ਜਸਵੀਰ ਦੇ ਵਿਅੰਗ-ਤੀਰ
ਸ਼ਾਇਰ : ਜਸਵੀਰ ਸਿੰਘ ਭਲੂਰੀਆ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 186
ਸੰਪਰਕ : 99159-95505

ਵਿਅੰਗ ਜਾਂ ਹਾਸਰਸ ਦੀ ਪੰਜਾਬੀ ਸਾਹਿਤ ਵਿਚ ਹਮੇਸ਼ਾ ਘਾਟ ਬਣੀ ਰਹੀ ਹੈ ਤੇ ਅਜਿਹੇ ਵਿਅੰਗ ਲੇਖਕ ਵੀ ਬਹੁਤ ਘੱਟ ਗਿਣਤੀ ਵਿਚ ਰਹੇ ਜਿਨ੍ਹਾਂ ਨੇ ਹਾਸ-ਵਿਅੰਗ ਨਾਲ ਨਿਆਂ ਕੀਤਾ ਹੋਵੇ | ਸ਼ਾਇਰੀ ਵਿਚ ਤਾਂ ਤੇਜ਼ ਤਰਾਰ ਹਾਸ-ਵਿਅੰਗ ਦੀ ਘਾਟ ਹੋਰ ਵੀ ਵਧੇਰੇ ਹੈ | ਇਹ ਸਥਿਤੀ ਅੱਜ ਵੀ ਬਣੀ ਹੋਈ ਹੈ ਪਰ ਕੁੱਝ ਵਿਅੰਗ ਲੇਖਕ ਏਸ ਦੌਰ ਵਿਚ ਵੀ ਡਟੇ ਹੋਏ ਹਨ ਜਿਨ੍ਹਾਂ 'ਚੋਂ ਇਕ ਜਸਵੀਰ ਸਿੰਘ ਭਲੂਰੀਆ ਵੀ ਹੈ | 'ਜਸਵੀਰ ਦੇ ਵਿਅੰਗ-ਤੀਰ' ਪੁਸਤਕ ਇਸ ਵਿਧਾ ਵਿਚ ਸਰਾਹੁਣਯੋਗ ਵਾਧਾ ਹੈ | ਵਿਅੰਗਕਾਰ ਸਮਾਜ ਦਾ ਦਿੱਤਾ ਹੀ ਚਟਪਟਾ ਬਣਾ ਕੇ ਸਮਾਜ ਨੂੰ ਮੋੜਦਾ ਹੈ ਤੇ ਅਜਿਹਾ ਕੁੱਝ ਇਸ ਪੁਸਤਕ ਵਿਚ ਵੀ ਹੈ | ਪਹਿਲੀ ਵਿਅੰਗ ਕਵਿਤਾ 'ਚਾਹ ਦੀ ਚਾਹ' ਬਹੁਤ ਪ੍ਰਭਾਵੀ ਹੈ ਤੇ ਅਜੋਕੇ ਸਮਾਜ ਦੀ ਲੋੜ ਬਣ ਗਈ ਚਾਹ ਬਾਰੇ ਸ਼ਾਇਰ ਨੇ ਬੜਾ ਖ਼ੂਬਸੂਰਤ ਲਿਖਿਆ ਹੈ | ਦੂਜੀ ਕਵਿਤਾ 'ਮਾਡਰਨ ਮੰਗਤੇ' ਹੈ ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਮੰਗਤਿਆਂ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਹਨ, ਉਸ ਵਲੋਂ ਲਾਈਕ, ਕੁਮੈਂਟ ਤੇ ਵਿਊ ਵਾਲਿਆਂ ਨੂੰ ਮੰਗਤਿਆਂ ਦੀ ਕਤਾਰ ਵਿਚ ਸ਼ਾਮਿਲ ਕਰਨਾ ਰੌਚਕ ਲਗਦਾ ਹੈ | 'ਮਾਇਕ' ਕਵਿਤਾ ਵੀ ਵਿਅੰਗ ਸਿਰਜਣ ਵਿਚ ਸਫ਼ਲ ਹੈ, ਅਸੀਂ ਸਭ ਜਾਣਦੇ ਹਾਂ ਜਦੋਂ ਕਿਸੇ ਦੇ ਹੱਥ ਮਾਈਕ ਆ ਜਾਵੇ ਤਾਂ ਬਹੁਤਾ ਕਰਕੇ ਕੀ ਸਿੱਟੇ ਨਿਕਲਦੇ ਹਨ | 'ਇਲੈਕਸ਼ਨ ਆਏ ਨੇੜੇ' ਵਿਚ ਭਲੂਰੀਆ ਨੇਤਾਵਾਂ ਦੀ ਖ਼ੂਬ ਖੁੰਬ ਠੱਪਦਾ ਹੈ ਤੇ ਇਸ ਵਿਚ ਉਸਦੀ ਕਲਮ ਹੋਰ ਤਿਖੇਰੀ ਦਿਖਾਈ ਦਿੰਦੀ ਹੈ | ਅਜੋਕੇ ਦੌਰ ਦੀ ਔਲਾਦ ਆਪਣੇ ਆਪ ਨੂੰ ਮਾਂ-ਪਿਓ ਨਾਲ਼ੋਂ ਸਿਆਣੀ ਸਮਝਦੀ ਹੈ, ਇਕ ਜੁਗ ਦੇਖ ਚੁੱਕਾ ਜੀਵਨ ਉਨ੍ਹਾਂ ਨੂੰ ਸਮਝ ਪੱਖੋਂ ਕੋਰਾ ਮਹਿਸੂਸ ਹੁੰਦਾ ਹੈ | ਅਜਿਹੀ ਔਲਾਦ ਬਾਰੇ 'ਮਾਂ ਨੂੰ ਮੱਤਾਂ' ਸਿਰਲੇਖ ਵਾਲੀ ਕਵਿਤਾ ਵਿਅੰਗ ਦੇ ਨਾਲ਼ ਨਾਲ਼ ਗੰਭੀਰ ਵੀ ਹੈ | ਇੰਝ ਹੀ ਜਸਵੀਰ ਸਿੰਘ ਭਲੂਰੀਆ ਨੇ ਸਮਾਜ ਦੀਆਂ ਹੋਰ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਤੇ ਬੇਲਿਹਾਜ਼ੀ ਨਾਲ਼ ਕਲਮ ਵਾਹੀ ਹੈ |
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਕੁਲਬੀਰ ਬਡੇਸਰੋਂ, ਪ੍ਰਤਿਭਾ ਅਤੇ ਪ੍ਰਤਿਬੱਧਤਾ
ਸੰਪਾਦਕ : ਡਾ. ਚੰਦਰ ਪ੍ਰਕਾਸ਼
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 380 ਰੁਪਏ, ਸਫ਼ੇ : 327
ਸੰਪਰਕ : 85281-00088


ਵਿਦਵਾਨ ਸੰਪਾਦਕ ਡਾ. ਚੰਦਰ ਪ੍ਰਕਾਸ਼ ਨੇ ਬੜੀ ਮਿਹਨਤ ਨਾਲ ਕੁਲਬੀਰ ਬਡੇਸਰੋਂ ਵਲੋਂ ਸਾਹਿਤਕ ਅਤੇ ਫ਼ਿਲਮੀ ਜਗਤ ਵਿਚ ਯੋਗਦਾਨ ਬਾਰੇ ਲਗਭਗ 42 ਵਿਦਵਾਨਾਂ ਦੇ ਖੋਜ ਨਿਬੰਧ ਇਕੱਤਰ ਕਰਕੇ ਇਕ ਲੜੀ ਵਿਚ ਪਰੋ ਕੇ ਬੜਾ ਮੁੱਲਵਾਨ ਕਾਰਜ ਕੀਤਾ ਹੈ | ਇਸ ਤੋਂ ਬਿਨਾਂ 4 ਜਾਣਕਾਰੀ ਭਰਪੂਰ ਅੰਤਿਕਾਵਾਂ ਪ੍ਰਸਤੁਤ ਕੀਤੀਆਂ ਹਨ | ਕੁਲਬੀਰ ਬਡੇਸਰੋਂ ਜਨਮ 20 ਫਰਵਰੀ, 1960 ਨੂੰ ਪਿੰਡ ਬਡੇਸਰੋਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਪਿਤਾ ਸ੍ਰੀ ਗੁਰਬਚਨ ਸਿੰਘ ਦੇ ਗ੍ਰਹਿ ਵਿਖੇ ਹੋਇਆ | ਉਹ ਐਮ.ਏ., ਐਮ.ਫਿਲ (ਪੰਜਾਬੀ) ਹੈ | ਉਸ ਨੇ ਆਪਣੀ ਯੋਗਤਾ ਸਦਕਾ ਦੂਰਦਰਸ਼ਨ ਜਲੰਧਰ ਤੋਂ ਅਨਾਊਾਸਰ ਵਜੋਂ ਸੇਵਾ ਨਿਭਾਈ ਹੈ | ਫਿਰ ਮਹਾਂਨਗਰੀ ਮੁੰਬਈ ਵਿਖੇ ਪਹੁੰਚ ਕੇ ਫ਼ਿਲਮੀ ਜਗਤ ਵਿਚ ਪ੍ਰਵੇਸ਼ ਕੀਤਾ | ਉਸ ਦੀਆਂ ਅੱਖੀਂ ਵੇਖੀਆਂ, ਹੱਡੀਂ ਹੰਢਾਈਆਂ, ਬੜੀ ਸ਼ਿੱਦਤ ਨਾਲ ਅਨੁਭਵ ਕੀਤੀਆਂ ਘਟਨਾਵਾਂ, ਜੋ ਉਸ ਦੀ ਸਵੈ-ਜੀਵਨੀ ਨਾਲ ਸੰਬੰਧਿਤ ਵਾਰਦਾਤਾਂ ਦਾ ਪ੍ਰਛਾਵਾਂ ਉਸ ਦੀਆਂ ਸਾਹਿਤਕ ਅਤੇ ਫ਼ਿਲਮਾਂ ਵਿਚ ਆਪ-ਮੁਹਾਰੇ ਪੈਂਦਾ ਵੇਖਿਆ ਜਾ ਸਕਦਾ ਹੈ | ਉਸ ਦੇ ਨਾਵਲਿਟਾਂ, ਕਹਾਣੀਆਂ, ਕਵਿਤਾ ਅਤੇ ਵਾਰਤਕ ਵਿਚੋਂ ਉਸ ਦਾ ਵਾਸਤਵਿਕ ਅਸਤਿਤਵ ਪਛਾਣਿਆ ਜਾ ਸਕਦਾ ਹੈ | ਉਸ ਦੀਆਂ ਕਹਾਣੀਆਂ ਵਿਚ ਟੁੱਟਦੇ-ਭੱਜਦੇ ਰਿਸ਼ਤੇ, ਔਰਤਾਂ ਦਾ ਇਕਲਾਪਾ, ਪਿਤਾ ਬਿਨਾਂ ਬੱਚਿਆਂ ਦੀ ਮਾਨਸਿਕਤਾ, ਔਰਤਾਂ ਦੀਆਂ ਨਾਰੀਵਾਦੀ ਬੇਵਸੀਆਂ, ਕੋਰੋਨਾ ਵਾਇਰਸ ਦੀਆਂ ਘਟਨਾਵਾਂ, ਅਮੀਰਾਂ ਵਲੋਂ ਮਜ਼ਦੂਰਾਂ, ਕਿਰਤੀਆਂ ਦਾ ਸ਼ੋਸ਼ਣ ਅਤੇ ਉਨ੍ਹਾਂ 'ਤੇ ਕੀਤੇ ਅੱਤਿਆਚਾਰਾਂ ਆਦਿ ਦਾ ਚਿਤਰਨ ਮਿਲਦਾ ਹੈ | ਉਸ ਦੀਆਂ ਰਚਨਾਵਾਂ ਵਿਚ ਮਾਰਕਸਵਾਦ, ਹਾਇਡਿਗਰ, ਨੀਤਸ਼ੇ ਦੇ ਅਸਤਿਤਵਵਾਦ, ਫਰਾਇਡ ਯੰਗ ਦਾ ਮਨੋਵਿਗਿਆਨਕ, ਫੈਮੀਨਿਜ਼ਮ ਆਦਿ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ |
ਉਸ ਦੀਆਂ ਪ੍ਰਸਿੱਧ ਕਹਾਣੀਆਂ ਵਿਚ 'ਤੁਮ ਉਦਾਸ ਕਿਉਂ ਹੋ?', 'ਸਕੂਲ ਟਰਿੱਪ', 'ਫੇਰ', 'ਮਾਂ ਨੀ', 'ਭੈਣ ਜੀ', 'ਨੂੰਹ-ਸੱਸ', 'ਮਜਬੂਰੀ', 'ਆਕਰੋਸ਼', 'ਤੂੰ ਵੀ ਖਾ ਲੈ', 'ਬਕ ਬਕ', 'ਦੋ ਔਰਤਾਂ' ਸਮੇਤ ਰਲਵੀਆਂ ਮਿਲਵੀਆਂ ਉਸ ਦੀਆਂ ਇਕੱਤੀ ਕਹਾਣੀਆਂ 'ਤੇ ਵਿਦਵਾਨਾਂ ਨੇ ਵਿਸ਼ਲੇਸ਼ਣਤਾਮਿਕ ਨਿਬੰਧ ਲਿਖੇ ਹਨ | 'ਤੁਮ ਉਦਾਸ ਕਿਉਂ ਹੋ' ਤੋਂ ਬਿਨਾਂ ਇਕੱਤੀ ਕਹਾਣੀਆਂ ਵੱਖਰੀ ਕਿਤਾਬ ਹੈ | ਬਡੇਸਰੋਂ ਨੂੰ ਕਹਾਣੀਆਂ ਦੀ ਬੁਣਤੀ ਕਰਨੀ ਆਉਂਦੀ ਹੈ, ਉਸ ਦੀਆਂ ਅਨੇਕਾਂ ਕਹਾਣੀਆਂ ਅਪ੍ਰਤਿਬਿੰਧਤ ਚੇਤਨਾ ਤੋਂ ਆਰੰਭ ਹੋ ਕੇ ਪ੍ਰਤਿਬਿੰਬਤ ਚੇਤਨਾ ਤੱਕ ਅੱਪੜਦੀਆਂ ਹਨ | ਉਸ ਨੇ ਛੋਟੇ ਪਰਦੇ 'ਤੇ ਵੀ ਕਲਾਕਾਰਾਂ ਨਾਲ ਹੁੰਦੀਆਂ ਵਧੀਕੀਆਂ ਅਰਥਾਤ ਸ਼ੋਸ਼ਣ ਦਾ ਚਿਤਰਨ ਵੀ ਕੀਤਾ ਹੈ | ਉਸ ਦੀ ਵਾਰਤਕ ਪੁਸਤਕ 'ਬਰਾਬਰ ਦੀ ਜੱਫੀ' ਮਹਿਜ਼ ਯਾਦਾਂ ਦਾ ਸੰਗ੍ਰਹਿ ਨਹੀਂ | ਲੇਖਿਕਾ ਦਾ ਸਵੈ-ਕਥਨ ਇਸ ਗੱਲ ਨਾਲ ਜੋੜਦਾ ਹੈ ਕਿ 'ਲੇਖਣੀ ਪਿੱਛੇ ਮਹਿਜ਼ ਸੂਚਨਾ ਦੇਣਾ ਮਕਸਦ ਨਹੀਂ, ਸਗੋਂ ਆਪਣੇ ਅਸਤਿਤਵ ਦੀਆਂ ਜੜ੍ਹਾਂ ਨੂੰ ਤਲਾਸ਼ਦਾ ਹੈ |' ਪੰ. 221
ਉਸ ਨੂੰ ਪਤਾ ਹੈ ਕਿ ਆਪਣੀ ਸਵੈ-ਚੇਤਨਾ ਅਤੇ ਸਵੈ ਨਿਰਣੇ ਦੇ ਹੱਕ ਲਈ ਤਲਖ਼ ਮੌਸਮ ਵੀ ਸਹਿਣੇ ਹੀ ਪੈਂਦੇ ਨੇ | ਵੇਖੋ, ਕਾਵਿ-ਟੁਕੜੀ :
ਤੇਰੀ ਖ਼ਾਹਿਸ਼ ਸੀ ਕਿ
ਮੈਂ ਦਿਨੇ ਮੱਕੀ ਬਣ
ਦਿਵਾਰ 'ਤੇ ਚਿਪਕੀ ਰਹੇ
ਕਿਸੇ ਨੂੰ ਨਜ਼ਰ ਨਾ ਆਵਾਂ
ਰਾਤੀਂ ਧੜਕਣ ਬਣ ਤੇਰੇ ਦਿਲ ਨਾਲ ਲੱਗੀ ਰਹਾਂ...
ਤੇਰੇ ਖਾਤਿਰ ਰਾਤ ਨੂੰ ਮੈਂ ਸਿਰਫ਼ ਜਿਸਮ ਹੁੰਦੀ ਤੇ ਦਿਨੇ ਰੂਹ... |
-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharmchand0gmail.com
ਸ਼੍ਰੋਮਣੀ ਭਗਤ ਨਾਮਦੇਵ ਜੀ
ਕਵੀ : ਬਲਬੀਰ ਸਿੰਘ ਬੇਲੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮਿ੍ਤਸਰ
ਮੁੱਲ : 595 ਰੁਪਏ, ਸਫ਼ੇ : 464
ਸੰਪਰਕ : 62841-22703

'ਕਵੀਸ਼ਰੀ ਪ੍ਰਸੰਗ ਜੀਵਨ-ਬਿਰਤਾਂਤ ਸ਼੍ਰੋਮਣੀ ਭਗਤ ਨਾਮਦੇਵ ਜੀ' ਬਲਬੀਰ ਸਿੰਘ ਬੇਲੀ ਦੀ ਪੰਜਾਬੀ ਦੇ ਪ੍ਰਸੰਗ ਵਿਚ ਨਵੀਂ ਪੁਸਤਕ ਹੈ | ਇਸ ਵੱਡ-ਆਕਾਰੀ ਕਾਵਿ-ਪੁਸਤਕ ਵਿਚ ਜਿਥੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਕੌਤਕਾਂ ਨੂੰ ਪੇਸ਼ ਕੀਤਾ ਗਿਆ ਹੈ, ਉਥੇ ਪੰਜਾਬ ਦੀ ਗੌਰਵਸ਼ਾਲੀ ਪਰੰਪਰਾ ਕਵੀਸ਼ਰੀ ਦੀਆਂ ਵੀ ਬਹੁਤ ਸਾਰੀਆਂ ਵੰਨਗੀਆਂ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ | ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਪਿੰਡ ਨਰਸੀ ਬਾਮਨੀ ਵਿਚ ਹੋਇਆ ਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਦਾਮਸ਼ੇਟ ਜੀ ਅਤੇ ਮਾਤਾ ਦਾ ਨਾਂਅ ਗੋਨਾਬਾਈ ਸੀ | ਨਾਮਦੇਵ ਜੀ ਦੀ ਇਕ ਭੈਣ ਆਊਬਾਈ ਦਾ ਜ਼ਿਕਰ ਵੀ ਇਸ ਪੁਸਤਕ ਵਿਚ ਕੀਤਾ ਗਿਆ ਹੈ | ਲੇਖਕ ਨੇ ਕਵੀਸ਼ਰੀ ਪ੍ਰਸੰਗ ਤੋਂ ਪਹਿਲਾਂ ਟਾਂਕ-ਕਸ਼ੱਤਰੀ ਬਰਾਦਰੀ ਦਾ ਪਿਛੋਕੜ ਅਤੇ ਭਗਤ ਨਾਮਦੇਵ ਜੀ ਦੇ ਖਾਨਦਾਨ ਦੇ ਪਿਛੋਕੜ ਬਾਰੇ ਵੀ ਵਿਸਥਾਰਿਤ ਝਾਤ ਪੁਆਈ ਹੈ | ਬਲਬੀਰ ਸਿੰਘ ਬੇਲੀ ਨੂੰ ਕਵੀਸ਼ਰੀ ਦੀਆਂ ਵੱਖ-ਵੱਖ ਤਰਜ਼ਾਂ ਅਤੇ ਛੰਦਾਬੰਦੀ ਦਾ ਪੂਰਾ ਗਿਆਨ ਹੈ | ਇਸੇ ਕਰਕੇ ਹੀ ਪੁਸਤਕ ਵਿਚ ਭਗਤ ਨਾਮਦੇਵ ਜੀ ਦੇ ਜੀਵਨ ਕੌਤਕਾਂ ਨੂੰ ਪੇਸ਼ ਕਰਦਿਆਂ ਉਸ ਨੇ ਬਹੁਤ ਸਾਰੇ ਛੰਦਾਂ ਦਾ ਇਸਤੇਮਾਲ ਕੀਤਾ ਹੈ, ਜਿਸ ਨਾਲ ਛੰਦਾਂ ਦੀ ਵੱਖਰਤਾ ਹੋਣ ਕਰਕੇ ਪ੍ਰਸੰਗ ਵਿਚ ਰੌਚਕਤਾ ਦਾ ਸਮਾਵੇਸ਼ ਹੋਇਆ ਹੈ | ਜੋ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ | ਇਨ੍ਹਾਂ ਛੰਦਾਂ ਵਿਚ ਦੋਹਿਰਾ, ਕਲੀ, ਬੈਂਤ, ਕਸੂਰੀ, ਕਮਾਨੀ ਛੰਦ, ਦਵੱਈਆ, ਕੋਰੜਾ ਪਉੜੀ, ਮਨੋਹਰ ਭਵਾਨੀ ਛੰਦ, ਡਿਊਢ, ਕਾਫ਼ੀ, ਦੋਤਾਰਾ ਛੰਦ, ਝੋਕ ਛੰਦ, ਰੋਲਾ ਛੰਦ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਛੰਦਾਂ ਦਾ ਪ੍ਰਯੋਗ ਕੀਤਾ ਹੈ, ਜੋ ਕਵੀਸ਼ਰੀ ਕਲਾ ਦੇ ਸਿਖਾਂਦਰੂਆਂ ਲਈ ਬਹੁਤ ਲਾਹੇਵੰਦੀ ਜਾਣਕਾਰੀ ਵੀ ਪ੍ਰਸਤੁਤ ਕਰਦੇ ਹਨ | ਕਵੀ ਨੇ ਜਿਥੇ ਭਗਤ ਨਾਮਦੇਵ ਜੀ ਦੀ ਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸ ਦੇ ਸ਼ਬਦਾਂ ਨੂੰ ਪੇਸ਼ ਕੀਤਾ ਹੈ, ਉਥੇ ਕਵੀਸ਼ਰੀ ਵਿਚ ਸੰਵਾਦੀ ਜੁਗਤ ਦੀ ਵਰਤੋਂ ਵੀ ਬਾਖ਼ੂਬੀ ਕੀਤੀ ਹੈ | ਕਵੀਸ਼ਰੀ ਕਲਾ ਦੁਆਰਾ ਭਗਤ ਨਾਮਦੇਵ ਜੀ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਦੀ ਇਹ ਪੁਸਤਕ ਸਾਂਭਣਯੋਗ ਹੈ |
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611