04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

04-10-2026

04-10-2026

Ad Position 21
No active advertisement
ਅਜੀਤ ਡੈਸਕ 04-10-2026

 ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ 
ਸੰਪਾਦਕ : ਗਗਨਦੀਪ ਸਿੰਘ ਵਿਰਕ ਅਤੇ ਨਰੇਸ਼ ਕੁਮਾਰ (ਪ੍ਰੋ.)
ਪ੍ਰਕਾਸ਼ਕ : ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ 
ਮੁੱਲ : 600 ਰੁਪਏ, ਸਫ਼ੇ : 164
ਸੰਪਰਕ : 98152-78844


ਵਿਸ਼ਵ ਪ੍ਰਸਿੱਧ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਇੱਕ ਲਾਸਾਨੀ ਜਿਊੜਾ ਸੀ | ਇੱਕ ਅਜਿਹਾ ਰਮਤਾ ਜੋਗੀ, ਜਿਸ ਦੇ ਪੈਰਾਂ ਦੇ ਚੱਕਰ ਨੇ ਉਸ ਨੂੰ  ਅਦਭੁਤ ਫੋਟੋ-ਪ੍ਰੇਮਾਂ ਦੀ ਭਾਲ ਵਿਚ ਪਿੰਡ-ਪਿੰਡ ਸ਼ਹਿਰ-ਸ਼ਹਿਰ ਅਤੇ ਦੇਸ਼-ਦੇਸ਼ ਘੁੰਮਾਈ ਰੱਖਿਆ | ਲਗਭਗ 85 ਸਾਲ ਦੀ ਘੁਮੱਕੜੀ ਜ਼ਿੰਦਗੀ ਦਾ ਲੁਤਫ਼ ਮਾਣ ਕੇ, 12 ਸਤੰਬਰ 2026 ਨੂੰ  ਉਹ ਇਸ ਸੰਸਾਰ ਨੂੰ  ਅਲਵਿਦਾ ਆਖ ਗਿਆ | ਇਹ 'ਸਿਮਰਤੀ ਗ੍ਰੰਥ' ਉਸ ਦੀਆਂ ਯਾਦਗਾਰਾਂ ਨੂੰ  ਸ਼ਬਦਾਂ ਅਤੇ ਤਸਵੀਰਾਂ ਰਾਹੀਂ ਸੰਭਾਲਣ ਦਾ ਸੰਜੀਦਾ ਯਤਨ ਹੈ | ਇਹ ਕਿਤਾਬ ਮਾਝੇ ਦੀ ਉਸ ਧਰਤੀ ਨੂੰ  ਸਮਰਪਿਤ ਹੈ, 'ਜਿਸ ਨੇ ਹਰਭਜਨ ਸਿੰਘ ਬਾਜਵਾ ਨੂੰ  ਸ਼ਖ਼ਸ ਤੋਂ ਸ਼ਖ਼ਸੀਅਤ ਵਜੋਂ ਮੌਲਣ, ਵਿਗਸਣ ਅਤੇ ਫੈਲਣ ਦਾ ਮੌਕਾ ਦਿੱਤਾ |' 
ਇਸ ਕਿਤਾਬ ਵਿਚ ਉਨ੍ਹਾਂ  ਲੇਖਕਾਂ ਅਤੇ ਹੋਰ ਸ਼ਖ਼ਸੀਅਤਾਂ ਦੇ ਲੇਖ ਸ਼ਾਮਿਲ ਹਨ, ਜਿਨਾਂ ਨੇ ਬਾਜਵਾ ਨੂੰ  ਬਹੁਤ ਨੇੜੇ ਤੋਂ ਵੇਖਿਆ ਸੀ | ਉਸ ਨਾਲ ਜ਼ਿੰਦਗੀ ਦੇ ਕੁਝ ਪਲ ਬਿਤਾਏ ਸਨ ਅਤੇ ਉਸ ਤੋਂ ਬਹੁਤ ਕੁਝ ਸਿੱਖਿਆ ਸੀ |
ਇਨ੍ਹਾਂ ਵਿਚ ਬੀਬੀ ਇੰਦਰਜੀਤ ਕੌਰ (ਪਿੰਗਲਵਾੜਾ), ਸਵਰਨ ਸਿੰਘ ਵਿਰਕ, ਪ੍ਰੋਫ਼ੈਸਰ ਗੁਰਭਜਨ ਗਿੱਲ, ਹਰਮੋਹਿੰਦਰ ਸਿੰਘ ਬੇਦੀ, ਪਿ੍ੰਸੀਪਲ ਸਰਵਣ ਸਿੰਘ, ਵਰਿਆਮ ਸਿੰਘ ਸੰਧੂ, ਆਤਮਜੀਤ, ਡਾ.ਐਸ.ਪੀ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਡਾ.ਰਵਿੰਦਰ, ਪ੍ਰੋਫ਼ੈਸਰ ਨਰੇਸ਼ ਕੁਮਾਰ, ਸਤਨਾਮ ਸਿੰਘ ਨਿੱਝਰ, ਵਿਸ਼ਾਲ, ਰਤੀਕੰਤ ਸਿੰਘ ਪ੍ਰੀਤਲੜੀ, ਅਤੈ ਸਿੰਘ, ਜਗੀਰ ਸਿੰਘ ਕਾਹਲੋਂ, ਹਰਪ੍ਰੀਤ ਸਿੰਘ ਹੁੰਦਲ, ਤ੍ਰੈਲੋਚਨ ਲੋਚੀ, ਡਾ. ਨਿਰਮਲ ਸਿੰਘ ਲਾਂਬੜਾ, ਬਲਜੀਤ ਕੌਰ ਰਿਆੜ ਅਤੇ ਲਖਵਿੰਦਰ ਸਿੰਘ ਜੌਹਲ ਸਮੇਤ ਤਿੰਨ ਦਰਜਨ ਤੋਂ ਵੱਧ ਲੇਖਕਾਂ ਦੇ ਲੇਖ ਸ਼ਾਮਿਲ ਹਨ |ਦੋ ਦਰਜਨ ਤੋਂ ਵੱਧ ਅਜਿਹੀਆਂ ਰੰਗਦਾਰ ਤਸਵੀਰਾਂ ਇਸ ਕਿਤਾਬ ਦਾ ਸ਼ਿੰਗਾਰ ਬਣੀਆਂ ਹਨ, ਜਿਨ੍ਹਾਂ ਵਿਚ ਹਰਭਜਨ ਸਿੰਘ ਬਾਜਵਾ ਆਪਣੇ ਦੋਸਤਾਂ, ਸੁਨੇਹੀਆਂ ਅਤੇ ਜਾਣੂਆਂ ਨਾਲ ਹਾਜ਼ਰ ਹੈ | ਬਾਜਵਾ ਦੀ ਜ਼ਿੰਦਗੀ ਨਾਲ ਸੰਬੰਧਿਤ ਯਾਦਾਂ ਦੀਆਂ ਕਥਾ-ਕਹਾਣੀਆਂ ਨਾਲ ਭਰੇ ਹੋਏ ਲੇਖਾਂ ਦੇ ਨਾਲ-ਨਾਲ, ਬਾਜਵਾ ਦੀ ਹੱਥ-ਲਿਖਤ ਅਤੇ ਹੋਰ ਸਾਹਿਤਕਾਰਾਂ-ਸ਼ਖ਼ਸੀਅਤਾਂ ਵਲੋਂ ਬਾਜਵਾ ਨੂੰ  ਲਿਖੇ ਗਏ ਪੱਤਰਾਂ ਦੀਆਂ ਫੋਟੋ ਕਾਪੀਆਂ ਵੀ ਇਸ ਕਿਤਾਬ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ | ਬਾਜਵਾ ਨੂੰ   ਪੱਤਰ ਲਿਖਣ ਵਾਲਿਆਂ ਵਿਚ ਸ਼ਾਮਿਲ ਹਨ ਗੁਰਬਖਸ਼ ਸਿੰਘ ਪ੍ਰੀਤਲੜੀ, ਅਮਿ੍ਤਾ ਪ੍ਰੀਤਮ, ਸ਼ੋਭਾ ਸਿੰਘ, ਬਲਰਾਜ ਸਾਹਨੀ, ਕਰਤਾਰ ਸਿੰਘ ਦੁੱਗਲ, ਅਤੇ ਪਾਕਿਸਤਾਨੀ ਲੇਖਕ ਬਾਬਾ ਨਜ਼ਮੀ |
ਇਨ੍ਹਾਂ ਲੇਖਾਂ ਤਸਵੀਰਾਂ ਅਤੇ ਚਿੱਠੀ ਪੱਤਰਾਂ ਦੇ ਨਾਲ ਨਾਲ ਹਰਭਜਨ ਸਿੰਘ ਬਾਜਵਾ ਵਲੋਂ ਲਿਖੀ ਗਈ ਵਾਰਤਕ ਵੀ ਇਸ ਵਿਚ ਸ਼ਾਮਿਲ ਕੀਤੀ ਗਈ ਹੈ ਅਤੇ ਉਸ ਵਲੋਂ ਲਿਖੇ ਗਏ ਚਾਰ ਕਾਵਿ ਸੰਗ੍ਰਹਿਆਂ ਵਿਚੋਂ ਕੁਝ ਕਵਿਤਾਵਾਂ ਵੀ ਇਸ ਵਿਚ ਅੰਕਿਤ ਹਨ | 
ਇਨ੍ਹਾਂ ਲਿਖਤਾਂ, ਲੇਖਾਂ ਅਤੇ ਤਸਵੀਰਾਂ ਰਾਹੀਂ ਹਰਭਜਨ ਸਿੰਘ ਬਾਜਵਾ ਦੀ ਸ਼ਖ਼ਸੀਅਤ ਦੀਆਂ ਗਹਿਰੀਆਂ-ਖੂਬਸੂਰਤ ਪਰਤਾਂ ਨੂੰ  ਉਜਾਗਰ ਕਰਨ ਅਤੇ ਸੰਭਾਲਣ ਦਾ ਇਹ ਦਸਤਾਵੇਜ਼ੀ ਉੱਦਮ, ਬੇਹੱਦ ਸਲਾਹੁਣਯੋਗ ਯੋਗ ਹੈ | ਸਵਰਨ ਸਿੰਘ ਵਿਰਕ ਅਤੇ ਪ੍ਰੋਫ਼ੈਸਰ ਗੁਰਭਜਨ ਗਿੱਲ ਦੀ ਸਰਪ੍ਰਸਤੀ ਹੇਠ ਇਸ ਕਿਤਾਬ ਦੀ ਸੰਪਾਦਨਾ ਨੂੰ  ਗਗਨਦੀਪ ਸਿੰਘ ਵਿਰਕ ਅਤੇ ਪ੍ਰੋਫ਼ੈਸਰ ਨਰੇਸ਼ ਕੁਮਾਰ (ਧਰਮਸ਼ਾਲਾ) ਨੇ ਅਤਿ ਸੂਖ਼ਮ ਕਲਾਤਮਿਕਤਾ ਅਤੇ ਸੰਜੀਦਗੀ ਨਾਲ ਨੇਪਰੇ ਚਾੜਿ੍ਹਆ ਹੈ | ਇਸ ਸਿਮਰਤੀ ਗ੍ਰੰਥ ਦੇ ਖ਼ੂਬਸੂਰਤ ਸਫ਼ਿਆਂ ਉੱਤੇ ਸ਼ਬਦਾਂ ਅਤੇ ਤਸਵੀਰਾਂ ਰਾਹੀਂ ਹਾਜ਼ਰ ਹਰਭਜਨ ਸਿੰਘ ਬਾਜਵਾ, ਆਪਣੀ ਸ਼ਖ਼ਸੀਅਤ ਅਤੇ ਫੋਟੋ-ਕਲਾ ਦੇ ਸ਼ਾਬਦਿਕ ਝਲਕਾਰਿਆਂ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦਾ ਰਹੇਗਾ | ਇਹ ਸਿਮਰਤੀ ਗ੍ਰੰਥ ਵੇਖਣਯੋਗ ਵੀ ਹੈ ਅਤੇ ਪੜ੍ਹਨਯੋਗ ਵੀ |


-ਡਾ.ਲਖਵਿੰਦਰ ਸਿੰਘ ਜੌਹਲ 
ਮੋਬਾਈਲ : 94171-94812

ਜ਼ਫ਼ਰਨਾਮਾ
ਸ੍ਰੀ ਗੁਰੂ ਗੋਬਿੰਦ ਸਿੰਘ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 128
ਸੰਪਰਕ : 78379-11000

ਜ਼ਫ਼ਰਨਾਮਾ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਭਾਸ਼ਾ ਵਿਚ ਲਿਖੀ ਮਹੱਤਵਪੂਰਨ ਰਚਨਾ ਹੈ | ਇਸ ਪੁਸਤਕ ਦੇ ਸੰਪਾਦਕ ਵਲੋਂ ਜ਼ਫ਼ਰਨਾਮਹ ਦੇ 111 ਛੰਦਾਂ ਦੀ ਵਿਆਖਿਆ ਤੋਂ ਪਹਿਲਾਂ ਤਕਰੀਬਨ 8 ਕੁ ਸਫ਼ਿਆਂ ਵਿਚ ਜ਼ਫ਼ਰਨਾਮਹ ਬਾਰੇ ਬੜੀ ਭਾਵਪੂਰਤ ਜਾਣਕਾਰੀ ਦਿੱਤੀ ਗਈ ਹੈ | ਇਸ ਵਿਚੋਂ ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ:-
-ਗੁਰਦੁਆਰਾ ਲੋਹਗੜ੍ਹ ਸਾਹਿਬ ਪਿੰਡ ਦੀਨਾ ਸਿੱਖ ਇਤਿਹਾਸ ਵਿਚ ਬਹੁਤ ਇਤਿਹਾਸਕ, ਨਿਵੇਕਲਾ ਅਤੇ ਮਹੱਤਵਪੂਰਨ ਸਥਾਨ ਰੱਖਦਾ ਹੈ | ਇਸ ਅਸਥਾਨ 'ਤੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਭਾਸ਼ਾ ਵਿਚ ਪ੍ਰਸਿੱਧ ਰਚਨਾ 'ਜ਼ਫ਼ਰਨਾਮਹ' ਦੀ ਰਚਨਾ ਕੀਤੀ ਸੀ | ਗੁਰੂ ਜੀ ਨੇ ਇਸ ਫ਼ਤਹਿ ਦੀ ਚਿੱਠੀ, ਜ਼ਫ਼ਰਨਾਮਾ, ਔਰੰਗਜ਼ੇਬ ਨੂੰ  ਉਸ ਦੇ ਜੀਵਨ ਦੇ ਆਖ਼ਰੀ ਦਿਨਾਂ ਵਿਚ ਦੱਖਣ ਵਿਚ ਭੇਜੀ ਸੀ |
-ਜ਼ਫ਼ਰਨਾਮਹ ਅੰਦਰ ਫ਼ਾਰਸੀ ਵਿਚ ਰਚੇ ਕੁੱਲ 111 ਛੰਦ ਹਨ | ਗੁਰੂ ਜੀ ਦਸੰਬਰ ਅਖ਼ੀਰ 1704 ਈ: ਵਿਚ ਅਨੰਦਪੁਰ ਛੱਡਦੇ ਹਨ, ਦੀਨੇ ਪਹਿਲੇ ਹਫ਼ਤੇ ਜਨਵਰੀ, 1705 ਈ. ਵਿਚ ਆਏ ਬਣਦੇ ਹਨ | ਢਾਈ ਕੁ ਮਹੀਨੇ ਦੀਨੇ ਠਹਿਰਦੇ ਹਨ | ਦੀਨੇ ਤੋਂ ਚੱਲ ਕੇ 8 ਅਪ੍ਰੈਲ, 1705 ਈ. ਨੂੰ  ਖਿਦਰਾਣੇ ਦੀ ਜੰਗ ਲੜਦੇ ਹਨ | ਇਸ ਹਿਸਾਬ ਨਾਲ ਇਹ ਪੱਤਰ ਮਾਰਚ, 1705 ਈ. ਵਿਚ ਮੁਕੰਮਲ ਹੋਇਆ ਹੋਵੇਗਾ | ਇਸ ਪੱਤਰ ਨੂੰ  ਮੁਕੰਮਲ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਦੀਨੇ ਵਿਚ ਮੌਜੂਦ ਸੰਗਤ ਨੂੰ  ਸਰਲ ਅਰਥਾਂ ਵਿਚ ਪੜ੍ਹ ਕੇ ਸੁਣਾਇਆ ਗਿਆ | ਗੁਰੂ ਜੀ ਨੇ ਦੋ ਪਿਆਰਿਆਂ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਨੂੰ  ਕਾਸਦ ਬਣਾ ਕੇ ਇਹ ਪੱਤਰ ਦੱਖਣ ਵਿਚ ਔਰੰਗਜ਼ੇਬ ਨੂੰ  ਖ਼ੁਦ ਆਪਣੇ ਹੱਥੀਂ ਦੇਣ ਲਈ ਭੇਜਿਆ |
ਜਗਤਾਰ ਸਿੰਘ ਭੰਗੂ ਨੇ ਜ਼ਫ਼ਰਨਾਮੇ ਦੇ ਸਾਰੇ ਛੰਦਾਂ ਦੀ ਬੜੀ ਭਾਵਪੂਰਤ, ਸਰਲ ਤੇ ਸਪੱਸ਼ਟ ਵਿਆਖਿਆ ਕੀਤੀ ਹੈ | 
ਸੰਪਾਦਕ ਨੇ ਹਰ ਛੰਦ ਦੀ ਵਿਆਖਿਆ ਦੇ ਥੱਲੇ ਔਖੇ ਸ਼ਬਦਾਂ ਦੇ ਅਰਥ ਵੀ ਲਿਖੇ ਹਨ | ਨਿਰਸੰਦੇਹ ਪੂਰੀ ਪੁਸਤਕ ਇਕਾਗਰਚਿਤ ਹੋ ਕੇ ਪੜ੍ਹਨੀ ਚਾਹੀਦੀ ਹੈ |

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਖੁਸ਼ਬੂ
ਲੇਖਕ : ਸ਼ਰੇਅ ਜਨਾਰਦਨ
ਅਨੁਵਾਦਕ : ਡਾ. ਹਰਕਮਲ ਕੌਰ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 300 ਰੁਪਏ, ਸਫ਼ੇ : 87

ਸ਼ਰੇਅ ਜਨਾਰਦਨ ਇਕ ਅਜਿਹਾ ਨੌਜਵਾਨ ਕਵੀ ਸੀ, ਜਿਸ ਨੇ ਅਜੇ ਜ਼ਿੰਦਗੀ ਵਿਚ ਬੜੀਆਂ ਮੱਲਾਂ ਮਾਰਨੀਆਂ ਸਨ ਅਤੇ ਸਾਹਿਤਕ ਖੇਤਰ ਵਿਚ ਨਾਮਣਾ ਖੱਟਣਾ ਸੀ, ਪਰ ਕੁਦਰਤ ਨੂੰ  ਕੁਝ ਹੋਰ ਹੀ ਮਨਜ਼ੂਰ ਸੀ | 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਹੂ-ਬਹੂ ਸ਼ਰੇਅ ਦੀ ਜ਼ਿੰਦਗੀ 'ਤੇ ਢੁਕਦੀਆਂ ਹਨ | ਸ਼ਰੇਅ ਹੋਣਹਾਰ ਲੜਕਾ ਸੀ ਜੋ ਪੜ੍ਹਾਈ ਦੇ ਨਾਲ-ਨਾਲ ਸਾਹਿਤ ਨਾਲ ਵੀ ਆਪਣਾ ਨਾਤਾ ਬਾਖ਼ੂਬੀ ਨਿਭਾਅ ਰਿਹਾ ਸੀ | ਇਸ ਨਾਤੇ ਦੀ ਮਹਿਕ 'ਖੁਸ਼ਬੂ' ਕਾਵਿ-ਪੁਸਤਕ ਜਿਸ ਵਿਚ ਉਸ ਦੀਆਂ ਕੁਝ ਵਾਰਤਕ ਰਚਨਾਵਾਂ ਵੀ ਸ਼ਾਮਿਲ ਹਨ, ਉਸ ਦੇ ਮਾਤਾ ਪਿਤਾ ਨੇ ਨਿੱਘੀ ਯਾਦ ਦੇ ਰੂਪ ਵਿਚ ਪੇਸ਼ ਕੀਤੀ ਹੈ | ਇਨ੍ਹਾਂ ਕਵਿਤਾਵਾਂ ਨੂੰ  ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸ਼ਰੇਅ ਜ਼ਿੰਦਗੀ ਨਾਲ ਸੰਵਾਦੀ ਸੁਰ ਵਿਚ ਰੂ-ਬਰੂ ਹੋ ਰਿਹਾ ਹੋਵੇ | ਇਸੇ ਕਰਕੇ ਹੀ ਉਸ ਦੀ ਕਵਿਤਾ ਅੰਤਰਮੁਖੀ ਵੀ ਜਾਪਦੀ ਹੈ ਅਤੇ ਫਲਸਫ਼ਾਨਾ ਰੰਗ ਨੂੰ  ਵੀ ਆਪਣੇ-ਆਪ ਵਿਚ ਸਮਾਈ ਬੈਠੀ ਹੈ ਜਿਵੇਂ :
ਜਦ ਵੀ ਮੈਂ ਆਪਣੇ ਦਿਲ ਦਿਮਾਗ਼ ਦੇ
ਵਿਸ਼ਾਲ ਕੈਨਵਸ ਵੱਲ ਝਾਕਦਾ ਹਾਂ
ਤਾਂ ਮੈਨੂੰ ਨਜ਼ਰ ਆਉਂਦਾ ਹੈ
ਸਾਡੀ ਜ਼ਿੰਦਗੀ ਦੁਆਲੇ ਵਿਚਰਦਾ ਸੰਸਾਰ
ਜਿਸ ਨੂੰ  ਅਸੀਂ ਜਾਣਦੇ ਵੀ ਹਾਂ ਅਤੇ ਨਹੀਂ ਵੀ |
ਉਸ ਦੀ ਕਵਿਤਾ ਵਿਚਲਾ ਪਿਆਰ ਅਨੁਭਵ ਪਾਠਕ ਨੂੰ  ਪ੍ਰਭਾਵਿਤ ਕਰਦਾ ਹੈ ਕਿਉਂਕਿ ਇਹ ਪਿਆਰ ਦੁਨਿਆਵੀ ਪਿਆਰ ਨਹੀਂ ਜਾਪਦਾ ਸਗੋਂ ਆਤਮਿਕ ਉੱਚਤਾ ਦੀ ਸਾਰਥਕਤਾ ਦੀ ਗਵਾਹੀ ਬਣਦਾ ਹੈ | ਇਸ ਪੁਸਤਕ ਵਿਚ ਕਵਿਤਾਵਾਂ ਦੇ ਨਾਲ-ਨਾਲ ਖ਼ੂਬਸੂਰਤ ਪੇਟਿੰਗਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਜਿਹੜੀਆਂ ਕਵਿਤਾਵਾਂ ਵਿਚ ਅਨੁਭਵ ਨਾਲ ਮੇਲ ਖਾਂਦੀਆਂ ਹਨ | ਸ਼ਰੇਅ ਜਨਾਰਦਨ ਦੀ ਪੁਸਤਕ 'Sillage' ਦਾ ਇਹ ਪੰਜਾਬੀ ਅਨੁਵਾਦ ਡਾ. ਹਰਕਮਲ ਕੌਰ ਨੇ ਕੀਤਾ ਹੈ | ਵਾਰਤਕ ਦੀ ਪੇਸ਼ਕਾਰੀ ਵੀ ਪੁਸਤਕ ਸੰਖੇਪ ਲੇਖਾਂ ਦੇ ਰੂਪ ਵਿਚ ਪੇਸ਼ ਹੋਈ ਹੈ, ਜਿਨ੍ਹਾਂ ਦੀ ਗਿਣਤੀ ਵੀ ਵਧੇਰੇ ਨਹੀਂ ਪਰ ਪੁਸਤਕ ਦੇ ਸ਼ੁਰੂ ਵਿਚ ਇਕੋ ਤਰਜ਼ ਵਾਲੇ ਅਨੁਭਵ ਵਾਲੀਆਂ ਕਵਿਤਾਵਾਂ ਵੱਖ-ਵੱਖ ਸਿਰਲੇਖਾਂ ਅਧੀਨ ਪੇਸ਼ ਹੋਈਆਂ ਹਨ ਜੋ ਸ਼ਰੇਅ ਜਨਾਰਦਨ ਦੀ ਜ਼ਿੰਦਗੀ ਦੇ ਅਨੁਭਵ ਨੂੰ  ਯਾਦਾਂ ਦੇ ਰੂਪ ਵਿਚ ਤਾਜ਼ਾ ਕਰਦੀਆਂ ਹਨ |

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਸਫਰ-ਏ-ਸ਼ਾਰਜਾਹ 
ਲੇਖਕ: ਗਿਆਨ ਸਿੰਘ ਧਾਲੀਵਾਲ 
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ 
ਮੁੱਲ 250 ਰੁਪਏ, ਸਫ਼ੇ : 84 
ਸੰਪਰਕ : 94638-36591


ਕੁਝ ਪੁਸਤਕਾਂ ਜਾਣਕਾਰੀ ਭਰਪੂਰ ਹੁੰਦੀਆਂ ਹਨ ਤੇ ਸੱਚੀਆਂ ਕਹਾਣੀਆਂ ਵਰਗੀਆਂ ਵੀ | ਹਥਲੀ ਕਿਤਾਬ ਵੀ ਕੁਝ ਅਜਿਹੇ ਹੀ ਰੰਗ ਦੀ ਹੈ ਜਿਸ ਨੂੰ  ਸਫ਼ਰਨਾਮਾ ਕਹਿ ਸਕਦੇ ਹਾਂ | ਇਹ ਸ਼ਾਰਜਹਾ-ਦਾ-ਸਫ਼ਰ ਹੈ ਤੇ ਲੇਖਕ ਨੇ ਇਸ ਨੂੰ  ਆਪਣੇ ਅੱਖੀਂ ਡਿੱਠੇ ਹਾਲ ਵਾਂਗ ਬਿਆਨ ਕੀਤਾ ਹੈ | ਬੇਸ਼ਕ ਬਾਹਰੀ ਪੱਧਰ 'ਤੇ ਇਹ ਸੁਹਣਾ ਤੇ ਖ਼ੂਬਸੂਰਤ ਦਿਸਦਾ ਹੈ ਤੇ ਹਰੇਕ ਨੂੰ  ਖਿੱਚ ਪਾਉਂਦਾ ਹੈ, ਪ੍ਰੰਤੂ ਅਸਲ ਮਾਅਨਿਆਂ 'ਚ ਜਿਹੜੇ ਇਥੇ ਕੰਮ ਦੀ ਭਾਲ ਵਿਚ ਆਉਂਦੇ ਹਨ, ਉਹ ਜਦ ਹਕੀਕਤ ਦੀ ਜ਼ਮੀਨ ਨਾਲ ਟਕਰਾਉਂਦੇ ਹਨ ਤਾਂ ਆਟੇ ਲੂਣ ਦਾ ਭਾਅ ਪਤਾ ਲਗਦਾ ਹੈ | ਜਿਹੜੇ ਕਿਸੇ ਭਰਮ 'ਚ ਜਾਂ ਕਿਸੇ ਦੇ ਚੱਕੇ ਚਕਾਏ ਤੇ ਬਿਨਾਂ ਸਮਝੇ ਏਥੇ ਦਾ ਰੁਖ ਕਰਦੇ ਹਨ ਉਨ੍ਹਾਂ ਨੂੰ  ਕਿਵੇਂ ਸੰਘਰਸ਼ ਕਰਨਾ ਪੈਂਦਾ ਹੈ, ਇਸ ਵਿਚ ਉਹ ਤੱਥ ਬਿਆਨ ਕੀਤੇ ਗਏ ਹਨ | ਏਜੰਟਾਂ ਦੀ ਬੇਈਮਾਨੀ ਤੇ ਠੱਗੀਆਂ ਨੂੰ  ਆਪਣੀ ਕਲਮ ਨਾਲ ਵਾਹੁੰਦਿਆਂ ਲੇਖਕ ਬਹੁਤ ਕੁਝ ਅਜਿਹਾ ਸਾਹਮਣੇ ਲਿਆਉਂਦਾ ਹੈ ਜੋ ਨਵੇਂ ਰੁਜ਼ਗਾਰ ਹਾਸਿਲ ਕਰਨ ਵਾਲਿਆਂ ਲਈ ਨਸੀਹਤ ਬਣ ਜਾਂਦਾ ਹੈ | ਜਿਹੜੇ ਏਜੰਟਾਂ ਦੇ ਧੱਕੇ ਚੜ੍ਹ ਕੇ ਤੇ ਪੈਸਾ ਬਰਬਾਦ ਕਰਕੇ ਵੀ ਕੁਝ ਹਾਸਿਲ ਨਹੀਂ ਕਰ ਪਾਉਂਦੇ ਉਨ੍ਹਾਂ ਨੂੰ  ਬਚਾਉਣ ਲਈ ਸਾਡੇ ਸੁੁਹਿਰਦ ਪੰਜਾਬੀ ਸਾਹਮਣੇ ਆਉਂਦੇ ਹਨ | ਪਰ ਇਸ ਨਰਕਰੂਪੀ ਦਲਦਲ 'ਚ ਧਸੇ ਬਹੁਤਿਆਂ ਪਾਸ ਤਾਂ ਜੇਬ ਖਰਚੀ ਵੀ ਨਹੀਂ ਹੁੰਦੇ | ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਅੱਗੇ ਆਉਣਾ ਸਾਡਾ ਫ਼ਰਜ਼ ਵੀ ਹੈ ਤੇ ਧਰਮ ਵੀ | ਪਰ ਇਹ ਫ਼ਰਜ਼ ਤੇ ਧਰਮ ਨਿਭਾਉਂਦੇ ਕਿੰਨੇ ਕੁੁ ਹਨ? ਏਥੇ ਫਸੇ ਨੌਜਵਾਨ ਕਿਸੇ ਵੀ ਤਰ੍ਹਾਂ ਆਪਣੇ ਭਾਰਤ ਪਹੁੰਚਣ ਲਈ ਤੜਫ਼ਦੇ ਰਹਿੰਦੇ ਹਨ | ਕਿਸੇ ਮੁੰਡੇ ਦਾ ਕਥਨ, 'ਇਥੇ ਵੀ ਤਾਂ ਮਰਨਾ ਈ ਐ | ਬੱਸ ਓਮਾਨ ਪਹੁੰਚ ਜਾਈਏ ਕਿਸੇ ਤਰ੍ਹਾਂ, ਫੇਰ ਹਿੰਦੁਸਤਾਨ ਜਾਣ ਦਾ ਹੀਲਾ ਬਣਜੂ |'
ਪੀੜਤ ਜਵਾਨੀ ਦੀ ਸਾਰ ਲੈਂਦਾ ਤੇ ਢੁਕਵੀਂ ਜਿਹੀ ਕਹਾਣੀ ਪਾਉਂਦੀ ਇਹ ਪੁਸਤਕ ਆਮ ਪਾਠਕ ਲਈ ਪੜ੍ਹਨੀ ਬਣਦੀ ਹੈ | ਸ਼ਾਇਦ ਕੁਝ ਸੀਖ ਮਿਲ ਜਾਵੇ |  

 

ਤੋਲਸਤੋਏ ਦੀਆਂ ਸੋਲਾਂ ਕਹਾਣੀਆਂ 
ਅਨੁਵਾਦ : ਹੁਸਨਬੀਰ ਸਿੰਘ ਪੰਨੂ 
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 175 ਰੁਪਏ, ਸਫ਼ੇ : 123 
ਸੰਪਰਕ : 91158-72450 


 ਤਾਲਸਤਾਏ ਇਕ ਬਹੁਚਰਚਿਤ ਤੇ ਸ਼ਸ਼ੱਕਤ ਸਾਹਿਤਕਾਰ ਮੰਨੇ ਗਏ ਹਨ | ਉਨ੍ਹਾਂ ਦੀਆਂ ਕਹਾਣੀਆਂ ਤੇ ਨਾਵਲਾਂ ਨੇ ਸਮੇਂ ਸਮੇਂ ਪਾਠਕਾਂ ਦਾ ਧਿਆਨ ਖਿੱਚਿਆ | ਇਸ ਪੁਸਤਕ ਦੀਆਂ ਕਹਾਣੀਆਂ ਵੀ ਇਸ ਤੱਥ ਕੀ ਗਵਾਹੀ ਭਰਦੀਆਂ ਹਨ | ਤਿੰਨ ਸਾਧ ਇਸ ਪੁਸਤਕ ਦੀ ਇਕ ਮਹੱਤਵਪੂਰਨ ਕਥਾ ਰਚਨਾ ਹੈ | ਪਾਦਰੀ, ਮਲਾਹ ਤੇ ਸੰਨਿਆਸੀ ਦੇ ਆਪਸੀ ਸੰਵਾਦ ਦੀ ਕਥਾ ਬਿਆਨ ਕਰਦੀ ਇਹ ਅੰਤ ਤੱਕ ਪਾਠਕ ਨੂੰ  ਆਪਣੇ ਨਾਲ ਬੰਨ੍ਹੀ ਰੱਖਦੀ ਹੈ ਤੇ ਅਖੀਰ ਵਿਚ ਇਕ ਵਾਕ ਆਉਂਦਾ ਹੈ, 'ਜਿੰਨਾ ਚਿਰ ਅਸੀਂ ਪਾਠ ਕਰਦੇ ਰਹੇ, ਸਾਨੂੰ ਯਾਦ ਰਿਹਾ, ਪਰ ਘੰਟੇ ਬਾਅਦ ਹੀ ਭੁੱਲ ਗਏ | ਸਾਨੂੰ ਦੁਬਾਰਾ ਸਿਖਾਓ |'  
ਸੰਗਿ੍ਹ ਦੀਆਂ ਦੂਸਰੀਆਂ ਕਹਾਣੀਆਂ ਵੀ ਧਿਆਨ ਖਿੱਚਦੀਆਂ ਹਨ ਮਸਲਨ 'ਜ਼ਿੰਦਗੀ ਦਾ ਮਕਸਦ' ਤੇ 'ਚੰਗਿਆੜੀ' | 'ਰੱਬ ਨੂੰ  ਕਾਹਦੀ ਕਾਹਲ' ਵੀ ਇਸ ਪੁਸਤਕ ਦਾ ਹਾਸਲ ਹੈ | ਕਹਾਣੀ ਦਾ ਇਕ ਵਾਕ, ਉਸ ਦੀ ਹੁਣ ਜੇਲ੍ਹ ਛੱਡਣ ਦੀ ਇੱਛਾ ਨਹੀਂ ਸੀ, ਪਰ ਸਿਰਫ਼ ਆਪਣੀ ਆਖ਼ਰੀ ਘੜੀ ਆਉਣ ਦੀ ਉਮੀਦ ਹੈ | ਪੁਸਤਕ ਦੀ ਪਹਿਲੀ ਹੀ ਕਹਾਣੀ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਲੇਖਕ ਨੂੰ  ਜ਼ਿੰਦਗੀ ਤੇ ਯਥਾਰਥ ਨਾਲ ਖਹਿਣਾ ਆਉਂਦਾ ਹੈ ਤੇ ਉਹ ਉਸ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਇੱਕ ਫਾਂਸੀ ਯਾਫਤਾ ਮੁਜ਼ਰਿਮ ਦੇ ਹਾਲਾਤ ਤੇ ਸਿਸਟਮ ਨੂੰ  ਵਿਅੰਗਾਤਮਿਕ ਨਜ਼ਰੀਏ ਨਾਲ ਪੇਸ਼ ਕਰਦਾ ਹੈ | ਕਹਾਣੀ 'ਤਿੰਨ ਸਵਾਲ' ਵੀ ਪਾਠਕ ਦਿਲਚਸਪੀ ਨਾਲ ਪੜ੍ਹ ਸਕਦੇ ਹਨ | ਸਾਰੀਆਂ ਕਹਾਣੀਆਂ ਉਨ੍ਹਾਂ ਵੇਲਿਆਂ ਦੀ ਹਕੀਕਤ ਨੂੰ  ਲੇਖਕ ਦੇ ਆਪਣੇ ਖਾਸ ਅੰਦਾਜ਼ ਵਿਚ ਪੇਸ਼ ਹੁੰਦੀਆਂ ਹਨ | ਅੱਜ ਦੀ ਗੁੰਝਲਦਾਰ ਕਹਾਣੀ ਦੀ ਨਿਸਬਤ ਸਾਦੇ ਤੇ ਸਰਲ ਢੰਗ ਨਾਲ ਆਪਣੀ ਗੱਲ ਮੰਨਵਾ ਜਾਂਦੀਆਂ ਹਨ | ਇਹੀ ਕਿਸੇ ਸਾਹਿਤਕ ਰਚਨਾ ਦੀ ਖਾਸੀਅਤ ਹੁੰਦੀ ਹੈ | ਅਨੁਵਾਦਕ ਨੇ ਵੀ ਚੰਗਾ ਅਨੁਵਾਦ ਕੀਤਾ ਹੈ ਤੇ ਪੰਜਾਬੀ ਪਾਠਕ ਦੇ ਹਾਣ ਦਾ ਬਣ ਾਉਣ ਲਈ ਪੂਰੀ ਵਾਹ ਲਾਈ ਹੈ |


-ਮੋਬਾਈਲ : 98145-07693 

ਹੁਣ ਉਹ ਗੱਲਾਂ ਕਿੱਥੇ...
ਲੇਖਕ : ਗੁਰਬਾਜ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 174
ਸੰਪਰਕ: 74948-87787


ਗੁਰਬਾਜ ਸਿੰਘ ਦੀ ਇਹ ਪਲੇਠੀ ਵਾਰਤਕ ਪੁਸਤਕ 'ਹੁਣ ਉਹ ਗੱਲਾਂ ਕਿੱਥੇ...' ਪਿਛਲੇ 14 ਸਾਲਾਂ ਵਿਚ ਵੱਖ-ਵੱਖ ਅਖ਼ਬਾਰਾਂ ਵਿਚ ਛਪੇ ਉਸ ਦੇ 37 ਲੇਖਾਂ 'ਤੇ ਆਧਾਰਿਤ ਹੈ, ਜਿਸ ਵਿਚ ਪੁਰਾਤਨ ਪੰਜਾਬੀ ਵਿਰਸਾ ਅਤੇ ਬਦਲੀ ਹੋਈ ਵਰਤਮਾਨ ਤਰਜ਼ੇ ਜ਼ਿੰਦਗੀ ਇਕ ਗੰਭੀਰ, ਰੌਚਿਕ ਤੇ ਸਾਰਥਕ ਸੰਵਾਦ-ਸਥਿਤੀ ਵਿਚ ਹੈ | ਇਸ ਸੰਵਾਦ ਦੇ ਕੇਂਦਰ ਵਿਚ ਪੁਰਾਤਨ ਜਾਂ ਬਦਲੀ ਹੋਈ ਵਰਤਮਾਨ ਜ਼ਿੰਦਗੀ ਵਿਚੋਂ ਕਿਸੇ ਇਕ ਨੂੰ  ਮੁਕੰਮਲ ਰੂਪ ਵਿਚ ਨਕਾਰਨ ਜਾਂ ਸਕਾਰਨ, ਵਡਿਆਉਣ ਜਾਂ ਨਿੰਦਣ ਦਾ ਇਕਪੱਖੀ ਤਰਕ ਨਹੀਂ ਸਗੋਂ ਵਿਰਸੇ ਦੀਆਂ ਚੰਗੀਆਂ ਉਪਯੋਗੀ ਕਦਰਾਂ-ਕੀਮਤਾਂ ਨੂੰ  ਆਧੁਨਿਕ ਜੀਵਨ ਸ਼ੈਲੀ ਵਿਚ ਸੁਮੋਣ ਨਾਲ ਸੰਬੰਧਿਤ ਹੈ | ਇਹ ਕਦਰਾਂ-ਕੀਮਤਾਂ ਹੀ ਵਿਰਸੇ ਦੀਆਂ ਜੜ੍ਹਾਂ ਹਨ |  ਜਿਨ੍ਹਾਂ ਨਾਲ ਜੁੜਨਾ ਵਿਰਸੇ ਦੇ ਗੌਰਵ ਨੂੰ  ਕਾਇਮ ਰੱਖਣ ਤੱਕ ਹੀ ਸੀਮਤ ਨਹੀਂ ਬਲਕਿ ਆਣ ਵਾਲੀਆਂ ਪੀੜ੍ਹੀਆਂ ਲਈ ਪ੍ਰਵਾਹਮਾਨ ਕਰਨ ਦੀ ਦਿ੍ਸ਼ਟੀ ਤੋਂ ਵੀ ਇਨ੍ਹਾਂ ਦੀ ਹਿਫ਼ਾਜ਼ਤ ਨਿਹਾਇਤ ਜ਼ਰੂਰੀ ਹੈ | ਅਤੀਤ ਨੂੰ  ਸਮਝਣ, ਵਰਤਮਾਨ ਨੂੰ  ਸੰਭਾਲਣ ਤੇ ਭਵਿੱਖ ਨੂੰ  ਸੁਰੱਖਿਅਤ ਰੱਖਣ ਦੀ ਤ੍ਰੈਕਾਲਿਕ ਦਿ੍ਸ਼ਟੀ ਇਸ ਪੁਸਤਕ ਦੇ ਪਾਠ ਦੀ ਵਿਸ਼ੇਸ਼ ਤਾਕਤ ਬਣ ਕੇ ਉੱਭਰਦੀ ਹੈ | ਪੁਰਾਣੇ ਪੰਜਾਬ ਦੇ ਸੁਨਹਿਰੀ ਦੌਰ ਦੀਆਂ ਬਾਤਾਂ ਅਤੇ ਪਦਾਰਥਵਾਦੀ ਦਿਖਾਵੇ ਭਰਪੂਰ ਮੌਜੂਦਾ ਜ਼ਿੰਦਗੀ ਦੇ ਯਥਾਰਥ ਦਾ ਬਿਰਤਾਂਤ ਭਰਪੂਰ ਲੌਕਿਕ ਦਿ੍ਸ਼ਾਂ ਸਹਿਤ ਵਾਰ-ਵਾਰ ਇਨ੍ਹਾਂ ਲੇਖਾਂ ਵਿਚੋਂ ਉੱਭਰਦਾ ਹੈ | ਸਰਲ, ਸਾਦਾ ਤੇ ਠੇਠ ਪੰਜਾਬੀ ਵਿਚ ਸਿਰਜੇ ਇਹ ਦਿ੍ਸ਼ ਏਨੇ ਜਾਨਦਾਰ ਤੇ ਹਕੀਕੀ ਹਨ ਕਿ ਪਾਠਕ ਦੀ ਸਿਮਰਤੀ ਵਿਚ ਸਹਿਜੇ ਹੀ ਟਿਕ ਜਾਂਦੇ ਹਨ | ਪਾਠਕੀ ਦਾਇਰਿਆਂ ਵਿਚ ਅਜਿਹੀ ਵਾਰਤਕ ਖ਼ੂਬ ਪ੍ਰਵਾਨ ਚੜ੍ਹਦੀ ਹੈ, ਕਿਉਂਕਿ ਅਜਿਹੀ ਲਿਖਤ ਪਾਠਕ ਨੂੰ  ਅੰਦਰੋਂ ਟੁੰਬਦੀ ਝੰਜੋੜਦੀ ਹੈ |
ਇਸ ਪੁਸਤਕ ਦਾ ਪ੍ਰਸ਼ਨ-ਸੂਚਕ/ਹੈਰਾਨੀ ਸੂਚਕ ਸਿਰਲੇਖ ਬਹੁਤ ਡੂੰਘੇ ਪ੍ਰਤੀਕ ਅਰਥਾਂ ਦਾ ਸੂਚਕ ਹੈ | ਇਹ ਸਿਰਲੇਖ ਇਕਦਮ ਤੁਹਾਨੂੰ ਇਕ ਅਨੂਠੇ ਵਿਰਾਸਤੀ ਸੰਸਾਰ ਵਿਚ ਲੈ ਜਾਂਦਾ ਹੈ, ਕਿਸੇ ਕੀਮਤੀ ਸ਼ੈੱ ਦੇ ਗੁੰਮ-ਗੁਆਚਣ ਤੇ ਉਸ ਨੂੰ  ਲੱਭਣ-ਸਾਂਭਣ ਦੀ ਜੁਸਤਜੂ ਦਾ ਤੀਬਰ ਅਹਿਸਾਸ ਜਾਗਦਾ ਹੈ | 'ਯਾਦਾਂ, ਵਿਰਾਸਤ ਅਤੇ ਬਦਲਦੇ ਪੰਜਾਬ ਦੀ ਦਾਸਤਾਨ' ਰੂਪੀ ਉਪ-ਸਿਰਲੇਖ ਇਸ ਤੀਬਰ ਅਹਿਸਾਸ ਨੂੰ  ਹੋਰ ਵਡੇਰੀ-ਅਰਥ ਕੈਨਵੱਸ ਉੱਤੇ ਲੈ ਜਾਂਦੀ ਹੈ | ਅਜਿਹੇ ਆਕਰਸ਼ਕ ਸਿਰਲੇਖ ਅਖ਼ਬਾਰੀ ਦਿ੍ਸ਼ਟੀ ਤੋਂ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ | ਇਹ ਪਾਠਕ ਨੂੰ  ਬਹੁਤ ਪੋਂਹਦੇ ਹਨ, ਖਿੱਚਦੇ ਹਨ | ਜੇ ਲੇਖ ਵਿਚ ਠੋਸ ਵਸਤੂ-ਸਮੱਗਰੀ ਹੋਵੇ ਅਤੇ ਵਿਚਾਰਾਂ ਨੂੰ  ਤਰਤੀਬਬੱਧ, ਚੰਗੇ ਸੰਗਠਿਤ ਰੂਪ ਵਿਚ ਪੇਸ਼ ਕੀਤਾ ਹੋਵੇ ਤਾਂ ਗੱਲ ਸੋਨੇ ਉੱਤੇ ਸੁਹਾਗੇ ਵਾਲੀ ਹੋ ਜਾਂਦੀ ਹੈ | ਇੰਝ ਇਕ ਚੰਗੀ ਸਦੀਵੀ ਅਰਥਾਂ ਵਾਲੀ ਸਾਹਿਤਕ ਕਿਰਤ ਸਾਹਮਣੇ ਆਉਂਦੀ ਹੈ | ਇਸ ਪੁਸਤਕ ਦੇ ਤਕਰੀਬਨ ਦੋ ਤਿਹਾਈ ਲੇਖਾਂ ਨੂੰ  ਮੈਂ ਉੱਤਮ ਸਾਹਿਤਕ ਕਿਰਤਾਂ ਵਿਚ ਸ਼ਮਾਰ ਕਰਦਾ ਹਾਂ ਜਦ ਕਿ ਬਾਕੀਆਂ ਨੂੰ  ਔਸਤ ਸ਼੍ਰੇਣੀ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ | ਵੰਨਗੀ ਦੀ ਦਿ੍ਸ਼ਟੀ ਤੋਂ ਵੀ ਬਿਰਤਾਂਤਕੀ ਲੇਖ, ਬਿਆਨੀਆ ਲੇਖ, ਪ੍ਰੇਰਨਾਮਈ ਲੇਖ ਆਦਿ ਬਹੁਰੰਗੀ ਅੰਦਾਜ਼ ਵਾਲੀਆਂ ਕਿਰਤਾਂ ਇਸ ਪੁਸਤਕ ਵਿਚ ਸ਼ਾਮਿਲ ਹਨ | ਵਿਚਾਰ-ਵਸਤ ਦੀ ਦਿ੍ਸ਼ਟੀ ਤੋਂ ਸਾਰੇ ਲੇਖਾਂ ਨੂੰ  ਯਾਦਾਂ ਤੇ ਵਿਰਾਸਤ, ਸਮਾਜ ਅਤੇ ਰਿਸ਼ਤੇ, ਸਫ਼ਰ ਅਤੇ ਅਨੁਭਵ, ਪ੍ਰੇਰਨਾ ਅਤੇ ਸੰਘਰਸ਼, ਅਜੋਕੀ ਜੀਵਨ ਸ਼ੈਲੀ, ਤੰਦਰੁਸਤ ਸਰੀਰ : ਨਿਰੋਗੀ ਕਾਇਆ ਅਤੇ ਸਮੁੱਚੀ ਜੀਵਨ ਕਲਾ ਸਿਰਲੇਖਾਂ ਅਧੀਨ ਸੱਤ ਭਾਗਾਂ ਵਿਚ ਵੰਡ ਕੇ ਚੰਗੀ ਵਿਉਂਤਬੰਦੀ ਨਾਲ ਢੁੱਕਵੀਂ ਤਰਤੀਬ ਵਿਚ ਪੇਸ਼ ਕੀਤਾ ਹੈ | ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਰਬਾਜ ਸਿੰਘ ਦੇ ਸਾਹਿਤਕ ਸਰੋਕਾਰਾਂ ਦਾ ਘੇਰਾ ਅਤਿ ਵਿਸ਼ਾਲ ਹੈ | ਉਸ ਦਾ ਨਿੱਜੀ ਅਨੁਭਵ ਤੇ ਗਿਆਨ-ਸੋਮਾ ਵੀ ਭਰਪੂਰ ਹੈ | ਸੰਜਮਤਾ ਤੇ ਸੰਖੇਪਤਾ ਨਾਲ ਗੱਲ ਕਹਿਣ ਦਾ ਵੀ ਉਸ ਨੂੰ  ਬੱਲ ਹੈ | ਮੈਨੂੰ ਆਸ ਹੈ ਪਾਠਕ ਇਸ ਪੁਸਤਕ ਨੂੰ  ਭਰਪੂਰ ਹੁੰਗਾਰਾ ਦੇਣਗੇ |

-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666

Ad Position 22
No active advertisement
ਪਿਛਲੀ ਖ਼ਬਰ var di load ਅਗਲੀ ਖ਼ਬਰ ਨਿਮਰਤਾ ਦੀ ਮਹੱਤਤਾ
Ad Position 24