ਡੇਹਲੋਂ (ਲੁਧਿਆਣਾ), 15 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)- ਡੇਹਲੋਂ ਵਿਖੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਕੇ. ਡੀ. ਵੈਦ ਦੀ ਅਗਵਾਈ ਹੇਠ ਅੱਜ ਕਾਂਗਰਸ ਪਾਰਟੀ ਅਤੇ ਐਸ.ਸੀ. ਸਮਾਜ ਵਲੋਂ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਕੇ. ਡੀ.ਵੈਦ ਨੇ ਕਿਹਾ ਕਿ ਬੀਤੇ ਦਿਨੀਂ ਉੱਤਰਾਖੰਡ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕ ਅਰਜੁਨ ਖੜਗੇ ਵਲੋਂ ਇਕ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਰੈਲੀ ਉਪਰੰਤ ਭਾਜਪਾ ਦੇ ਕੁਝ ਵਰਕਰਾਂ ਵਲੋਂ ਕਥਿਤ ਤੌਰ ’ਤੇ ਰੈਲੀ ਵਾਲੇ ਸਥਾਨ ਨੂੰ ਦੁੱਧ ਅਤੇ ਗੰਗਾ ਜਲ ਨਾਲ ਸਾਫ਼ ਕਰਕੇ ਉੱਥੇ ਹਵਨ ਕਰਵਾਇਆ ਗਿਆ, ਜਿਸ ਕਾਰਨ ਭਾਜਪਾ ਦੀ ਦਲਿਤ ਭਾਈਚਾਰੇ ਪ੍ਰਤੀ ਕਥਿਤ ਮਨੂਵਾਦੀ ਸੋਚ ਵਾਲਾ ਚਿਹਰਾ ਨੰਗਾ ਹੋਇਆ ਹੈ l ਕੇ. ਡੀ ਵੈਦ ਅਤੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਵਰਗੇ ਲੋਕਤੰਤਰੀ ਅਤੇ ਸੰਵਿਧਾਨਕ ਦੇਸ਼ ਵਿਚ ਜਾਤ-ਪਾਤ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।