06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹਕੀਕਤ-ਏ-ਪੀਲੀਆ: ਦੇਸੂਜੋਧਾ ਵਿਚ ਟਿਊਬਵੈੱਲ ਦਾ ਪਾਣੀ ਪੀਣ ਲਾਇਕ ਨਹੀਂ, 5 ਨਮੂਨੇ ਫੇਲ

ਡੱਬਵਾਲੀ (ਹਰਿਆਣਾ), 6 ਅਗਸਤ (ਇਕਬਾਲ ਸਿੰਘ ਸ਼ਾਂਤ)- ਦੇਸੂਜੋਧਾ ਪਿੰਡ ਵਿਚ ਪੀਲੀਆ ਦਾ ਪ੍ਰਕੋਪ ਥੰਮਣ...

Ad Position 21
No active advertisement
ਅਜੀਤ ਡੈਸਕ 06-08-2026

ਡੱਬਵਾਲੀ (ਹਰਿਆਣਾ), 6 ਅਗਸਤ (ਇਕਬਾਲ ਸਿੰਘ ਸ਼ਾਂਤ)- ਦੇਸੂਜੋਧਾ ਪਿੰਡ ਵਿਚ ਪੀਲੀਆ ਦਾ ਪ੍ਰਕੋਪ ਥੰਮਣ ਦਾ ਨਾਂਅ ਨਹੀਂ ਲੈ ਰਿਹਾ। ਪਾਣੀ ਦੀ ਜਾਂਚ ਵਿਚ ਟਿਊਬਵੈੱਲ ਵਾਲੇ ਪਾਣੀ ਦੇ ਪੰਜ ਨਮੂਨੇ ਮਿਆਰਾਂ ’ਤੇ ਖਰੇ ਨਹੀਂ ਉਤਰੇ ਹਨ। ਰਿਪੋਰਟ ਵਿਚ ਹਾਰਡਨੈੱਸ, ਮੈਗਨੀਸ਼ੀਅਮ ਅਤੇ ਨਾਈਟ੍ਰੇਟ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਮਿਲੀ ਹੈ। ਉੱਧਰ, ਅੱਜ ਪੀਲੀਆਂ ਦੇ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਪਿੰਡ ਦੇ ਸਰਕਾਰੀ ਸਕੂਲਾਂ ਵਿਚ ਵੀ ਟਿਊਬਵੈੱਲ ਲੱਗੇ ਹਨ, ਪਰ ਇਨ੍ਹਾਂ ਦੇ ਪਾਣੀ ਦੀ ਪੀਣ ਲਈ ਵਰਤੋਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਪਿੰਡ ਵਾਸੀਆਂ ’ਚ ਫ਼ਿਕਰਮੰਦੀ ਦਾ ਮਾਹੌਲ ਵਧ ਰਿਹਾ ਹੈ। 

ਜਨ ਸਿਹਤ ਵਿਭਾਗ ਡੱਬਵਾਲੀ ਵਲੋਂ ਲਏ ਗਏ 24 ਪਾਣੀ ਦੇ ਨਮੂਨਿਆਂ ਦੀ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ। ਬੈਕਟੀਰੀਆ ਜਾਂਚ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਦੇ 12 ਨਮੂਨੇ ਸਹੀ ਮਿਲੇ ਹਨ। ਘਰੇਲੂ ਡਿੱਗੀਆਂ ਦੇ ਦੋ ਨਮੂਨਿਆਂ ਵਿਚ ਇਕ ਪਾਸ ਅਤੇ ਇਕ ਸ਼ੱਕੀ ਮਿਲਿਆ ਹੈ। ਕੈਮੀਕਲ ਜਾਂਚ ਦੇ 10 ਨਮੂਨਿਆਂ ਵਿਚ ਪੰਜ ਦਰੁੱਸਤ, ਜਦਕਿ ਪੰਜ ਟਿਊਬਵੈੱਲ ਪਾਣੀ ਦੇ ਨਮੂਨੇ ਖ਼ਰਾਬ ਪਾਏ ਗਏ ਹਨ।

ਲੈਬ ਰਿਪੋਰਟ ਅਨੁਸਾਰ ਇਨ੍ਹਾਂ ਖ਼ਰਾਬ ਨਮੂਨਿਆਂ ਦੇ ਪਾਣੀ ਵਿਚ ਟੀ.ਡੀ.ਐਸ. 1208 ਮਿਲੀਗ੍ਰਾਮ ਪ੍ਰਤੀ ਲੀਟਰ ਮਿਲਿਆ ਹੈ। ਪਾਣੀ ਦੀ ਕਠੋਰਤਾ 720 ਮਿਲੀਗ੍ਰਾਮ ਪ੍ਰਤੀ ਲੀਟਰ ਹੈ, ਜਦਕਿ ਤੈਅ ਸੀਮਾ 600 ਮਿਲੀਗ੍ਰਾਮ ਹੈ। ਮੈਗਨੀਸ਼ੀਅਮ 111.78 ਮਿਲੀਗ੍ਰਾਮ ਪ੍ਰਤੀ ਲੀਟਰ ਅਤੇ ਨਾਈਟਰੇਟ 98.5 ਮਿਲੀਗ੍ਰਾਮ ਪ੍ਰਤੀ ਲੀਟਰ ਮਿਲਿਆ ਹੈ, ਜਦਕਿ ਇਨ੍ਹਾਂ ਦੀ ਸੁਰੱਖਿਅਤ ਹੱਦ ਕ੍ਰਮਵਾਰ 100 ਅਤੇ 45 ਮਿਲੀਗ੍ਰਾਮ ਹੈ।

ਪਿੰਡ ਵਾਸੀਆਂ ਅਨੁਸਾਰ ਅੱਜ ਪੀਲੀਆ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਬੱਚੇ ਅਤੇ ਨੌਜਵਾਨ ਸ਼ਾਮਲ ਹਨ। ਗੁਰਪ੍ਰੀਤ ਸਿੰਘ ਸਰਾਂ ਦੀ 10 ਸਾਲਾ ਧੀ ਜੈਸਮੀਨ ਕੌਰ ਪਹਿਲਾਂ ਤੋਂ ਪੀਲੀਆ ਤੋਂ ਪੀੜਤ ਹੈ। ਹੁਣ ਉਨ੍ਹਾਂ ਦੇ 11 ਸਾਲਾਂ ਪੁੱਤਰ ਗੁਰਸਾਂਝ ਸਿੰਘ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਜੋ ਰਾਮਾਂ ਮੰਡੀ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। 23 ਸਾਲਾ ਸੰਤਰੀਪ ਸਿੰਘ ਅਤੇ ਸਿਮਰਨ ਕੌਰ ਵੀ ਪੀਲੀਆ ਤੋਂ ਪੀੜਤ ਮਿਲੇ ਹਨ। ਸਾਰੇ ਮਰੀਜ਼ ਪਿੰਡ ਦੇ ਫੜਾ ਦਰਵਾਜ਼ਾ ਖੇਤਰ ਦੇ ਰਹਿਣ ਵਾਲੇ ਹਨ। ਪਿਛਲੇ ਐਤਵਾਰ ਨੂੰ ਪਿੰਡ ਵਾਸੀਆਂ ਨੇ ਕਰੀਬ 100 ਬੱਚਿਆਂ ਵਿੱਚ ਪੀਲੀਆ ਹੋਣ ਦੀ ਜਾਣਕਾਰੀ ਦਿੱਤੀ ਸੀ। ਸੋਮਵਾਰ ਨੂੰ ਜਨਸਿਹਤ ਵਿਭਾਗ ਨੂੰ 50 ਪੀਲੀਆ ਮਰੀਜ਼ਾਂ ਦੀ ਸੂਚੀ ਸੌਂਪੀ ਗਈ ਸੀ। ਇਸ ਉਪਰੰਤ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਪਾਣੀ ਦੇ ਨਮੂਨੇ ਲਏ ਸਨ ਅਤੇ ਸਰਕਾਰੀ ਤੰਤਰ ਨੇ ਲਗਭਗ ਪਿੰਡ ਵਿੱਚ ਡੇਰੇ ਲਗਾ ਕੇ ਰੱਖੇ। ਪੀਲੀਆ ਮਰੀਜ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਇਲਾਜ ਦੇ ਚਲਦਿਆਂ ਕਈ ਘਰਾਂ ਨੂੰ ਤਾਲੇ ਤੱਕ ਲੱਗੇ ਰਹੇ ਹਨ।

ਡੱਬਵਾਲੀ ਦੇ ਤਹਿਸੀਲਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਰਵੇ ਵਿਚ ਹੁਣ ਤੱਕ ਕਰੀਬ 17 ਮਾਮਲੇ ਮਿਲੇ ਹਨ। ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ। ਪਿੰਡ ਵਾਸੀਆਂ ਨੇ ਗਰੀਬ ਮਰੀਜ਼ਾਂ ਦੇ ਇਲਾਜ ਅਤੇ ਆਰਥਿਕ ਮੱਦਦ ਦੀ ਮੰਗ ਕੀਤੀ ਹੈ। ਜਨ ਸਿਹਤ ਵਿਭਾਗ ਡੱਬਵਾਲੀ ਦੇ ਐਸਡੀਓ ਵਿਸ਼ਾਲ ਜਿਆਣੀ ਨੇ ਦੱਸਿਆ ਕਿ ਪਾਣੀ ਨਮੂਨਿਆਂ ਦੀ ਜਾਂਚ ਰਿਪੋਰਟ ਅਨੁਸਾਰ ਦੇਸੂਜੋਧਾ ਵਿੱਚ ਸਰਕਾਰੀ ਅਦਾਰਿਆਂ ਅਤੇ ਘਰੇਲੂ ਟਿਊਬਵੈੱਲਾਂ ਦਾ ਪਾਣੀ ਪੀਣ ਯੋਗ ਨਹੀਂ ਹੈ।

ਸਕੂਲਾਂ ਵਿਚ ਟਿਊਬਵੈੱਲ ਪਾਣੀ ਦੀ ਵਰਤੋਂ ’ਤੇ ਰੋਕ

ਬੀ.ਈ.ਓ. ਰਾਜਿੰਦਰ ਜਾਖੜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਰ.ਓ ਦਾ ਸਵੱਛ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ। ਦੇਸੂਜੋਧਾ ਮਾਮਲੇ ਉਪਰੰਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਨੂੰ ਜਨ ਸਿਹਤ ਵਿਭਾਗ ਦੇ ਸ਼ੁੱਧ ਪਾਣੀ ਦੀ ਆਰ.ਓ. ਰਾਹੀਂ ਵਰਤੋਂ ਕਰਨ ਦੀ ਤਾਕੀਦ ਕੀਤੀ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਗੁਰੂ ਘਰ ਨਤਮਸਤਕ ਹੋਣ ਜਾ ਰਹੀ ਮਹਿਲਾ ਤੋਂ ਝਪਟਮਾਰਾਂ ਨੇ ਸੋਨੇ ਦੀ ਚੇਨ ਝਪਟੀ ਅਗਲੀ ਖ਼ਬਰ ਇਕ ਲੱਖ ਦੇ ਕਰੀਬ ਮੁਲਾਜ਼ਮ ਅਤੇ ਪੈਨਸ਼ਨਰ ਮੁਹਾਲੀ ਵਿਖੇ 7 ਨੂੰ ਪੰਜਾਬ ਸਰਕਾਰ ਨੂੰ ਘੇਰਨਗੇ
Ad Position 24
No active advertisement