ਘਰੇਲੂ ਵਿਵਾਦ ਕਾਰਨ ਜੀਵਨ ਲੀਲ੍ਹਾ ਸਮਾਪਤ ਕਰਨ ਵਾਲੇ ਵਰਿੰਦਰ ਕੁਮਾਰ ਦੇ ਸਹੁਰੇ ਪਰਿਵਾਰ ਤੇ ਪਤਨੀ ਖ਼ਿਲਾਫ਼ ਮਾਮਲਾ ਦਰਜ ਮਿ੍ਤਕ ਦੇ ਭਰਾ ਨੇ ਲਗਾਏ ਤੰਗ-ਪ੍ਰੇਸ਼ਾਨ ਕਰਨ ਤੇ ਮਰਨ ਲਈ ਮਜਬੂਰ ਕਰਨ ਦੇ ਦੋਸ਼
ਭੁਲੱਥ, 9 ਅਕਤੂਬਰ (ਮਨਜੀਤ ਸਿੰਘ ਰਤਨ)-ਬੀਤੇ ਦਿਨੀਂ ਭੁਲੱਥ ਸ਼ਹਿਰ ਦੇ ਵਸਨੀਕ ਵਰਿੰਦਰ ਕੁਮਾਰ ਉਰਫ਼ ਕਾਕਾ ਪੁੱਤਰ ਹਰਭਜਨ ਲਾਲ ਦੀ ਘਰੇਲੂ ਵਿਵਾਦ ਦੇ ਚੱਲਦਿਆਂ ਜ਼ਹਿਰੀਲੀ ਵਸਤੂ ਦਾ ਸੇਵਨ ਕਰਨ ਤੋਂ ਬਾਅਦ ਇਲਾਜ ਦੌਰਾਨ ਮੌਤ ਹੋਣ ਦੇ ਮਾਮਲੇ ਵਿਚ ਭੁਲੱਥ ਪੁਲਿਸ ਵਲੋਂ ਉਸ ਦੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਮਿ੍ਤਕ ਦੇ ਭਰਾ ਬਲਵਿੰਦਰ ਕੁਮਾਰ ਉਰਫ਼ ਬੱਬੂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੇ ਭਰਾ ਬਲਵਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਵਰਿੰਦਰ ਕੁਮਾਰ ਦੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਘਰ ਆ ਕੇ ਉਸ ਨਾਲ ਲੜਾਈ-ਝਗੜਾ ਕੀਤਾ ਜਾਂਦਾ ਸੀ | ਉਸ ਨੇ ਦੋਸ਼ ਲਾਇਆ ਕਿ ਪਰਿਵਾਰਕ ਵਿਵਾਦਾਂ ਕਾਰਨ ਵਰਿੰਦਰ ਕੁਮਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ | ਬਲਵਿੰਦਰ ਕੁਮਾਰ ਅਨੁਸਾਰ ਇਸੇ ਪ੍ਰੇਸ਼ਾਨੀ ਕਾਰਨ ਵਰਿੰਦਰ ਕੁਮਾਰ ਨੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਵੱਲੋਂ ਬਲਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਤਮੰਨਾ ਪਤਨੀ ਵਰਿੰਦਰ ਕੁਮਾਰ ਵਾਸੀ ਵਾਰਡ ਨੰਬਰ 8 ਭੁਲੱਥ, ਕਸ਼ਮੀਰ ਚੰਦ ਵਾਸੀ ਬਟਾਲਾ, ਰਿੰਕੂ ਕੁਮਾਰੀ ਪਤਨੀ ਕਸ਼ਮੀਰ ਚੰਦ ਵਾਸੀ ਬਟਾਲਾ ਅਤੇ ਰੱਜੀ ਪਤਨੀ ਮਿੰਟਾ ਵਾਸੀ ਬਜਾਜਾ, ਥਾਣਾ ਭੁਲੱਥ, ਖ਼ਿਲਾਫ਼ ਥਾਣਾ ਭੁਲੱਥ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |