ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਸਕਸ਼ਮ ਸੇਠੀ ਨੇ ਚੌਕਬਾਲ ਨੈਸ਼ਨਲ ਜੇਤੂ ਖੇਡ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ
ਬੇਗੋਵਾਲ, 14 ਅਕਤੂਬਰ (ਸੁਖਜਿੰਦਰ ਸਿੰਘ)-ਬੀਤੇ ਦਿਨ ਆਸਾਮ ਵਿਚ ਹੋਈ ਚੌਕਬਾਲ ਅੰਡਰ-17 ਚੈਂਪੀਅਨਸ਼ਿਪ ਟਾਈਟਲ 2026 ਵਿਚ ਪੰਜਾਬ ਵੱਲੋਂ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਵਿਦਿਆਰਥੀ ਸਕਸ਼ਮ ਸੇਠੀ ਨੇ ਖੇਡਦਿਆਂ ਪੰਜਾਬ ਨੂੰ ਜਿੱਤ ਦਿਵਾਉਂਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਦਾਮਿਨੀ ਸ਼ਰਮਾ ਨਹੀਂ ਦੱਸਿਆ ਕਿ ਆਸਾਮ ਵਿਚ ਹੋਏ ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਸ ਵਿਚ ਪੰਜਾਬ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਮਹਾਰਾਸ਼ਟਰ ਨੂੰ ਫਾਈਨਲ ਵਿਚ ਹਰਾ ਕੇ ਜਿੱਤ ਪ੍ਰਾਪਤ ਕਰਦਿਆਂ ਪੰਜਾਬ ਦੇ ਨਾਂਅ ਰੋਸ਼ਨ ਕੀਤਾ | ਉਹਨਾਂ ਇਹ ਵੀ ਕਿਹਾ ਕਿ ਇਸ ਟੀਮ ਵਿਚ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀ ਸਕਸ਼ਮ ਸੇਠੀ ਨੇ ਡੀਪੀਈ ਅਧਿਆਪਕ ਦੀ ਯੋਗ ਅਗਵਾਈ ਹੇਠ ਸਖ਼ਤ ਮਿਹਨਤ ਕਰਦਿਆਂ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਜੋ ਮਾਣ ਵਾਲੀ ਗੱਲ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵਧਣ ਲਈ ਹਰ ਸੰਭਵ ਸਹੂਲਤ ਅਤੇ ਉਤਸ਼ਾਹ ਪ੍ਰਧਾਨ ਕਰਦਾ ਰਿਹਾ ਹੈ ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਆਏ ਹਨ | ਉਹਨਾਂ ਇਹ ਵੀ ਕਿਹਾ ਕਿ ਪਿਛਲੇ ਦਿਨੀ ਹੋਈਆਂ ਸਟੇਟ ਪੱਧਰੀ ਖੇਡਾਂ ਵਿਚ ਵੀ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਗੋਲਡ ਮੈਡਲਾਂ ਨਾਲ ਜਿੱਤ ਪ੍ਰਾਪਤ ਕਰਕੇ ਰੋਸ਼ਨ ਕੀਤਾ ਸੀ | ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਨੇ ਜੇਤੂ ਵਿਦਿਆਰਥੀ ਤੇ ਸਕੂਲ ਦੇ ਸਟਾਫ਼ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਭਵਿੱਖ ਵਿਚ ਹੋਰ ਸਾਰਥਿਕ ਨਤੀਜੇ ਆਉਣ ਦੀ ਕਾਮਨਾ ਕੀਤੀ |