ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਕੇਂਦਰ ਨੇ ਏਸ਼ਿਆਈ ਖੇਡਾਂ ’ਚ ਭਾਰਤੀ ਹਾਕੀ ਟੀਮ ਦੇ 1 ਅਕਤੂਬਰ ਨੂੰ ਹੋਣ ਵਾਲੇ ਸੈਮੀ ਫਾਈਨਲ ਮੈਚ ’ਚ ਹੌਸਲਾ ਅਫ਼ਜ਼ਾਈ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵਿਤ ਦੌਰੇ ਨੂੰ ਲੋੜੀਂਦੀ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ। ਹਲਕਿਆਂ ਮੁਤਾਬਿਕ ਕੇਂਦਰ ਨੇ ਪੰਜਾਬ ਸਰਕਾਰ ਨੂੰ ਭੇਜੇ ਸੰਦੇਸ਼ ’ਚ ਕਿਹਾ ਕਿ ਇਕ ਅਹਿਮ ਅੰਤਰਰਾਸ਼ਟਰੀ ਖੇਡ ਸਮਾਗਮ ਦੌਰਾਨ ਇਕ ਮੁੱਖ ਮੰਤਰੀ ਦੀ ਸੁਰੱਖਿਆ ਯਕੀਨੀ ਬਣਾਉਣਾ ਚੁਣੌਤੀਪੂਰਨ ਹੋਵੇਗਾ। ਕੇਂਦਰ ਨੇ ਕਿਹਾ ਕਿ ਉਹ ਕਿਸੇ (ਮੁੱਖ ਮੰਤਰੀ) ਨੂੰ ਖ਼ਤਰੇ ’ਚ ਨਹੀਂ ਪਾ ਸਕਦੇ। ਭਗਵੰਤ ਮਾਨ ਨੂੰ ਏਸ਼ੀਅਨ ਹਾਕੀ ਫੈਡਰੇਸ਼ਨ ਵਲੋਂ ਆਇਚੀ ਨਾਗੋਆ ਏਸ਼ਿਆਈ ਖੇਡਾਂ ’ਚ ਹਾਕੀ ਮੁਕਾਬਲੇ ਦਾ ਫਾਈਨਲ ਮੈਚ ਵੇਖਣ ਲਈ ਸੱਦਾ ਦਿੱਤਾ ਗਿਆ ਸੀ। ਸੱਦੇ ’ਚ 30 ਸਤੰਬਰ ਅਤੇ 1 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਅਤੇ 2 ਅਤੇ 3 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਸ਼ਾਮਿਲ ਸਨ। ਭਗਵੰਤ ਮਾਨ ਨੇ ਬੁੱਧਵਾਰ ਨੂੰ ਜਪਾਨ ਜਾਣਾ ਸੀ।
ਹਾਕੀ ਮੈਚ ਦਾ ਪੰਜਾਬ ਕੁਨੈਕਸ਼ਨ
ਭਗਵੰਤ ਮਾਨ ਦਾ ਪ੍ਰਸਤਾਵਿਤ ਦੌਰਾ ਪੰਜਾਬ ਨਾਲ ਵੀ ਕਾਫੀ ਹੱਦ ਤੱਕ ਸੰਬੰਧਿਤ ਹੈ। ਪਹਿਲਾ ਏਸ਼ੀਅਨ ਖੇਡਾਂ ਦੇ ਸੈਮੀਫਾਈਨਲ ’ਚ ਖੇਡ ਰਹੀ ਭਾਰਤ ਦੀ 20 ਮੈਂਬਰੀ ਹਾਕੀ ਟੀਮ ’ਚ 8 ਖਿਡਾਰੀ ਪੰਜਾਬ ਨਾਲ ਸੰਬੰਧ ਰੱਖਦੇ ਹਨ। ਦੂਜਾ ਪੰਜਾਬ ਸਰਕਾਰ ਵਲੋਂ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ’ਚ ਕਰਵਾਏ ਜਾ ਰਹੇ ਮਰਦਾਂ ਦੇ ਏਸ਼ੀਅਨ ਚੈਂਪੀਅਨ ਟ੍ਰਾਫੀ ਮੁਕਾਬਲੇ ਦੀਆਂ ਤਿਆਰੀਆਂ ਨਾਲ ਸੰਬੰਧਿਤ ਹੈ। ਏਸ਼ੀਅਨ ਹਾਕੀ ਫੈਡਰੇਸ਼ਨ ਨੇ ਕਿਹਾ ਸੀ ਕਿ ਦੌਰੇ ਨਾਲ ਪੰਜਾਬ ਦੇ ਵਫ਼ਦ ਨੂੰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਲੋੜੀਂਦੀਆਂ ਤਿਆਰੀਆਂ ਨੂੰ ਨੇੜੇ ਹੋ ਕੇ ਵੇਖਣ ਦਾ ਮੌਕਾ ਮਿਲੇਗਾ।
ਪਹਿਲਾਂ ਵੀ ਲੋੜੀਂਦੀ ਮਨਜ਼ੂਰੀ ਤੋਂ ਕੀਤਾ ਜਾ ਚੁੱਕਾ ਹੈ ਇਨਕਾਰ
ਇਸ ਤੋਂ ਪਹਿਲਾਂ ਦੋ ਵਾਰ ਕੇਂਦਰ ਨੇ ਭਗਵੰਤ ਮਾਨ ਦੇ ਪ੍ਰਸਤਾਵਿਤ ਵਿਦੇਸ਼ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਅਗਸਤ 2024 ’ਚ ਪੈਰਿਸ ਉਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਦੇ ਕੁਆਰਟਰ ਫਾਈਨਲ ਅਤੇ ਹੋਰ ਅਹਿਮ ਮੁਕਾਬਲੇ ਵੇਖਣ ਲਈ ਫ਼ਰਾਂਸ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਜਨਵਰੀ 2026 ’ਚ ਕੇਂਦਰ ਨੇ ਭਗਵੰਤ ਮਾਨ ਦੇ ਪ੍ਰਸਤਾਵਿਤ ਬਰਤਾਨੀਆ ਅਤੇ ਇਜ਼ਰਾਈਲ ਦੇ ਦੌਰੇ ਲਈ ਮਨਜ਼ੂਰੀ ਨਹੀਂ ਦਿੱਤੀ ਸੀ, ਜਿਥੇ ਉਨ੍ਹਾਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸਿਖ਼ਰ ਸੰਮੇਲਨ ਤੋਂ ਪਹਿਲਾਂ ਇਕ ਨਿਵੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਨਾ ਸੀ।