ਸੜਕੀ ਵਿਕਾਸ ਪ੍ਰੋਜੈਕਟ ਤਹਿਤ 14 ਵਾਰਡਾਂ ਵਿਚ ਸੜਕਾਂ ਤੇ ਗਲੀਆਂ ਦੇ ਨਿਰਮਾਣ ਕਾਰਜ ਅਗਲੇ ਹਫ਼ਤੇ ਸ਼ੁਰੂ ਹੋਣਗੇ-ਅਕਾਸ਼ ਬਾਂਸਲ ਕਿਹਾ-8.62 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੜਕਾਂ ਤੇ ਗਲੀਆਂ ਲਈ ਵਰਕ ਆਰਡਰ ਜਾਰੀ
ਕਪੂਰਥਲਾ, 23 ਅਗਸਤ (ਅਮਰਜੀਤ ਕੋਮਲ)-ਸ਼ਹਿਰ ਦੇ 14 ਵਾਰਡਾਂ ਵਿਚ ਸੜਕੀ ਵਿਕਾਸ ਪ੍ਰੋਜੈਕਟ ਤਹਿਤ 8. 62 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਤੇ ਗਲੀਆਂ ਦੇ ਨਿਰਮਾਣ ਲਈ ਸਪੈਸ਼ਲ ਅਸਿਸਟੈੱਸ ਟੂ ਸਟੇਟਸ ਫਾਰ ਕੈਪੀਟਲ ਇਨਵੈਸਟਮੈਂਟ ਸਕੀਮ ਤਹਿਤ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਸਫ਼ਲ ਬੋਲੀ ਕਾਰਨ ਅਲਾਟ ਕਰ ਦਿੱਤਾ ਗਿਆ ਹੈ ਤੇ ਸਬੰਧਿਤ ਬੋਲੀਕਾਰ ਨੂੰ ਕੰਮ ਦੀ ਸ਼ੁਰੂਆਤ ਲਈ ਵਰਕ ਆਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਅਗਲੇ ਇਕ ਹਫ਼ਤੇ ਵਿਚ ਸ਼ਹਿਰ ਦੇ ਵਾਰਡ ਨੰਬਰ 6, 8, 9, 11, 12, 13, 17, 18, 22, 23, 24, 25, 32 ਤੇ 34 ਵਿਚ ਸੜਕਾਂ ਤੇ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਪ੍ਰਸ਼ਾਸਨ ਨਗਰ ਨਿਗਮ ਕਪੂਰਥਲਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਸ਼ਹਿਰ ਨਿਵਾਸੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਖੇਤਰਾਂ ਦੇ ਸਰਬਪੱਖੀ ਵਿਕਾਸ ਤੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਯੋਜਨਾਬੱਧ ਢੰਗ ਨਾਲ ਸਮੇਂ ਸਿਰ ਨੇਪਰੇ ਚਾੜਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਸ਼ਹਿਰ ਦੇ ਲੋਕਾਂ ਤੱਕ ਬਿਨਾ ਦੇਰੀ ਪਹੁੰਚ ਸਕੇ | ਨਗਰ ਨਿਗਮ ਦੇ ਪ੍ਰਸ਼ਾਸਕ ਨੇ ਕਿਹਾ ਕਿ ਸ਼ਹਿਰ ਵਿਚ ਸੜਕਾਂ ਤੇ ਗਲੀਆਂ ਬਣਨ ਨਾਲ ਨਾ ਕੇਵਲ ਆਵਾਜਾਈ ਸੁਚਾਰੂ ਹੋਵੇਗੀ ਸਗੋਂ ਸ਼ਹਿਰ ਦੀਆਂ ਸਮੁੱਚੀਆਂ ਗਤੀਵਿਧੀਆਂ ਵਿਚ ਸੁਧਾਰ ਆਵੇਗਾ | ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਤੇ ਕੰਮ ਕਰਨ ਵਾਲੀ ਏਜੰਸੀ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਸੜਕੀ ਵਿਕਾਸ ਪ੍ਰੋਜੈਕਟ ਤਹਿਤ ਨਿਰਮਾਣ ਕਾਰਜ ਤਹਿ ਕੀਤੇ ਗਏ ਮਾਪਦੰਡਾਂ ਤੇ ਗੁਣਵੱਤਾ ਅਨੁਸਾਰ ਕੀਤੇ ਜਾਣ | ਉਨ੍ਹਾਂ ਹਰ ਪੜਾਅ ‘ਤੇ ਯੋਗ ਨਿਗਰਾਨੀ ਰੱਖਣ ਤੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਨਿਸ਼ਚਿਤ ਸਮੇਂ ਅੰਦਰ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਉਨ੍ਹਾਂ ਦੀ ਵਿਸ਼ੇਸ਼ ਤਰਜੀਹ ਰਹੇਗੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਨਿਰਮਾਣ ਪ੍ਰਕਿਰਿਆ ਦੌਰਾਨ ਬੇਲੋੜੀ ਦੇਰੀ ਤੋਂ ਬਚਣਾ ਚਾਹੀਦਾ ਹੈ | ਇਸੇ ਦੌਰਾਨ ਹੀ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੇ ਦੱਸਿਆ ਕਿ ਨਗਰ ਨਿਗਮ ਬੁਨਿਆਦੀ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰਨ ਤੇ ਕਪੂਰਥਲਾ ਸ਼ਹਿਰ ਦੇ ਸਮੁੱਚੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਨਿਗਮ ਵਿਕਾਸ ਕਾਰਜਾਂ ਦੇ ਸੁਚੱਜੀ ਨਿਗਰਾਨੀ ਯਕੀਨੀ ਬਣਾਏਗਾ |