ਚੋਗਾਵਾਂ/ ਅੰਮ੍ਰਿਤਸਰ, 14 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਪੁਲੀ ਉੱਪਰ ਬੈਠਣ ਅਤੇ ਬਹਿਸਬਾਜ਼ੀ ਨੂੰ ਲੈ ਕੇ ਹੋਏ ਝਗੜੇ ਵਿਚ ਘਰ ਦੇ ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕਰਨ ਅਤੇ ਇਕ ਅੰਗਹੀਣ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਸਾਹਿਬ ਸਿੰਘ ਠੱਠੀ ਅਤੇ ਲਖਬੀਰ ਸਿੰਘ ਨਵਾਂ ਜੀਵਨ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਪਿੰਡ ਵਣੀਏਕੇ ਦੇ ਨਿਵਾਸੀ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ (ਜਿਸ ਨੇ ਘਰ ਦੇ ਸਾਹਮਣੇ 6 ਏਕੜ ਜ਼ਮੀਨ ਠੇਕੇ 'ਤੇ ਲਈ ਹੋਈ ਹੈ) ਖੇਤਾਂ ਵਿਚ ਸਪਰੇਅ ਕਰਨ ਤੋਂ ਬਾਅਦ ਪੁਲੀ ਉੱਪਰ ਬੈਠੇ ਸਨ।
ਇਸੇ ਦੌਰਾਨ ਲੰਘ ਰਹੇ ਪਿੰਡ ਦੇ ਹੀ ਮਹਿਤਾਬ ਸਿੰਘ ਨੇ ਉੱਥੇ ਬੈਠਣ ਦਾ ਵਿਰੋਧ ਕੀਤਾ ਅਤੇ ਪਰਿਵਾਰ ਨਾਲ ਝਗੜਾ ਕਰ ਲਿਆ। ਆਗੂਆਂ ਨੇ ਦੋਸ਼ ਲਾਇਆ ਕਿ ਅਗਲੇ ਦਿਨ ਮਹਿਤਾਬ ਸਿੰਘ ਨੇ ਹੋਰ ਬੰਦੇ ਇਕੱਠੇ ਕਰਕੇ ਦਾਤਰਾਂ ਅਤੇ ਕਿਰਪਾਨਾਂ ਨਾਲ ਲੈਸ ਹੋ ਕੇ ਕੁਲਵੰਤ ਸਿੰਘ ਦੇ ਘਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦੇ ਲੋਹੇ ਦੇ ਮੇਨ ਗੇਟ, ਬੂਹੇ-ਬਾਰੀਆਂ, ਦੋ ਮੋਟਰਸਾਈਕਲਾਂ ਅਤੇ ਪਾਣੀ ਵਾਲੀ ਟੈਂਕੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ।
ਇਸ ਦੌਰਾਨ ਘਰ ਵਿਚ ਮੌਜੂਦ ਉਨ੍ਹਾਂ ਦੀ ਅੰਗਹੀਣ ਭੈਣ ਬਲਜੀਤ ਕੌਰ ਦੀ ਵੀ ਔਰਤਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਥਾਣਾ ਲੋਪੋਕੇ ਵਿਖੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਸਿਰਫ਼ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਕ-ਦੋ ਦਿਨਾਂ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਜਥੇਬੰਦੀ ਵਲੋਂ ਥਾਣਾ ਲੋਪੋਕੇ ਦਾ ਤਿੱਖਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਵਿਰੋਧੀ ਧਿਰ ਦੇ ਮਹਿਤਾਬ ਸਿੰਘ ਦੀ ਮਾਤਾ ਰਜਵੰਤ ਕੌਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮਹਿਤਾਬ ਸਿੰਘ ਨੇ ਕਿਸੇ ਦੇ ਘਰ 'ਤੇ ਕੋਈ ਹਮਲਾ ਨਹੀਂ ਕੀਤਾ। ਉਹ ਸਿਰਫ਼ ਕੁਲਵੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੁਲੀ 'ਤੇ ਬੈਠ ਕੇ ਸ਼ਰਾਬ ਪੀਣ ਤੋਂ ਰੋਕ ਰਿਹਾ ਸੀ, ਜਿਸ ਕਾਰਨ ਉਲਟਾ ਕੁਲਵੰਤ ਸਿੰਘ ਤੇ ਹੋਰਨਾਂ ਨੇ ਮਹਿਤਾਬ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਪਹੁੰਚਾਈਆਂ। ਇਸ ਸਬੰਧੀ ਥਾਣਾ ਲੋਪੋਕੇ ਦੇ ਐਸ.ਐਚ.ਓ. ਜਗਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਪੁਲਿਸ ਦੇ ਧਿਆਨ ਵਿਚ ਹੈ। ਦੋਵਾਂ ਧਿਰਾਂ ਨੂੰ ਜਾਂਚ ਲਈ ਥਾਣੇ ਬੁਲਾਇਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਜੋ ਵੀ ਕਾਨੂੰਨੀ ਬਣਦੀ ਕਾਰਵਾਈ ਹੋਵੇਗੀ, ਉਹ ਅਮਲ ਵਿਚ ਲਿਆਂਦੀ ਜਾਵੇਗੀ।