ਹਠੂਰ (ਲੁਧਿਆਣਾ), 1 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਮੱਲ੍ਹਾ ਚਕਰ ਵਿਚਕਾਰ ਅੱਜ ਵਾਪਰੀ ਇਕ ਮੰਦਭਾਗੀ ਘਟਨਾ ਵਿਚ ਤਿੰਨ ਨਬਾਲਿਗ ਲੜਕਿਆਂ ਚੋਂ ਇਕ ਬੱਚੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਡੱਲਾ ਦੇ ਤਿੰਨ ਬੱਚੇ ਮੋਟਰ ਸਾਇਕਲ ’ਤੇ ਚਕਰ ਪਿੰਡ ਵੱਲ ਨੂੰ ਸਵੇਰੇ 9-10 ਵਜੇ ਦੇ ਕਰੀਬ ਜਾ ਰਹੇ ਹਨ ਕਿ ਇਕ ਖੜੇ ਟਰੈਕਟਰ ਟਰਾਲੀ ’ਚ ਮੋਟਰ ਸਾਇਕਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ।
ਘਟਨਾ ਦਾ ਪਤਾ ਲਗਦਿਆਂ ਹੀ ਉਨ੍ਹਾਂ ਨੂੰ ਜਗਰਾਉਂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਇਕ ਬੱਚੇ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚ ਇਕ ਬੱਚੇ ਦਾ ਜਵਾੜਾ ਟੁੱਟਣ ਕਾਰਨ ਗੰਭੀਰ ਹਾਲਤ ਵਿਚ ਹੈ। ਮ੍ਰਿਤਕ ਦਾ ਨਾਂਅ ਅਨਮੋਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਡੱਲਾ ਹੈ ਅਤੇ ਜ਼ਖਮੀਆਂ ਵਿਚ ਸਾਹਿਲਪ੍ਰੀਤ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਅਭਿਸ਼ੇਕ ਪੁੱਤਰ ਇਕਬਾਲ ਹਨ। ਉਕਤ ਤਿੰਨੋਂ ਬੱਚਿਆਂ ਦੀ ਉਮਰ 15 ਸਾਲ ਤੋਂ ਹੇਠਾਂ ਦੱਸੀ ਜਾਂਦੀ ਹੈ।