ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦੁਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਿਕਾਸ ਨਗਰ ਵਿਚ ਪਤੀ ਵਲੋਂ ਆਪਣੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਸ਼ਨਾਖਤ ਕਮਲਜੀਤ ਕੌਰ ਵਜੋਂ ਕੀਤੀ ਗਈ ਹੈ ਉਸ ਦੀ ਉਮਰ 49 ਸਾਲ ਦੇ ਕਰੀਬ ਸੀ। ਕਮਲਜੀਤ ਕੌਰ ਦਾ ਪਤੀ ਰਵਿੰਦਰ ਸਿੰਘ ਪਿਕਅਪ ਵੈਨ ਚਲਾਉਂਦਾ ਸੀ। ਜਾਂਚ ਕਰ ਰਹੇ ਅਧਿਕਾਰੀ ਐਸ. ਐਚ. ਓ. ਗੁਰਮੁਖ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਰਵਿੰਦਰ ਸਿੰਘ ਅਕਸਰ ਆਪਣੀ ਪਤਨੀ ਕਮਲਜੀਤ ਕੌਰ ਤੇ ਸ਼ੱਕ ਕਰਦਾ ਸੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਦੋ ਲੜਕੇ ਹਨ ਇਕ ਲੜਕਾ ਆਸਟਰੇਲੀਆ ਵਿਚ ਹੈ ਅਤੇ ਬੀਤੇ ਦਿਨ ਹੀ ਰਵਿੰਦਰ ਸਿੰਘ ਆਸਟਰੇਲੀਆ ਤੋਂ ਵਾਪਸ ਆਇਆ ਸੀ ਜਦਕਿ ਉਸਦੀ ਪਤਨੀ ਕੁਝ ਸਮਾਂ ਪਹਿਲਾਂ ਆਪਣੇ ਛੋਟੇ ਲੜਕੇ ਨੂੰ ਮਿਲ ਕੇ ਆਈ ਸੀ।
ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਪਹਿਲਾਂ ਰਵਿੰਦਰ ਨੇ ਆਪਣੇ ਲੜਕੇ ਗਗਨਦੀਪ ਸਿੰਘ ਨੂੰ ਦੁੱਧ ਲੈਣ ਲਈ ਬਾਜ਼ਾਰ ਭੇਜ ਦਿੱਤਾ ਅਤੇ ਬਾਅਦ ਵਿਚ ਕਮਲਜੀਤ ਕੌਰ ਦਾ ਰਸੋਈ ਵਿਚ ਪੇਸ਼ ਚਾਕੂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂ ਗਗਨਦੀਪ ਸਿੰਘ ਘਰ ਆਇਆ ਤਾਂ ਉਸ ਦਾ ਪਿਤਾ ਰਵਿੰਦਰ ਸਿੰਘ ਘਬਰਾਹਟ ਵਿਚ ਸੀ ਅਤੇ ਘਰੋਂ ਬਾਹਰ ਨਿਕਲ ਰਿਹਾ ਸੀ ਗਗਨਦੀਪ ਜਦੋਂ ਆਪਣੀ ਮਾਂ ਦੇ ਕਮਰੇ ਵਿਚ ਗਿਆ ਤਾਂ ਉਸਦੀ ਮਾਂ ਖੂਨ ਨਾਲ ਉੱਥੇ ਲੱਥ ਪੱਥ ਸੀ ਉਸਦੇ ਗਰਦਨ ਢਿੱਡ ਅਤੇ ਸਰੀਰ ਦੇ ਹੋਰ ਅੰਗਾਂ ਤੇ ਤੇ ਚਾਕੂ ਨਾਲ ਕੀਤੇ ਜ਼ਖ਼ਮਾਂ ਦੇ ਕਈ ਨਿਸ਼ਾਨ ਸਨ।
ਸੂਚਨਾ ਮਿਲਦੇ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵਲੋਂ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਐਸ. ਐਚ. ਓ. ਨੇ ਦੱਸਿਆ ਕਿ ਜਾਂਚ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।