੰ 31 ਸਾਲ ਬੀਤ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਕੇਸ਼ਮ ਟਾਪੂ ’ਤੇ ਹਮਲੇ, ਮੁੜ ਵਧਿਆ ਤਣਾਅ ਅਗਲੀ ਖ਼ਬਰ ਬਿਹਤਰ ਸ਼ਹਿਰੀ ਬੁਨਿਆਦੀ ਢਾਂਚਾ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ-ਮੋਦੀ
Ad Position 24