25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

25-10-2026

25-10-2026

Ad Position 21
No active advertisement
ਅਜੀਤ ਡੈਸਕ 25-10-2026

ਮਾਂ ਦਾ ਉਪਕਾਰ
ਲੇਖਕ : ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 103
ਸੰਪਰਕ : 98726-37177


ਸੰਪਰਕ : ਇਸ ਕਾਵਿ-ਸੰਗ੍ਰਹਿ ਵਿਚ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ ਹਨ | ਆਓ, ਕੁਝ ਝਲਕਾਂ ਮਾਣੀਏ—
ਮਾਂ ਦਾ ਜੇ ਉਪਕਾਰ ਨਾ ਹੁੰਦਾ
ਇਹ ਸੋਹਣਾ ਸੰਸਾਰ ਨਾ ਹੁੰਦਾ |
-ਸੂਰਜ ਚੰਦ ਸਿਤਾਰੇ ਮਿਲ ਕੇ ਹੱਸਦੇ ਨੇ
  ਏਕੇ ਵਿਚ ਹੈ ਬਰਕਤ ਜੱਗ ਨੂੰ  ਦੱਸਦੇ ਨੇ |
-ਫੁੱਲਾਂ ਵਾਂਗੂੰ ਜੇ ਜੀਣਾ ਚਾਹੁੰਨੈ
  ਕੰਡਿਆਂ ਸੰਗ ਨਿਭਾਣਾ ਸਿੱਖ |
  ਪੁਰਵਾਨੇ ਵਾਂਗਰ ਸ਼ਮ੍ਹਾਂ ਦੇ ਉੱਤੇ
  ਹੱਸ ਹੱਸ ਕੇ ਜਲ ਜਾਣਾ ਸਿੱਖ |
- ਮੁਹੱਬਤ ਰੂਹ ਦੀ ਖੁਰਾਕ ਹੈ
  ਭਾਗਾਂ ਨਾਲ ਮਿਲਦੀ ਇਹ ਸੌਗ਼ਾਤ ਹੈ |
- ਬਾਪੂ ਦਾ ਕੋਈ ਦਿਨ ਨਹੀਂ ਹੁੰਦਾ
  ਬਾਪ ਬਿਨਾਂ ਕੋਈ ਦਿਨ ਨਹੀਂ ਹੁੰਦਾ |
ਸਿੱਖਿਆ ਦੇਣ ਵਾਲੀਆਂ, ਇਨ੍ਹਾਂ ਸਾਰਥਕ ਕਵਿਤਾਵਾਂ ਦਾ ਸਵਾਗਤ ਹੈ | ਇਹ ਕਵੀ ਦੇ ਦਿਲ ਦਰਿਆ ਵਿਚੋਂ ਪਿਆਰ ਦੀਆਂ ਲਹਿਰਾਂ ਹਨ ਜੋ ਸ਼ਹੁ ਸਾਗਰ ਦੀ ਗਲਵੱਕੜੀ ਨੂੰ  ਤਾਂਘ ਰਹੀਆਂ ਹਨ |

-ਡਾ. ਸਰਬਜੀਤ ਕੌਰ ਸੰਧਾਵਾਲੀਆ

ਸਰਦਾਰਨੀ ਸਦਾ ਕੌਰ
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ ਬਰਨਾਲਾ
ਮੁੱਲ : 149 ਰੁਪਏ, ਸਫ਼ੇ : 70
ਸੰਪਰਕ : 78379-11000


ਸਿੱਖ ਧਰਮ ਵਿਚ ਚੰਗੇ ਕਾਰਨਾਮੇ ਵਿਖਾਉਣ ਵਾਲੀਆਂ ਬੀਬੀਆਂ ਦੀ ਜਾਣਕਾਰੀ ਦੇਣ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਸਾਰੀ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖ ਬੀਬੀ ਸਰਦਾਰਨੀ ਸਦਾ ਕੌਰ ਦੀ ਵਿਲੱਖਣ ਸ਼ਖ਼ਸੀਅਤ ਦੀ ਚਰਚਾ ਕੀਤੀ ਹੈ | ਇਸ ਪੁਸਤਕ ਨੂੰ  9 ਕਾਂਡਾਂ ਵਿਚ ਵੰਡਿਆ ਹੈ ਜੋ ਕ੍ਰਮਵਾਰ ਇਸ ਪ੍ਰਕਾਰ ਹਨ : ਸਰਦਾਰਨੀ ਸਦਾ ਕੌਰ, ਵਿਧਵਾ ਹੋਣਾ, ਲਾਹੌਰ ਕਿਲ੍ਹੇ 'ਤੇ ਕਬਜ਼ਾ, ਰਣਜੀਤ ਸਿੰਘ ਦਾ ਮਹਾਰਾਜਾ ਦੀ ਪਦਵੀ ਧਾਰਨ ਕਰਨਾ, ਸ੍ਰੀ ਅੰਮਿ੍ਤਸਰ ਸਾਹਿਬ ਦੀ ਜਿੱਤ 1802 ਈ., ਹਜ਼ਾਰਾ ਫ਼ਤਹਿ ਕਰਨਾ 1919 ਈ., ਸ਼ੇਰ-ਏ-ਪੰਜਾਬ ਨਾਲ ਵਿਗਾੜ, ਸਦਾ ਕੌਰ ਦੀ ਨਜ਼ਰਬੰਦੀ, ਸਦਾ ਕੌਰ ਦਾ ਅਕਾਲ ਚਲਾਣਾ 1832 ਈ. |
ਇਹ ਪੁਸਤਕ ਜੀਵਨੀ ਸਾਹਿਤ ਦੇ ਅੰਤਰਗਤ ਵਿਚਾਰੇ ਜਾਣ ਦੇ ਯੋਗ ਹੈ | ਸਰਦਾਰਨੀ ਸਦਾ ਕੌਰ ਨੇ ਆਪਣੀ ਸੂਝ-ਬੂਝ, ਦਲੇਰੀ ਅਤੇ ਬਹਾਦਰੀ ਨਾਲ ਸਿੱਖ ਰਾਜ ਨੂੰ  ਖੜ੍ਹਾ ਕਰਨ ਲਈ ਆਪਣੀ ਘਨੱਈਆ ਮਿਸਲ ਦੇ ਸਾਰੇ ਫ਼ੌਜੀ ਸਾਧਨ, ਧਨ ਦੌਲਤ, ਆਪਣਾ ਸਾਰਾ ਜੀਵਨ ਸਮਰਪਿਤ ਕੀਤਾ | ਇਸ ਦਾ ਸੁਭਾਅ ਮਰਦਾਵਾਂ ਸੀ, ਜੋ ਸਿਰ 'ਤੇ ਪੱਗ ਬੰਨ੍ਹ ਕੇ, ਨੰਗੀ ਤਲਵਾਰ ਲਹਿਰਾਉਂਦੀ ਵਿਰੋਧੀਆਂ ਦੇ ਛੱਕੇ ਛੁਡਾਉਣ ਦੀ ਮੁਹਾਰਤ ਰੱਖਦੀ ਸੀ | ਸ਼ੇਰ-ਏ-ਪੰਜਾਬ ਉਸ ਨੂੰ  'ਮਾਈ ਜੀ' ਆਖਿਆ ਕਰਦਾ ਸੀ | ਉਸ ਦੇ ਕੀਮਤੀ ਸੁਝਾਵਾਂ ਨੂੰ  ਮੰਨਦਾ ਸੀ | ਉਸ ਦਾ ਜਨਮ 1762 ਈ. ਸਰਦਾਰ ਦਸੌਂਦਾ ਸਿੰਘ ਗਿੱਲ ਦੇ ਗ੍ਰਹਿ ਵਿਖੇ ਪਿੰਡ ਅਲਕੋਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ | ਜਨਮ ਸਥਾਨ ਬਾਰੇ ਇਤਿਹਾਸਕਾਰਾਂ ਵਿਚ ਮਤਭੇਦ ਹੈ | ਕੁਝ ਉਸ ਦਾ ਜਨਮ ਪਿੰਡ ਰਾਉਂਕੇ (ਮੋਗਾ) ਦਾ ਮੰਨਦੇ ਸਨ | ਜਦੋਂ ਉਹ ਮੁਟਿਆਰ ਹੋਈ ਉਸ ਦੀ ਸ਼ਾਦੀ ਘਨੱਈਆ ਮਿਸਲ ਦੇ ਬਾਨੀ ਜੈ ਸਿੰਘ ਸੰਧੂ ਦੇ ਸਪੁੱਤਰ ਸ. ਗੁਰਬਖਸ਼ ਸਿੰਘ ਨਾਲ ਬੜੀ ਧੂਮਧਾਮ ਨਾਲ ਹੋਈ ਮਿਸਲਾਂ ਦੇ ਆਪਸ ਵਿਚ ਸ਼ਕਤੀ ਪ੍ਰਾਪਤ ਕਰਨ ਲਈ ਯੁੱਧ ਹੁੰਦੇ ਰਹਿੰਦੇ ਸਨ | ਇਕ ਯੁੱਧ ਸਮੇਂ ਘਨੱਈਆ ਮਿਸਲ ਦੀ ਅਗਵਾਈ ਕਰਦਾ ਹੋਇਆ ਗੁਰਬਖਸ਼ ਸਿੰਘ ਮਾਰਿਆ ਗਿਆ | ਇੰਜ ਸਦਾ ਕੌਰ ਵਿਧਵਾ ਹੋ ਗਈ | ਵਿਧਵਾ ਹੋਣ ਤੋਂ ਬਾਅਦ ਸਦਾ ਕੌਰ ਅਡੋਲ ਰਹੀ | ਉਸ ਨੇ ਸਿਆਣਪ ਨਾਲ ਸ਼ੁਕਰਚੱਕੀਆ ਮਿਸਲ ਨਾਲ ਸਾਂਝ ਪਾਉਣ ਲਈ ਆਪਣੀ 4 ਸਾਲਾਂ ਦੀ ਬੇਟੀ ਮਹਿਤਾਬ ਕੌਰ ਦੀ ਸ਼ਾਦੀ ਮਹਾਂਸਿੰਘ ਸ਼ੁਕਰਚੱਕੀਆ ਦੇ 5 ਸਾਲਾ ਸਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ | ਮੁਟਿਆਰ ਹੋਣ 'ਤੇ ਉਸ ਦੇ ਕੋਈ ਬੱਚਾ ਨਾ ਹੋਇਆ | ਰਣਜੀਤ ਸਿੰਘ ਆਪਣਾ ਵਾਰਿਸ ਚਾਹੁੰਦਾ ਸੀ | ਇਸ ਲਈ ਉਸ ਨੇ ਦੂਜਾ ਵਿਆਹ ਨਕਈ ਮਿਸਲ ਦੀ ਭੈਣ ਰਾਜ ਕੌਰ (ਦਾਤਾਰ ਕੌਰ) ਨਾਲ ਕੀਤਾ | ਦੂਜੇ ਵਿਆਹ ਨੂੰ  ਮਹਿਤਾਬ ਕੌਰ ਨੇ ਠੀਕ ਨਾ ਮੰਨਿਆ |
ਫਿਰ ਚੱਲ ਸੋ ਚੱਲ! ਇਸ ਜੀਵਨੀ ਵਿਚ ਅਨੇਕਾਂ ਘਟਨਾਵਾਂ ਦਾ ਜ਼ਿਕਰ ਆਇਆ ਹੈ | ਅਨੇਕਾਂ ਘਟਨਾਵਾਂ/ਸੰਘਰਸ਼ਾਂ ਤੋਂ ਬਾਅਦ ਰਣਜੀਤ ਸਿੰਘ ਨੇ 1801 ਈ. ਵਿਚ ਮਹਾਰਾਜਾ ਦੀ ਪਦਵੀ ਧਾਰਨ ਕੀਤੀ | ਰਣਜੀਤ ਸਿੰਘ ਦੇ ਸਮੇਂ ਸਰਦਾਰਨੀ ਦੀ ਕਦੇ ਨਰਾਜ਼ਗੀ, ਕਦੇ ਨੇੜਤਾ ਹੁੰਦੀ ਰਹੀ | ਪਰ ਫਿਰ ਵੀ ਮਹਾਰਾਜਾ ਦੀ ਪਦਵੀ 'ਤੇ ਪਹੁੰਚਾਉਣ ਲਈ ਸਦਾ ਕੌਰ ਦੀ ਅਗਵਾਈ ਪ੍ਰਮੁੱਖ ਰਹੀ | ਸਦਾ ਕੌਰ ਦੀ ਸਲਾਹ ਨਾਲ ਸ੍ਰੀ ਅੰਮਿ੍ਤਸਰ ਦੀ ਜਿੱਤ (1802) ਹੋਈ | 1809 ਈ. ਵਿਚ ਹਜਾਰਾ ਫ਼ਤਹਿ ਕੀਤਾ | 1812 ਈ. ਕੰਵਰ ਖੜਕ ਸਿੰਘ ਦੇ ਵਿਆਹ ਵਿਚ ਸੱਦਾ ਮਿਲਣ ਦੇ ਬਾਵਜੂਦ ਗ਼ੈਰ-ਹਾਜ਼ਰ ਰਹੀ | ਮਹਾਰਾਜੇ ਨੂੰ  ਸ਼ੱਕ ਸੀ ਸਦਾ ਕੌਰ ਅੰਗਰੇਜ਼ਾਂ ਨਾਲ ਨੇੜਤਾ ਰੱਖ ਰਹੀ ਹੈ | ਸਦਾ ਕੌਰ ਨੂੰ  ਨਜ਼ਰਬੰਦ ਕਰ ਦਿੱਤਾ ਗਿਆ |
ਬਟਾਲਾ ਵਿਖੇ ਸੂਚਨਾ ਮਿਲੀ ਕਿ ਮਹਿਤਾਬ ਕੌਰ ਨੇ ਜੌੜੇ ਪੁੱਤਰਾਂ (ਸ਼ੇਰ ਸਿੰਘ ਅਤੇ ਤਾਰਾ ਸਿੰਘ) ਨੂੰ  ਜਨਮ ਦਿੱਤਾ | ਜੌੜੇ ਪੁੱਤਰਾਂ ਬਾਰੇ ਸੱਚੀਆਂ/ਝੂਠੀਆਂ ਅਫ਼ਵਾਹਾਂ ਉੱਡਦੀਆਂ ਰਹੀਆਂ | ਮਹਿਤਾਬ ਕੌਰ ਦਾ ਪਹਿਲਾ ਪੁੱਤਰ (ਈਸ਼ਰ ਸਿੰਘ) ਡੇਢ ਸਾਲ ਦੀ ਉਮਰ ਵਿਚ ਹੀ ਮਰ ਗਿਆ ਸੀ |
ਇਸ ਜੀਵਨੀ ਨੂੰ  ਨੇਪਰੇ ਚਾੜ੍ਹਨ ਲਈ ਵਿਦਵਾਨ ਲੇਖਕ ਨੇ ਅਨੇਕਾਂ ਇਤਿਹਾਸਕਾਰਾਂ ਦੇ ਹਵਾਲੇ ਦਿੱਤੇ ਹਨ | ਅਨੇਕਾਂ ਥਾਵਾਂ ਜੋ ਅੱਜ ਵੀ ਮੌਜੂਦ ਹਨ, ਦੇ ਹਵਾਲਿਆਂ ਨਾਲ ਪੁਸਤਕ ਪਾਠਕ ਦੀ ਦਿਲਚਸਪੀ ਦਾ ਕਾਰਨ ਬਣਦੀ ਹੈ | ਮਸਲਨ, ਕਿਲ੍ਹਾ ਭੰਗੀਆਂ, ਕਟੜਾ ਘਨੱਈਆ, ਕਟੜਾ ਰਾਮਗੜ੍ਹੀਆ, ਕਟੜਾ ਦਲ ਸਿੰਘ, ਛਾਉਣੀ ਨਿਹੰਗਾ ਆਦਿ | ਇਹ ਸਭ ਅੱਜ ਵੀ ਸ੍ਰੀ ਅੰਮਿ੍ਤਸਰ ਵਿਚ ਮੌਜੂਦ ਥਾਵਾਂ ਹਨ | ਪੁਸਤਕ ਸੰਖੇਪ ਹੈ, ਪਰ ਜਾਣਕਾਰੀ ਭਰਪੂਰ ਹੈ |

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਬੋਲੀ 'ਤੇ ਬੋਲੀ 
(ਮਾਡਰਨ ਪੰਜਾਬੀ ਬੋਲੀਆਂ)
ਲੇਖਿਕਾ : ਕੌਰ ਬਿੰਦ
ਪ੍ਰਕਾਸ਼ਕ : ਹੁਨਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 75084-86682


'ਬੋਲੀ 'ਤੇ ਬੋਲੀ' ਹਥਲੀ ਪੁਸਤਕ ਲੇਖਿਕਾ ਕੌਰ ਬਿੰਦ ਦੀ ਪੰਜਾਬੀ ਬੋਲੀਆਂ ਦੀ ਦੂਸਰੀ ਪੁਸਤਕ ਹੈ | ਇਸ ਤੋਂ ਪਹਿਲਾਂ ਉਸ ਦੀ ਪਲੇਠੀ ਪੁਸਤਕ 'ਬੋਲੀ ਮੈਂ ਪਾਵਾਂ' ਪ੍ਰਕਾਸ਼ਿਤ ਹੋ ਚੁੱਕੀ ਹੈ | ਬੋਲੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ | ਇਨ੍ਹਾਂ ਬੋਲੀਆਂ 'ਚੋਂ ਸਾਡੇ ਅਮੀਰ ਵਿਰਸੇ ਦੀ ਖੁਸ਼ਬੋ, ਸਾਡੇ ਦੁੱਖਾਂ-ਸੁੱਖਾਂ, ਤਿੱਥਾਂ-ਤਿਉਹਾਰਾਂ, ਰਿਸ਼ਤੇ-ਨਾਤਿਆਂ, ਚਾਵਾਂ-ਮਲਾਰਾਂ, ਗਿਲੇ-ਸ਼ਿਕਵਿਆਂ, ਨਿਹੋਰਿਆਂ ਆਦਿ ਦੇ ਝਲਕਾਰੇ ਪੈਂਦੇ ਹਨ | ਲੇਖਿਕਾ ਕੌਰ ਬਿੰਦ ਨੇ ਇਸ ਹਥਲੀ ਪੁਸਤਕ 'ਚ ਪੁਰਾਤਨ ਸੱਭਿਆਚਾਰਕ ਬੋਲੀਆਂ ਦੇ ਬਦਲਵੇਂ ਰੂਪ ਦੇ ਤੌਰ 'ਤੇ  ਇਸ ਨੂੰ  ਅਜੋਕੇ ਸਮੇਂ ਦੇ ਅਨੁਸਾਰ ਢਾਲ ਕੇ ਨਵਾਂਪਣ ਦੇਣ ਦੀ ਕੋਸ਼ਿਸ਼ ਕੀਤੀ ਹੈ | ਲੇਖਿਕਾ ਨੇ ਇਸ ਪੁਸਤਕ 'ਚ ਸ਼ਾਮਿਲ ਬੋਲੀਆਂ  'ਚ 'ਆਜੋ ਗਿੱਧਾ ਪਾਈਏ', 'ਛੱਜ ਓਹਲੇ ਛਾਨਣੀ', 'ਸਿੱਠਣੀਆਂ', 'ਆਉਂਦੀ ਕੁੜੀਏ', 'ਬੰਬੀਹਾ', 'ਜਾਗੋ ਆਈ ਆ', 'ਮਾਡਰਨ ਜਾਗੋ', 'ਇਕਰਾਰਨਾਮਾ', 'ਲੁੱਡੀ', 'ਝੂਮਰ', 'ਮਾਹੀਆ', 'ਪੁਆਧ ਕੇ ਰੰਗ', 'ਬੋਲੀਆਂ ਪੈਂਤੀ ਅੱਖਰੀ',  ਆਦਿ  ਵਿਸ਼ੇਸ਼ ਜ਼ਿਕਰਯੋਗ ਹਨ | ਇਸ ਪੁਸਤਕ ਦੀਆਂ ਮਾਡਰਨ ਬੋਲੀਆਂ ਦੀਆਂ ਕੁੱਝ ਵੰਨਗੀਆਂ ਵੇਖੋ :
ਅੱਜ-ਕੱਲ੍ਹ ਜਾਗੋ ਬਦਲਦੀ ਜਾਵੇ |
ਗਾਗਰ ਉੱਤੋਂ ਲਾਈਟਾਂ ਲਾਵੇ |
ਦੀਵੇ 'ਚ ਤੇਲ ਨਾ ਪਾਵੇ |
ਬਈ ਹੁਣ ਜਾਗੋ ਆਈ ਆ |    ਪੰਨਾ : 31 
-
ਮਾਲਵੇ ਦੀ ਜੱਟੀ ਉਚੀ-ਲੰਮੀ ਮੈਂ ਸੁਨੱਖੀ ਨੀ |
ਨੱਕ ਉਤੇ ਬਹਿਣ ਕਦੇ ਦਿੰਦੀ ਨਹੀਂ ਸੀ ਮੱਖੀ ਨੀ |
ਤੂੰ ਬੂਝੜ ਜਿਹਾ ਲੱਭਿਆ ਜਵਾਈ ਮਾਏ ਮੇਰੀਏ |
ਪਜਾਮੇ ਨਾਲ ਲਾਈ ਫਿਰੇ ਟਾਈ ਮਾਏ ਮੇਰੀਏ |   
‘ਪੰਨਾ : 42
-
ਵਿਆਹ ਹੋ ਗਿਆ ਅਮਲੀ ਦਾ ਫੋਟੋ 'ਤੇ ਫਿਲਟਰ ਲਾ ਕੇ |
ਤੜਕੇ-ਤੜਕੇ ਫੇਸਬੁੱਕ ਦੀ ਕਰਦਾ ਪੂਜਾ ਨਹਾ ਕੇ |
ਚਾਹ ਦਾ ਕੱਪ ਚੁੱਕਦਾ ਪਹਿਲਾਂ ਸਟੋਰੀ ਪਾ ਕੇ |       
ਪੰਨਾ : 44
ਲੇਖਿਕਾ ਕੌਰ ਬਿੰਦ ਦੀ ਇਸ ਪੁਸਤਕ 'ਚੋਂ ਸਾਡੇ ਅਮੀਰ ਪੰਜਾਬੀ ਪੇਂਡੂ ਵਿਰਸੇ ਦੀ ਖ਼ੂਬਸੂਰਤੀ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ | ਰੌਚਿਕ ਬੋਲੀਆਂ ਨਾਲ ਗੜੁੱਚ ਇਸ ਦਿਲਕਸ਼ ਪੁਸਤਕ ਦਾ ਹਾਰਦਿਕ ਸਵਾਗਤ ਹੈ |

-ਮਨਜੀਤ ਸਿੰਘ ਘੜੈਲੀ
ਮੋਬਾਈਲ : 79860-63165

ਤੋਸ਼ਾਖਾਨਾ 
ਮਹਾਰਾਜਾ ਰਣਜੀਤ ਸਿੰਘ
ਲੇਖਕ : ਡਾ. ਹਰਪ੍ਰੀਤ ਕੌਰ ਖ਼ਾਲਸਾ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ ਪਲਾਹੀ (ਫਗਵਾੜਾ)
ਮੁੱਲ : 1000 ਰੁਪਏ, ਸਫ਼ੇ : 288
ਸੰਪਰਕ : 98158-02070


'ਤੋਸ਼ਾਖਾਨਾ ਮਹਾਰਾਜਾ ਰਣਜੀਤ ਸਿੰਘ' ਇਕ ਦੁਰਲੱਭ ਇਤਿਹਾਸਕ ਦਸਤਾਵੇਜ਼ ਹੈ, ਜਿਸ ਨੂੰ  ਇਕ ਸਿਦਕੀ ਤੇ ਖਾਨਦਾਨੀ ਸਿੰਘਣੀ ਬੀਬਾ ਹਰਪ੍ਰੀਤ ਕੌਰ ਖ਼ਾਲਸਾ ਨੇ ਲਗਭਗ ਸਾਲ-ਸਵਾ ਸਾਲ ਦੀ ਮਿਹਨਤ ਨਾਲ ਇੰਗਲੈਂਡ ਦੇ ਸਰਕਾਰੀ ਅਤੇ ਨਿੱਜੀ ਸੰਗ੍ਰਹਿਆਲਿਆਂ ਵਿਚ ਖ਼ੁਦ ਸਰਵੇਖਣ ਅਤੇ ਭ੍ਰਮਣ ਕਰਨ ਉਪਰੰਤ, ਲਿਖਤੀ ਰੂਪ ਵਿਚ ਸਾਂਭਿਆ-ਸਹੇਜਿਆ ਹੈ | ਉਹ ਪੰਜਾਬ ਦੀ ਅਕਾਲੀ ਪਾਰਟੀ ਦੇ ਇਕ ਨਿਸ਼ਠਾਵਾਨ ਰਾਜਸੀ ਆਗੂ ਸ. ਬਸੰਤ ਸਿੰਘ ਖ਼ਾਲਸਾ ਦੀ ਸਭ ਤੋਂ ਛੋਟੀ ਜ਼ਹੀਨ ਸਪੁੱਤਰੀ ਹੈ | ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਉਸ ਦੀ ਉਤਸੁਕਤਾ ਘਰ-ਪਰਿਵਾਰ ਵਿਚੋਂ ਹੀ ਪੈਦਾ ਹੋਈ ਪਰ ਅਸ਼ਕੇ ਇਸ ਮੁਟਿਆਰ ਦੇ ਜਿਸ ਨੇ ਨਿੱਜੀ ਸਾਧਨਾਂ ਅੇਤ ਪਰਿਸ਼ਰਮ ਨਾਲ ਆਪਣੀ ਉਤਸੁਕਤਾ ਨੂੰ  ਵਿਦਵਤਾ ਵਿਚ ਰੂਪਾਂਤਰਿਤ ਕਰ ਦਿੱਤਾ | ਲੇਖਿਕਾ ਨੇ ਇਸ ਪੁਸਤਕ ਦੀ ਸਮੱਗਰੀ ਨੂੰ  10 ਅਧਿਆਵਾਂ ਵਿਚ ਵੰਡਿਆ ਹੈ | 1. ਸਿੱਖ ਰਾਜ ਦਾ ਉਥਾਨ ਤੇ ਪਤਨ, 2. ਮਹਾਰਾਜਾ ਰਣਜੀਤ ਸਿੰਘ ਦਾ ਜੀਵਨ-ਬਿਰਤਾਂਤ, 3. ਮਹਾਰਾਜੇ ਦਾ ਤੋਸ਼ਾਖਾਨਾ, 4. ਸਿੱਕਾ-ਵਿਗਿਆਨ, 5. ਬਰਤਾਨੀਆ ਵਿਚ ਪਈਆਂ ਮਹਾਰਾਜੇ ਦੀਆਂ ਪਾਵਨ ਅਤੇ ਦੁਰਲੱਭ ਵਸਤਾਂ, 6. ਮਹਾਰਾਜੇ ਦੀ ਕੁਰਸੀ ਤੇ ਕੋਹਿਨੂਰ ਹੀਰਾ, 7. ਮਹਾਰਾਜਾ ਦਲੀਪ ਸਿੰਘ ਨਾਲ ਸੰਬੰਧਿਤ ਵਸਤਾਂ ਅਤੇ ਸਥਾਨ, 8. ਦਲੀਪ ਸਿੰਘ ਦੀ ਸੰਤਾਨ, 9 ਬਰਤਾਨੀਆ ਵਿਚ ਪਏ ਸਿੱਖ ਚਿੱਤਰ ਅਤੇ 10. ਰਾਜ ਕੁਮਾਰੀ ਬੰਬਾ ਸੰਗ੍ਰਹਿ ਲਾਹੌਰ | ਮਹਾਰਾਜੇ ਨੇ ਇਕ ਛੋਟੀ ਜਿਹੀ ਮਿਸਲ (ਸ਼ੁਕਰ-ਚੱਕ) ਤੋਂ ਸ਼ੁਰੂ ਕਰ ਕੇ ਸਤਲੁਜ ਤੋਂ ਪਾਰ ਦੇ ਸਮੁੱਚੇ ਪੰਜਾਬ, ਜੰਮੂ-ਕਸ਼ਮੀਰ, ਲੇਹ-ਲੱਦਾਖ ਅਤੇ ਪਿਸ਼ਾਵਰ ਤੱਕ ਦੇ ਬਹੁਤ ਵਿਸ਼ਾਲ ਖੇਤਰ ਉੱਪਰ ਰਾਜ ਸਥਾਪਿਤ ਕਰ ਲਿਆ ਸੀ | ਉਹ ਇਕ ਹਰਮਨ ਪਿਆਰਾ ਅਤੇ ਗ਼ੈਰ-ਤੁਆਸਬੀ ਰਾਜਾ ਸੀ | ਸਿੱਖ ਧਰਮ ਪ੍ਰਤੀ ਤਾਂ ਉਸ ਦੀ ਆਸਥਾ ਹੋਣੀ ਹੀ ਸੀ, ਹਿੰਦੂ ਮੰਦਰਾਂ ਅਤੇ ਮੁਸਲਿਮ ਮਸੀਤਾਂ ਨੂੰ  ਵੀ ਉਸ ਨੇ ਖੁੱਲ੍ਹੇ ਦਿਲ ਨਾਲ ਦਾਨ-ਦੱਛਣਾ ਦਿੱਤੀ | ਲੇਖਿਕਾ ਨੇ ਡਾ. ਗੰਡਾ ਸਿੰਘ, ਸਯਦ ਮੁਹੰਮਦ ਲਤੀਫ਼, ਸ. ਖੁਸ਼ਵੰਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਓਸਬਾਰਨ, ਅਵਤਾਰ ਸਿੰਘ ਗਿੱਲ, ਚੰਨਣ ਸਿੰਘ ਚੰਨ, ਲੇਡੀ ਲੋਗਨ, ਬੀ.ਐਨ. ਗੋਸਵਾਮੀ, ਆਰਚਰ, ਅਕਲਿਓਡ, ਕੰਵਰਜੀਤ ਸਿੰਘ ਕੰਗ, ਅਜੀਜ਼ੁਉੱਦੀਨ ਅਤੇ ਜਰਨੈਲ ਸਿੰਘ ਚਿੱਤਰਕਾਰ ਆਦਿ ਦੇ ਹਵਾਲਿਆਂ ਨਾਲ ਇਸ ਪੁਸਤਕ ਵਿਚਲੀ ਸਮੱਗਰੀ ਨੂੰ  ਪ੍ਰਮਾਣਿਕ ਬਣਾਇਆ ਹੈ | ਪੁਸਤਕ ਵਿਚਲੇ ਚਿੱਤਰਾਂ ਦਾ ਪ੍ਰਕਾਸ਼ਨ ਬਹੁਤ ਸੁੰਦਰ ਹੋਇਆ ਹੈ, ਪਰ ਇਹ ਚਿੱਤਰ ਕਾਫ਼ੀ ਨਹੀਂ ਅਤੇ ਨਾ ਹੀ 'ਤੋਸ਼ੇਖਾਨੇ ਦੀ ਸਮੱਗਰੀ' ਦੀ ਭਰਪੂਰ ਝਾਕੀ ਪੇਸ਼ ਕਰਦੇ ਹਨ | ਜੇ ਲੇਖਿਕਾ ਹੋਰ ਮਿਹਨਤ ਕਰੇ ਤਾਂ ਇਹ 'ਕਾਫ਼ੀ ਟੇਬਲ ਬੁੱਕ' ਵੀ ਬਣ ਸਕਦੀ ਹੈ |

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਸਵਰਗ ਜਿਹਾ ਮੇਰਾ ਪਿੰਡ
ਲੇਖਕ : ਰਾਜ ਕੁਮਾਰ 'ਘਾਸੀਪੁਰੀਆ'
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 72
ਸੰਪਰਕ : 94781-34527


ਲੇਖਕ ਰਾਜ ਕੁਮਾਰ 'ਘਾਸੀਪੁਰੀਆ' ਹਥਲੇ ਕਾਵਿ-ਸੰਗ੍ਰਹਿ 'ਮੇਰਾ ਪਿੰਡ ਸਵਰਗ ਜਿਹਾ' ਤੋਂ ਪਹਿਲਾਂ ਵੀ ਤਿੰਨ ਕਾਵਿ-ਸੰਗ੍ਰਹਿਾਂ 'ਅਹਿਸਾਸਾਂ ਦੇ ਸੁੱਚੇ ਮੋਤੀ', 'ਮੇਰੇ ਗੀਤਾਂ ਦਾ ਮਲਿਕਾ' ਅਤੇ 'ਭੱਖਦੇ ਹਰਫ਼' ਰਾਹੀਂ ਪੰਜਾਬੀ ਦੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ | ਜ਼ਿੰਦਗੀ ਵਿਚ ਹਰ ਕਿਸੇ ਨੇ ਕਿਸੇ ਨਾ ਕਿਸਮ ਦਾ ਕਰਜਾ ਉਤਾਰਨਾ ਹੁੰਦਾ ਹੈ, ਸਭ ਤੋਂ ਮਹਿੰਗਾ ਕਰਜ਼ਾ ਆਪਣੇ ਮਾਤਾ-ਪਿਤਾ ਦਾ ਹੁੰਦਾ ਹੈ | ਦੂਜਾ ਕਰਜ਼ਾ ਹੁੰਦਾ ਹੈ ਆਪਣੀ ਜੰਮਣ ਭੋਇੰ ਦਾ | ਸੋ ਸ਼ਾਇਰ ਰਾਜ ਕੁਮਾਰ 'ਘਾਸੀਪੁਰੀਆ' ਨੇ ਆਪਣੀ ਜੰਮਮ ਭੋਇੰ ਦਾ ਕਰਜ਼ ਇਹ ਕਿਤਾਬ ਲਿਖ ਕੇ ਉਤਾਰਿਆ ਹੈ | ਸਵਰਗ ਕਿਸੇ ਨੇ ਦੇਖਿਆ ਨਹੀਂ ਪਰ ਜੇ ਦੇਖਣਾ ਹੀ ਹੋਵੇ ਤਾਂ ਆਪਣੇ ਪਿੰਡ ਨੂੰ  ਹੀ ਦੇਖ ਲਿਆ ਜਾਵੇ ਉਹ ਕਿਹੜਾ ਸਵਰਗ ਤੋਂ ਘੱਟ ਹੈ | ਤੁਸੀਂ ਪਿੰਡ ਘਾਸੀਪੁਰੀ ਨੂੰ  ਹੀ ਸ਼ਾਇਰ ਦੀਆਂ ਇਨ੍ਹਾਂ ਸਤਰਾਂ ਰਾਹੀਂ ਦੇਖ ਸਕਦੇ ਹੋ, 'ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦਾ ਜਿਹੜਾ ਅੰਬਾਂ ਦੇ ਬਾਗ਼ਾਂ ਦਾ ਘਰ, ਹਰੀਆਂ ਭਰੀਆਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸਿਆ, ਇਹਦਾ ਜ਼ਰਾ ਜ਼ਰਾ ਕੁਦਰਤ ਦੇ ਰੰਗਾਂ ਦੇ ਸਕੂਨ ਦੇ ਮਿੱਠੇ ਵਿਚ ਰਸਿਆ ਹੈ, ਇਸ ਕਾਵਿ-ਕਿਤਾਬ ਵਿਚ 35 ਕਵਿਤਾਵਾਂ ਹਨ ਜੋ ਘਾਸੀਪੁਰ ਪਿੰਡ ਦੇ 35 ਰੰਗਾਂ ਦਾ ਕੋਲਾਜ ਹੈ | ਇਸ ਕੋਲਾਜ ਵਿਚ ਤੁਸੀਂ ਪਿੰਡ ਦੀ ਸਵੇਰ ਦੇਖ ਸਕਦੇ ਹੋ | ਪਿੰਡ ਦੇ ਪੰਛੀਆਂ ਦੇ ਮਧੁਰ ਸੰਗੀਤ ਸੁਣ ਸਕਦੇ ਹੋ, ਕੱਚੇ ਪੱਕੇ ਭਾਂਡੇ ਦੇਖ ਸਕਦੇ ਹੋ | ਪਿੰਡ ਦੇ ਬਜ਼ੁਰਗਾਂ ਦੇ ਦਰਸ਼ਨ ਕਰ ਸਕਦੇ ਹੋ, ਫੇਰੀ ਵਾਲਿਆਂ ਦੀਆਂ ਆਵਾਜ਼ਾਂ ਸੁਣ ਸਕਦੇ ਹੋ | ਸਾਉਣ ਮਹੀਨੇ ਦੀਆਂ ਮੌਜਾਂ ਮਾਣ ਸਕਦੇ ਹੋ ਤੇ ਸਭ ਤੋਂ ਜ਼ਿਆਦਾ ਬਚਪਨ ਦੀਆਂ ਖੇਡਾਂ ਦਾ ਦੁਬਾਰਾ ੱਅਨੰਦ ਮਾਣ ਸਕਦੇ ਹੋ | ਬਚਪਨ ਦੀਆਂ ਖੇਡਾਂ ਤੋਂ ਇਹ ਸ਼ੇਅਰ ਯਾਦ ਆ ਰਿਹਾ ਹੈ 'ਕਹਾਂ ਗਏ ਬਚਪਨ ਕੀ ਅਮੀਰੀ ਕੇ ਵੋਹ ਦਿਨ, ਜਬ ਹਮਾਰੇ ਵੀ ਪਾਨੀ ਮੇਂ ਜਹਾਜ਼ ਚਲਤੇ ਥੇ |' ਸ਼ਾਇਰ ਨੂੰ  ਪਿੰਡ ਦੀ ਹਰ ਸ਼ੈਅ ਨਾਲ ਮੁਹੱਬਤ ਹੈ | ਰਸੂਲ ਹਮਜਾਤੋਵ ਕਹਿੰਦਾ ਹੈ ਕਿ ਪੰਜ ਤਾਰਾ ਹੋਟਲ ਦੇ ਸੀਵਿੰਗ ਪੂਲ ਤੋਂ ਜ਼ਿਆਦਾ ਉਸ ਨੂੰ  ਪਿੰਡ ਦਾ ਛੱਪੜ ਚੰਗਾ ਲਗਦਾ ਹੈ | ਉਹ ਸੱਜਣ ਜੋ ਹੁਣ ਉਮਰ ਦੀਆਂ ਤਿਰਕਾਲਾਂ ਵਿਚ ਪਹੁੰਚ ਗਏ ਹਨ ਤੇ ਜੇ ਪੁਰਾਣਾ ਗੁਆਚਿਆ ਪੰਜਾਬ ਦਿ੍ਸ਼ ਦੇਖਣਾ ਹੋਵੇ ਤਾਂ ਇਸ ਦੀ ਰਹਿਤਲ ਨੂੰ  ਦੇਖਣ ਲਈ ਇਸ ਕਿਤਾਬ ਦੀ ਪੰਛੀ ਝਾਤ ਪਾਉਣਾ ਜ਼ਰੂਰੀ ਹੋ ਜਾਂਦਾ ਹੈ | ਹੁਣ ਪੱਛਮ ਦੀ ਹਵਾ ਨਾਲ ਸ਼ਹਿਰੀਕਰਨ ਹੋ ਜਾਣ ਨਾਲ ਪਿੰਡਾਂ ਦੇ ਪਿਆਰ ਦੀ ਰੂਹ ਦੀ ਵਿਆਕਰਨ ਤਾਂ ਵਿਗੜ ਹੀ ਰਹੀ ਹੈਤੇ ਪਿੰਡ ਦੀ ਰੂਹ ਬੋੜੇ ਖੂਹ ਵਿਚ ਡੁੱਬ ਗਈ ਲਗਦੀ ਹੈ | ਸ਼ਾਇਰ ਦਾ ਹੇਰਵਾ ਦੇਖੋ:
'ਦਰਿਆ ਤੋਂ ਸੁੱਕੀ ਨਹਿਰ ਹੋ ਗਿਆ, ਮੇਰਾ ਪਿੰਡ ਹੁਣ ਸ਼ਹਿਰ ਹੋ ਗਿਆ |
ਸਭ ਰੀਤੀ ਰਿਵਾਜ ਬਦਲ ਗਏ, ਬੇਰੁੱਖੀ ਜੇਹੀ ਬਹਿਰ ਹੋ ਗਿਆ
ਮੇਰਾ ਪਿੰਡ ਹੁਣ ਸ਼ਹਿਰ ਹੋ ਗਿਆ |

-ਭਗਵਾਨ ਢਿੱਲੋਂ
ਮੋਬਾਈਲ : 98143-78254

ਹਲਦੀ ਦੇ ਰੰਗ ਸ਼ਗਨਾਂ ਦੇ ਸੰਗ
ਲੇਖਕ : ਬਹਾਦਰ ਸਿੰਘ ਗੋਸਲ (ਪਿੰ੍ਰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 98764-52223


ਲੇਖਕ ਬਹਾਦਰ ਸਿੰਘ ਗੋਸਲ (ਪਿ੍ੰਸੀਪਲ) ਹੁਰਾਂ ਦੁਆਰਾ ਲਿਖੀ ਗਈ ਵਾਰਤਕ ਦੀ ਇਹ 118ਵੀਂ ਪੁਸਤਕ ਹੈ | ਸਾਡੇ ਪੁਰਾਤਨ ਪੰਜਾਬ ਸੱਭਿਆਚਾਰ ਦੀ ਤਸਵੀਰ ਨੂੰ  ਬਾਖ਼ੂਬੀ ਦਰਸਾਉਂਦੀ ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ 21 ਲੇਖ ਸ਼ਾਮਿਲ ਕੀਤੇ ਗਏ ਹਨ |  ਹੁਣ ਜੇਕਰ ਗੱਲ ਕਰੀਏ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਲੇਖਾਂ ਦੀ, ਇਨ੍ਹਾਂ ਦੇ ਵਿਸ਼ਾ-ਵਸਤੂ ਅਲੱਗ-ਅਲੱਗ ਹਨ | ਪੰਜਾਬ ਸੱਭਿਆਚਾਰ ਦੇ ਪੁਰਾਤਨ ਰੰਗ ਦਾ ਖ਼ੂਬਸੂਰਤ ਚਿਤਰਨ ਕਰਨਾ ਪੰਜਾਬ ਦੇ ਕਿਸੇ ਪਿੰਡ ਦੀ ਮਿੱਟੀ ਨਾਲ ਜੁੜੇ ਲੇਖਕ ਲਈ ਹੋਰ ਵੀ ਸੁਖ਼ਾਲਾ ਹੁੰਦਾ ਹੈ | ਇਨ੍ਹਾਂ ਲੇਖਾਂ 'ਚ ਜੋ ਕੁਝ ਵੀ ਲਿਖਿਆ ਗਿਆ ਹੈ, ਉਸ ਸੰਬੰਧੀ 20ਵੀਂ ਸਦੀ 'ਚ ਜਨਮ ਸਾਰੇ ਵਿਅਕਤੀ ਚੰਗੀ ਤਰ੍ਹਾਂ ਜਾਣਦੇ ਹਨ | ਨਵੇਂ ਪੋਸ਼ ਨੂੰ  ਪੁਰਾਤਨ ਸਮੇਂ ਦੀਆਂ ਸਾਡੀਆਂ ਆਮ ਰਸਮਾਂ-ਰਿਵਾਜ, ਲੋਕ ਵਿਸ਼ਵਾਸ, ਕੰਮ-ਕਿੱਤੇ, ਘਰਾਂ ਦਾ ਸਾਦਾ ਰਹਿਣ-ਸਹਿਣ, ਪੁਰਾਤਨ ਖੇਤੀ ਅਤੇ ਖੇਤੀ ਸੰਦ, ਹਵੇਲੀਆਂ, ਦਰਵਾਜ਼ੇ, ਕੱਚੇ ਘਰਾਂ 'ਚ ਵਾਸਾ, ਉਨ੍ਹਾਂ ਦੀ ਲਿੱਪ-ਪੋਚ ਕੇ ਸਫ਼ਾਈ, ਸਜਾਵਟ ਆਦਿ ਬਹੁਤ ਸਾਰੀਆਂ ਗੱਲਾਂ ਸੰਬੰਧੀ ਕੋਈ ਸੋਝੀ ਨਹੀਂ ਹੈ | ਭਾਵੇਂ ਜ਼ਮਾਨੇ ਦੀ ਰਫ਼ਤਾਰ ਨੇ ਪਿੱਛੇ ਵੱਲ ਨੂੰ  ਕਦੇ ਵੀ ਨਹੀਂ ਮੁੜਨਾ ਹੁੰਦਾ, ਮੇਰਾ ਯਕੀਨ ਹੈ ਕਿ ਇਹ ਲੇਖ ਪੜ੍ਹਨ ਨਾਲ ਖ਼ਾਸ ਕਰਕੇ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਨੂੰ  ਸਾਡੇ ਪੁਰਾਤਨ ਵਿਰਸੇ, ਸੱਭਿਆਚਾਰ ਅਤੇ ਪੁਰਾਤਨ ਕਦਰਾਂ-ਕੀਮਤਾਂ ਸੰਬੰਧੀ ਬਹੁਤ ਸਾਰੀ ਕੀਮਤੀ ਜਾਣਕਾਰੀ ਆਸਾਨੀ ਨਾਲ ਹਾਸਿਲ ਹੋ ਜਾਵੇਗੀ | ਲੇਖਕ ਨੇ ਹਰ ਗੱਲ ਨੂੰ  ਬੜੇ ਸਾਦੇ, ਸਾਫ਼ ਅਤੇ ਸਪੱਸ਼ਟ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ | ਬਹੁਤੀਆਂ ਥਾਵਾਂ 'ਤੇ ਢੁੱਕਵੀਆਂ ਤਸਵੀਰਾਂ ਛਾਪ ਕੇ ਸੋਨੇ 'ਤੇ ਸੁਹਾਗੇ ਵਾਲਾ ਕੰਮ ਕੀਤਾ ਹੈ | ਤਸਵੀਰਾਂ ਦੀ ਇਕ ਆਪਣੀ ਅਲੱਗ ਭਾਸ਼ਾ ਹੁੰਦੀ ਹੈ ਅਤੇ ਇਹ ਵਿਸ਼ੇ ਨੂੰ  ਸਮਝਣ ਅਤੇ ਸਮਝਾਉਣ 'ਚ ਹੋਰ ਸੁਚੱਜੇ ਨਾਲ ਪਾਠਕ ਦੀ ਮੱਦਦ ਕਰਦੀਆਂ ਹਨ | 'ਕਿਤਾਬਾਂ ਦਾ ਸੰਧਾਰਾ' ਮਨੁੱਖੀ ਜੀਵਨ ਨੂੰ  ਚੰਗੇ ਰਾਹਾਂ 'ਤੇ ਤੋਰਨ ਲਈ ਕਿਤਾਬਾਂ ਦੀ ਮਹੱਤਤਾ ਨੂੰ  ਦਰਸਾਉਂਦਾ ਹੈ ਅਤੇ 17ਵੇਂ ਲੇਖ 'ਚ ਮਿਲਾਵਟੀ ਵਸਤਾਂ ਦੇ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਅਤੇ ਪਸ਼ੂ ਪਾਲਕਾਂ ਦੀ ਘਟ ਰਹੀ ਗਿਣਤੀ, ਪਰ ਦੁੱਧ, ਪਨੀਰ, ਦਹੀਂ ਆਦਿ ਦੀ ਘਾਟ ਨਾ ਹੋਣਾ ਵਿਸ਼ਾ ਗੰਭੀਰ ਚਿੰਤਨ ਕਰਨ ਦੀ ਮੰਗ ਕਰਦਾ ਹੈ | ਵਿਸ਼ਿਆਂ ਦੀ ਚੰਗੀ ਚੋਣ ਅਤੇ ਪੇਸ਼ਕਾਰੀ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਹੱਕਦਾਰ ਹਨ |

-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110

ਪੰਜਾਬ ਦਾ ਬੋਧੀ ਇਤਿਹਾਸ
ਲੇਖਕ : ਹਰਮੇਸ਼ ਜੱਸਲ
ਪ੍ਰਕਾਸ਼ਕ : ਮਲਿੰਦ ਪ੍ਰਕਾਸ਼ਨ, ਜਲੰਧਰ
ਮੁੱਲ : 600 ਰੁਪਏ, ਸਫ਼ੇ : 368
ਸੰਪਰਕ : 94644-83080


ਸ੍ਰੀ ਹਰਮੇਸ਼ ਜੱਸਲ ਬਹੁ-ਪੱਖੀ ਖੋਜੀ ਵਿਦਵਾਨ ਹਨ ਜਿਨ੍ਹਾਂ ਦੀਆਂ 17 ਪੁਸਤਕਾਂ ਛਪ ਚੁੱਕੀਆਂ ਹਨ | ਉਹ ਮਲਿੰਦ ਪ੍ਰਕਾਸ਼ਨ ਨਾਲ ਜੁੜੇ ਹੋਏ ਹਨ | ਉਹ ਇਕ ਸਮਰਪਿਤ ਅੰਬੇਡਕਰੀ-ਬੋਧੀ, ਚਿੰਤਕ ਲੇਖਕ, ਬੁਲਾਰੇ ਤੇ ਸਮਾਜਸੇਵੀ ਹਨ | ਉਹ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਪਾਲੀ ਭਾਸ਼ਾ ਦੇ ਗਿਆਤਾ ਹਨ | ਕੁਮਾਰੀ ਮਧੂਬਾਲਾ ਦੀ ਪੁਸਤਕ 'ਪ੍ਰਾਚੀਨ ਪੰਜਾਬ ਦੀ ਸੰਸਕ੍ਰਿਤੀ' ਤੋਂ ਪ੍ਰਭਾਵਿਤ ਹੋ ਕੇ ਆਪ ਨੇ 'ਪੰਜਾਬ ਦਾ ਬੋਧੀ ਇਤਿਹਾਸ' ਲਿਖਣ ਦੀ ਠਾਣੀ ਜਿਸ ਲਈ ਆਪ ਨੇ ਬਹੁਤ ਖੋਜ ਤੇ ਦਿ੍ੜ੍ਹ ਇਰਾਦੇ ਨਾਲ ਹਥਲੀ ਪੁਸਤਕ ਮਾਂ-ਬੋਲੀ ਪੰਜਾਬੀ 'ਚ ਲਿਖਣ ਦਾ ਦਾਇਆ ਸੰਪੰਨ ਕੀਤਾ | ਬੁੱਧ ਮੱਤ ਦਾ ਯੁੱਗ ਕੀ ਭਾਰਤ ਤੇ ਕੀ ਨਿਪਾਲ ਤੇ ਚੀਨ ਤੱਕ ਫੈਲਿਆ ਤੇ ਫਿਰ ਇਸ ਧਰਮ ਦੀ ਅਧੋਗਤੀ ਕਿਵੇਂ ਹੋਈ, ਇਸ ਅਤੀਤ ਨੂੰ  ਪੁਨਰ ਸੁਰਜੀਤ ਕਰਨਾ, ਇਸ ਰਚਨਾ ਦਾ ਉਦੇਸ਼ ਸਾਹਮਣੇ ਆਉਂਦਾ ਹੈ | ਪੰਜਾਬ 'ਚ ਬੁੱਧ-ਮੱਤ ਦਾ ਫੈਲਾਅ ਅਤੇ ਬੁੱਧ-ਮੱਤ ਦੇ ਧਾਰਨੀ ਡਾ. ਅੰਬੇਡਕਰ ਦੀ ਘਾਲਣਾ ਦੀ ਝਲਕ ਬਹੁਤ ਨਿੱਖਰ ਕੇ ਸਾਡੇ ਸਾਹਮਣੇ ਆਉਂਦੀ ਹੈ | ਇਹ ਵੱਡ ਅਕਾਰੀ ਪੁਸਤਕ ਆਪਣੇ-ਆਪ ਇਕ ਖੋਜ-ਗ੍ਰੰਥ ਮੰਨੀ ਜਾ ਸਕਦੀ ਹੈ | ਏਨੇ ਵੇਰਵੇ ਹੈਰਾਨ ਕਰਨ ਵਾਲੇ ਹਨ | ਬੋਧੀ ਵਿਦਵਾਨ ਸ੍ਰੀ ਡੀ. ਸੀ. ਅਹੀਰ ਦੀ ਪੁਸਤਕ 'ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਬੁੱਧ ਧਰਮ' ਤੋਂ ਵੀ ਪ੍ਰੇਰਨਾ ਲੈ ਕੇ ਲੇਖਕ ਨੇ 'ਪੰਜਾਬ ਦਾ ਬੋਧੀ ਇਤਿਹਾਸ' ਲਿਖਣਾ ਉਚਿਤ ਸਮਝਿਆ | ਪੁਸਤਕ ਦੇ ਪਹਿਲੇ ਭਾਗ 'ਚ ਤਥਾਗਤ ਬੁੱਧ ਦਾ ਪੰਜਾਬ ਆਗਮਨ ਦੱਸ ਕੇ ਫਿਰ ਉਸ ਸਮੇਂ ਰਾਜੇ-ਮਹਾਰਾਜਿਆਂ ਦੇ ਕਾਲ-ਖੰਡ 'ਚ ਬੁੱਧਮੱਤ ਦੇ ਪ੍ਰਚਾਰ-ਪ੍ਰਸਾਰ ਦੀ ਵਿਆਖਿਆ ਕੀਤੀ ਗਈ | ਭਾਵ ਸ਼ੂਦਰ ਸ਼ਕਤੀ ਦੇ ਨੰਦ ਰਾਜੇ ਤੋਂ ਮੌਰੀਆ ਸਾਮਰਾਜ, ਮਹਾਨ ਅਸ਼ੋਕ, ਰਾਜਾ ਮਲਿੰਦ, ਕਨਿਸ਼ਕ, ਨਾਗ ਸਮਾਜ, ਗੁਪਤ ਸਾਮਰਾਜ ਤੇ ਮਹਾਰਾਜਾ ਹਰਸ਼ ਵਰਧਨ | ਦੂਜੇ ਭਾਗ ਵਿਚ ਸਿੰਧੂ ਘਾਟੀ ਸਭਿਅਤਾ ਤੋਂ ਲੈ ਕੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦਾ ਪੁਰਾਤੱਤਵੀ ਖੋਜ ਦੇ ਸਬੂਤਾਂ ਦਾ ਵਰਨਣ ਹੈ | ਖੁਦਾਈ ਦੇ ਬੋਧੀ ਅਵਸ਼ੇਸ਼, ਸਿੱਕੇ, ਮੁਹਰਾਂ ਆਦਿ ਦੀ ਜਾਣਕਾਰੀ ਪੜ੍ਹੀ ਜਾ ਸਕਦੀ | ਫੋਟੋਆਂ ਤੇ ਤਸਵੀਰਾਂ ਜਾਣਕਾਰੀ 'ਚ ਵਾਧਾ ਕਰਦੀਆਂ ਹਨ | ਹੁਣ ਪੰਜਾਬ 'ਚ 22 ਬੁੱਧ ਵਿਹਾਰ ਹਨ | ਚੀਨੀ ਯਾਤਰੀ ਹਿਊਨ ਸਾਂਗ ਸੱਤਵੀਂ ਸਦੀ 'ਚ ਭਾਰਤ ਆਇਆ ਜੋ 14 ਸਾਲ ਰਿਹਾ ਤੇ ਪੰਜਾਬ ਵੀ ਆਇਆ ਦਾ ਜ਼ਿਕਰ ਬੜਾ ਰੌਚਕ ਹੈ | ਮਹਾਰਾਜਾ ਅਸ਼ੋਕ ਨੇ ਬੁੱਧਮਤ ਧਾਰਨ ਕਰਕੇ ਜੋ ਕਾਰਜ ਕੀਤੇ, ਪੜ੍ਹਨਯੋਗ ਹਨ | ਪੰਜਾਬ ਦੇ ਥੇਹ ਬੁੱਧਮੱਤ ਬਾਰੇ ਕੀ ਦੱਸਦੇ ਹਨ, ਇਹ ਖੋਜ ਦੁਰਲੱਭ ਹੈ | ਇਹ ਪੁਸਤਕ ਅਤੀਤ ਅਤੇ ਵਰਤਮਾਨ ਦੀ ਧਰੋਹਰ ਹੈ | ਖੋਜਾਰਥੀਆਂ ਲਈ ਰਾਹ ਦਸੇਰਾ ਹੈ |

-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900

ਮੁੱਲ ਵਿਕਦਾ ਸਮਾਂ
ਲੇਖਕ : ਹਰਭਜਨ ਸਿੰਘ ਖੇਮਕਰਨੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮਿ੍ਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98781-31525


ਹਰਭਜਨ ਸਿੰਘ ਖੇਮਕਰਨੀ ਉਮਰ ਦੇ ਅੱਠ ਦਹਾਕੇ ਪਾਰ ਕਰਕੇ ਹਾਲੇ ਵੀ ਸਾਹਿਤ ਸਿਰਜਣਾ ਵਿਚ ਤਨਦੇਹੀ ਨਾਲ ਜੁਟਿਆ ਹੋਇਆ ਹੈ | ਉਹ ਕਵਿਤਾ, ਕਹਾਣੀ ਤੇ ਮਿੰਨੀ ਕਹਾਣੀ ਲਿਖਣ ਵੱਲ ਰੁਚਿਤ ਰਹਿੰਦਾ ਹੈ | ਪਰ ਹੁਣ ਉਸ ਦਾ ਬਹੁਤਾ ਧਿਆਨ ਮਿੰਨੀ ਕਹਾਣੀ ਲੇਖਨ ਵੱਲ ਲੱਗਾ ਹੋਇਆ ਹੈ | ਉਹ ਮਿੰਨੀ ਕਹਾਣੀ ਲਿਖਦਾ ਹੀ ਨਹੀਂ, ਇਸ ਦੇ ਸੰਸਥਾਪਨ ਅਤੇ ਵਿਕਾਸ ਵੱਲ ਵੀ ਪੂਰਾ ਧਿਆਨ ਤੇ ਸਹਿਯੋਗ ਦਿੰਦਾ ਹੈ | ਵੱਡੀ ਗੱਲ ਇਹ ਹੈ ਕਿ ਉਹ ਹਰ ਦੌਰ ਦੀ ਮਿੰਨੀ ਕਹਾਣੀ ਦਾ ਗਵਾਹ ਰਿਹਾ ਹੈ | 'ਮੁੱਲ ਵਿਕਦਾ ਸਮਾਂ' ਉਸ ਦਾ ਨਵਾਂ ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਭਾਂਤ-ਭਾਂਤ ਦੇ ਵਿਸ਼ਿਆਂ ਨੂੰ  ਸੇਧਤ ਕਹਾਣੀਆਂ ਦੀ ਰਚਨਾ ਕੀਤੀ ਹੈ | ਮਿੰਨੀ ਕਹਾਣੀ ਲਈ ਦਰਦਾਰ ਸੰਖੇਪਤਾ, ਰੌਚਿਕਤਾ, ਜਿਹੇ ਗੁਣ ਉਸ ਦੀਆਂ ਮਿੰਨੀ ਕਹਾਣੀਆਂ ਵਿਚ ਸਮੋਏ ਹੋਏ ਹਨ | ਵਿਸ਼ੇ ਭਾਵੇਂ ਉਹ ਆਪਣੇ ਆਲੇ-ਦੁਆਲੇ ਦੇ ਸਮਾਜ 'ਚੋਂ ਹੀ ਲੈਂਦਾ ਹੈ ਪਰ ਉਨ੍ਹਾਂ ਦੀ ਵੰਨ-ਸੁਵੰਨਤਾ ਹਰ ਹੀਲੇ ਕਾਇਮ ਰੱਖਦਾ ਹੈ | ਵਿਸ਼ੇ ਨਵੇਂ ਨਕੋਰ ਲੈਂਦਾ ਹੈ, ਇਸੇ ਲਈ ਉਸ ਦੀਆਂ ਕਹਾਣੀਆਂ ਰੌਚਿਕ ਹੁੰਦੀਆਂ ਹਨ | ਭਖਦੇ ਮਸਲੇ ਵੀ ਉਸ ਦੀਆਂ ਕਹਾਣੀਆਂ ਦਾ ਹਿੱਸਾ ਬਣਦੇ ਹਨ ਜਿਵੇਂ ਪਿਛਲੇ ਵਰਿ੍ਹਆਂ ਦਾ ਕਿਸਾਨ ਅੰਦੋਲਨ 'ਸਕਾਰਾਤਮਕ ਸੋਚ' ਅਤੇ 'ਭੁੱਬਲ ਹੇਠ ਦੱਬੀ ਚਿਣਗ' ਕਹਾਣੀਆਂ ਰਾਹੀਂ ਪੇਸ਼ ਹੋਇਆ ਹੈ | 'ਮੁੱਲ ਵਿਕਦਾ ਸਮਾਂ' ਬਿਲਕੁਲ ਅਛੂਤਾ ਵਿਸ਼ਾ ਲੈ ਕੇ ਹਾਜ਼ਰ ਹੋਈ ਹੈ | ਉਹ ਆਪਣੀਆਂ ਕਹਾਣੀਆਂ ਨੂੰ  ਸ਼ਬਦਾਂ ਦੇ ਜਾਲ ਵਿਚ ਨਹੀਂ ਉਲਝਾਉਂਦਾ, ਸਗੋਂ ਸਾਦ-ਮੁਰਾਦੀ ਭਾਸ਼ਾ ਰਾਹੀਂ ਹੀ ਆਪਣੀਆਂ ਕਹਾਣੀਆਂ ਦੀ ਬੁਣਤੀ ਬੁਣ ਲੈਂਦਾ ਹੈ | ਸੰਖੇਪਤਾ ਇਕ ਹੋਰ ਗੁਣ ਹੈ ਜੋ ਉਸ ਦੀਆਂ ਕਹਾਣੀਆਂ ਵਿਚ ਪ੍ਰਗਟ ਹੁੰਦਾ ਹੈ | ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਇਕ ਸਫ਼ੇ ਤੋਂ ਪਾਰ ਨਹੀਂ ਜਾਂਦੀਆਂ ਇਸੇ ਲਈ ਉਸ ਦੀਆਂ ਕਹਾਣੀਆਂ ਸ਼ੁਰੂ ਹੋ ਕੇ ਸਿੱਧੀਆਂ ਆਪਣੇ ਟੀਚੇ ਵੱਲ ਵਧਦੀਆਂ ਹਨ | ਕਹਾਣੀਆਂ ਪੜ੍ਹਨਯੋਗ ਹਨ |

-ਕੇ. ਐਲ. ਗਰਗ (ਸਵ.)

ਪੰਜਾਬੀ ਗ਼ਜ਼ਲ ਦੀ ਪੁਸਤਕਾਵਲੀ
ਲੇਖਕ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਕੈਫ਼ੇ ਵਰਲਡ, ਬਠਿੰਡਾ, ਜਲੰਧਰ
ਮੁੱਲ : 600 ਰੁੁਪਏ, ਸਫ਼ੇ :252  
ਸੰਪਰਕ : 94179-62820


ਪੰਜਾਬੀ ਸਾਹਿਤ ਵਿਚ ਸੰਤੁਲਤ ਆਲੋਚਨਾ, ਤਕਨੀਕੀ ਪੁਸਤਕਾਂ ਤੇ ਖੋਜ ਪੁਸਤਕਾਂ ਦੀ ਭਾਰੀ ਕਮੀ ਰਹੀ ਹੈ ਤੇ ਅਜੋਕੇ ਦੌਰ ਵਿਚ ਵੀ ਇਸ ਪਾਸੇ ਸੋਚਣ ਵਾਲੇ ਬਹੁਤ ਹੀ ਥੋੜ੍ਹੇ ਹਨ | ਇਸ ਦਾ ਵੱਡਾ ਕਾਰਨ ਇਹ ਹੈ ਕਿ ਅਜਿਹੀਆਂ ਪੁਸਤਕਾਂ ਦੇ ਖਰੜਿਆਂ ਨੂੰ  ਤਿਆਰ ਕਰਨ ਵਿਚ ਬੜੀ ਮਿਹਨਤ ਦਰਕਾਰ ਹੁੰਦੀ ਹੈ ਤੇ ਇਨ੍ਹਾਂ ਨੂੰ  ਬਹੁਤ ਸੰਭਲ ਕੇ ਤਿਆਰ ਕਰਨਾ ਪੈਂਦਾ ਹੈ ਕਿਉਂ ਅਗਲੀ ਪੀੜ੍ਹੀ ਲਈ ਇਨ੍ਹਾਂ ਨੇ ਹੋਰ ਨਵੀਆਂ ਖੋਜਾਂ ਦਾ ਆਧਾਰ ਬਣਨਾ ਹੁੰਦਾ ਹੈ | ਵਿਚਾਰਨਯੋਗ ਪੁਸਤਕ 'ਪੰਜਾਬੀ ਗ਼ਜ਼ਲ ਦੀ ਪੁਸਤਾਕਵਲੀ' ਹੈ ਜਿਸ ਨੂੰ  ਲੰਬਾ ਸਮਾਂ ਲਾ ਕੇ ਪ੍ਰਕਾਸ਼ਿਤ ਹੋਣ ਤੱਕ  ਪਹੁੰਚਾਇਆ ਹੈ ਨਾਮਵਰ ਗ਼ਜ਼ਲਕਾਰ ਸਰਬਜੀਤ ਸਿੰਘ ਸੰਧੂ ਨੇ | ਇਸ ਪੁਸਤਕ ਨੂੰ  ਛਪਣ ਵਿਚ ਚੌਦਾਂ ਸਾਲ ਲੱਗੇ, ਸੱਚਮੁੱਚ ਗ਼ਜ਼ਲਕਾਰਾਂ ਤੱਕ ਪਹੁੰਚਣਾ ਤੇ ਛਪੇ ਗਜ਼ਲ ਸੰਗ੍ਰਹਿਾਂ ਨੂੰ  ਸੂਚੀਬੱਧ ਕਰਨਾ ਆਸਾਨ ਨਹੀਂ ਸੀ, ਵੱਡੀ ਮੁਸ਼ਕਿਲ ਇਹ ਵੀ ਸੀ ਕਿ ਗ਼ਜ਼ਲ-ਸੰਗ੍ਰਹਿ ਨਿਰੰਤਰ ਛਪਦੇ ਰਹਿੰਦੇ ਹਨ ਤੇ ਸ਼ਾਮਿਲ ਪੁਸਤਕਾਂ ਨੂੰ  ਦੁਬਾਰਾ ਤਰਤੀਬ ਦੇਣੀ ਪੈਂਦੀ ਹੈ | ਇਸ ਸੰਬੰਧੀ ਸੰਧੂ ਵੱਡੀ ਦਾਦ ਦਾ ਹੱਕਦਾਰ ਹੈ | ਸੰਧੂ ਜਿੱਥੇ ਵਧੀਆ ਗ਼ਜ਼ਲਕਾਰ ਹੈ ਓਥੇ ਗ਼ਜ਼ਲ ਦੀ ਤਕਨੀਕ ਬਾਰੇ ਵੀ ਬਿਹਤਰ ਜਾਣਦਾ ਹੈ ਤੇ ਇਹ ਪੁਸਤਕ ਸ਼ਾਇਦ ਤਦੇ ਹੀ ਯਾਦਗਾਰੀ ਬਣ ਸਕੀ ਹੈ | ਗ਼ਜ਼ਲਕਾਰਾਂ ਦੀ ਤਰਤੀਬ ਪੈਂਤੀ ਅੱਖਰੀ ਅਨੁਸਾਰ ਹੈ ਤੇ ਇਸ ਪੁਸਤਕ ਦੀ ਤਰਤੀਬ ਵਿਚ ਮਾਤਰਾਵਾਂ ਨੂੰ  ਵੀ ਤਰਤੀਬ ਦਾ ਹਿੱਸਾ ਬਣਾਇਆ ਗਿਆ ਹੈ | ਪਰਚਿਆਂ ਦੇ ਗ਼ਜ਼ਲ ਵਿਸ਼ੇਸ਼-ਅੰਕ ਤੇ ਸਰਗਰਮ ਪ੍ਰਕਾਸ਼ਕਾਂ ਦੀ ਸੂਚੀ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਇਸ ਪੁਸਤਕ ਵਿਚ ਕਿੰਨਾ ਬਾਰੀਕੀ ਤੱਕ ਉਤਰਿਆ ਹੈ | ਇਹ ਪੁਸਤਕ ਪੰਜਾਬੀ ਗ਼ਜ਼ਲ ਸਾਹਿਤ ਦੀ ਵੱਡੀ ਲੋੜ ਨੂੰ  ਪੂਰਾ ਕਰਦੀ ਹੈ ਤੇ ਖੋਜੀਆਂ ਲਈ ਇਸ ਵਿਚ ਸ਼ਾਮਿਲ ਕੀਤੀਆਂ ਗਈਆਂ ਪੁਸਤਕਾਂ ਸਹਾਇਕ ਸਿੱਧ ਹੋ ਸਕਦੀਆਂ ਹਨ | ਇਹ ਕਿਤਾਬ ਪੰਜਾਬੀ ਗ਼ਜ਼ਲ ਦਾ ਇਤਿਹਾਸ ਹੈ ਜਿਸ ਨੂੰ  ਸਾਂਭ ਕੇ ਸਰਬਜੀਤ ਸਿੰਘ ਸੰਧੂ ਗ਼ਜ਼ਲ ਸਾਹਿਤ 'ਤੇ ਅਹਿਸਾਨ ਕੀਤਾ ਹੈ | ਜ਼ਰੂਰਤ ਇਸ ਗੱਲ ਦੀ ਵੀ ਹੈ ਕਿ ਤਮਾਮ ਪੰਜਾਬੀ ਗ਼ਜ਼ਲਕਾਰ ਇਹ ਪੁਸਤਕ ਆਪਣੀ ਨਿੱਜੀ ਲਾਇਬ੍ਰੇਰੀ ਵਿਚ ਰੱਖਣ ਤਾਂ ਕਿ ਅਜਿਹੀਆਂ ਹੋਰ ਪੁਸਤਕਾਂ ਲਈ ਰਸਤਾ ਆਸਾਨ ਹੋ ਸਕੇ | ਇਸ ਕਾਰਜ ਲਈ ਸੰਧੂ ਵੱਡੀ ਮੁਬਾਰਕਬਾਦ ਦਾ ਨਿਸ਼ਚੇ ਹੀ ਹੱਕਦਾਰ ਹੈ |

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਜੈ ਸਿੰਘ ਉਰਫ਼ ਜੈਸੀ 
ਲੇਖਕ : ਹਰਮਹਿੰਦਰ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 232
ਸੰਪਰਕ : chahals57@yahoo.com
     

     
ਬਾਰਾਂ ਪੁਸਤਕਾਂ ਦੇ ਰਚੇਤਾ ਹਰਮਹਿੰਦਰ ਚਹਿਲ ਦੀ ਹੁਣ 13ਵੀਂ ਪੁਸਤਕ 'ਜੈ ਸਿੰਘ ਉਰਫ਼ ਜੈਸੀ' (ਰੇਖਾ ਚਿੱਤਰ) ਪ੍ਰਕਾਸ਼ਿਤ ਹੋਈ ਹੈ | 12 ਅਧਿਆਇਆਂ ਵਿਚ ਵੰਡੀ ਇਹ ਰਚਨਾ ਪਾਠਕ ਨੂੰ  ਨਿੱਜੀ ਅਨੁਭਵਾਂ, ਪਿੰਡਾਂ-ਸ਼ਹਿਰਾਂ ਦੇ ਵਾਤਾਵਰਨ, ਸਮਾਜਿਕ ਰਿਸ਼ਤਿਆਂ ਅਤੇ ਬਦਲਦੀਆਂ ਪੀੜ੍ਹੀਆਂ ਦੀ ਮਾਨਸਿਕਤਾ ਨਾਲ ਸਿੱਧਾ ਜੋੜਦੀ ਹੈ | ਇਸ ਵਿਚ ਵੱਖ-ਵੱਖ ਪਾਤਰਾਂ ਦੇ ਚਰਿੱਤਰ, ਸੰਘਰਸ਼ਾਂ ਅਤੇ ਜੀਵਨ-ਸ਼ੈਲੀ ਨੂੰ  ਬੜੇ ਹੀ ਦਿਲਚਸਪ ਤੇ ਯਥਾਰਥਵਾਦੀ ਢੰਗ ਨਾਲ ਬਿਆਨ ਕੀਤਾ ਗਿਆ ਹੈ | ਰੇਖਾ ਚਿੱਤਰ ਦੇ ਕੁਝ ਅਧਿਆਇਆਂ ਦਾ ਸਾਰ ਇਸ ਪ੍ਰਕਾਰ ਹੈ:
ਪਹਿਲੇ ਅਧਿਆਇ 'ਖੁਸ਼ ਮਿਜ਼ਾਜ, ਗੁਰਮਿੰਦਰ ਬਰਾੜ' ਵਿਚ ਸਰਕਾਰੀ ਡਿਊਟੀ ਅਤੇ ਨਹਿਰੀ ਕਲੋਨੀ ਦੇ ਦਿਨਾਂ ਦੌਰਾਨ 'ਬਰਾੜ' ਨਾਂਅ ਦੇ ਇੱਕ ਅਜੀਬ, ਸ਼ਰਾਬੀ ਪਰ ਰੌਚਕ ਦੋਸਤ ਦੀਆਂ ਹਰਕਤਾਂ ਦਾ ਜ਼ਿਕਰ ਹੈ | ਉਸ ਦਾ ਢਾਬੇ 'ਤੇ ਪੁਲਿਸ ਨਾਲ ਪੰਗਾ ਲੈਣਾ, ਕੰਮ ਤੋਂ ਜੀਅ ਚੁਰਾਉਣਾ ਅਤੇ 'ਪਰਮਿੰਦਰ' ਨਾਲ ਇੱਕ-ਪਾਸੜ ਪਿਆਰ ਦੀਆਂ ਗੱਲਾਂ ਪਾਠਕ ਦਾ ਪੂਰਾ ਮਨੋਰੰਜਨ ਕਰਦੀਆਂ ਹਨ | ਦੂਜੇ ਅਧਿਆਇ 'ਡਾਕੀਆ ਚਾਚਾ' ਵਿਚ ਪਿੰਡ ਦੇ ਨਿਸ਼ਕਾਮ ਅਤੇ ਮਿਹਨਤੀ ਡਾਕੀਏ ਦੀ ਗੱਲ ਹਿਰਦੇ ਨੂੰ  ਛੂਹਣ ਵਾਲੀ ਹੈ | ਉਹ ਮਾਮੂਲੀ ਤਨਖਾਹ 'ਤੇ ਡਾਕ ਢੋਣ ਦੇ ਨਾਲ-ਨਾਲ ਲੋਕਾਂ ਦਾ ਸਮਾਨ ਲਿਆਉਣ ਅਤੇ ਪਸ਼ੂਆਂ ਦੀ ਦੇਖ-ਭਾਲ ਤੱਕ ਦੇ ਕੰਮ ਹੱਸ ਕੇ ਕਰਦਾ ਹੈ | ਉਸ ਦੀ ਛੋਟੀ ਧੀ ਦੀ ਦਾਜ-ਬਲੀ ਕਾਰਨ ਹੋਈ ਮੌਤ ਪਾਠਕ ਨੂੰ  ਗੰਭੀਰ ਤੇ ਉਦਾਸ ਕਰ ਜਾਂਦੀ ਹੈ | ਤੀਜੇ ਅਧਿਆਇ 'ਗਿੰਦਰ ਖੰਭਾ' ਵਿਚ ਪਿੰਡ ਦੇ ਸ਼ਰਾਰਤੀ ਬੰਦੇ 'ਗਿੰਦਰ' ਦੀਆਂ ਹਰਕਤਾਂ-ਮਾਸਟਰ ਨੂੰ  ਬਹਾਨੇ ਬਣਾਉਣੇ, ਵਿਆਹ 'ਚ ਘੋੜੀ ਦੀ ਪੂਛ ਖਿੱਚਣੀ, ਝੋਟੇ ਰਾਹੀਂ ਫ਼ਿਲਮ ਪ੍ਰੋਜੈਕਟਰ ਭੰਨਵਾਉਣਾ, ਆਪਣੇ ਪਿਉ ਦੀ ਲੱਤ ਤੋੜਨਾ ਅਤੇ ਬਾਅਦ ਵਿਚ ਆਪਣੇ ਪੁੱਤਰ ਨੂੰ  ਬੇਦਖ਼ਲ ਕਰਵਾ ਕੇ ਨਵਾਂ ਵਿਆਹ ਕਰਵਾਉਣਾ ਹਾਸਰਸ ਅਤੇ ਸਮਾਜਿਕ ਚਲਾਕੀਆਂ ਦਾ ਅਨੋਖਾ ਮਿਸ਼ਰਣ ਹਨ | ਚੌਥੇ ਅਧਿਆਇ 'ਕਾਕਾ ਹੈਰੀ ਢਿੱਲੋਂ' ਵਿਚ ਅਮਰੀਕਾ 'ਚ ਪਲ ਰਹੇ ਨਵੀਂ ਪੀੜ੍ਹੀ ਦੇ ਮੁੰਡੇ 'ਹੈਰੀ' ਦੀ ਕਹਾਣੀ ਪੀੜ੍ਹੀਆਂ ਦੇ ਵਿਚਾਰਧਾਰਕ ਪਾੜੇ ਨੂੰ  ਦਰਸਾਉਂਦੀ ਹੈ | ਸਕੂਲ ਦੀਆਂ ਸ਼ਰਾਰਤਾਂ, ਜ਼ਬਰਦਸਤੀ ਕਰਵਾਏ ਵਿਆਹ, ਸਾਈਬਰ ਸਕਿਓਰਿਟੀ ਵਿਚ ਵੱਡੀ ਤਰੱਕੀ ਅਤੇ ਅੰਤ ਵਿਚ ਤਲਾਕ ਲੈ ਕੇ 'ਆਜ਼ਾਦੀ ਪਾਰਟੀ' ਦੇਣ ਤੱਕ ਦਾ ਸਫ਼ਰ ਅੱਜ ਦੇ ਪੱਛਮੀ ਪ੍ਰਭਾਵਿਤ ਸਮਾਜ ਨੂੰ  ਨੰਗਾ ਕਰਦਾ ਹੈ | ਲੇਖਕ ਦੀ ਭਾਸ਼ਾ ਬਹੁਤ ਹੀ ਸਧਾਰਨ, ਆਮ ਬੋਲਚਾਲ ਵਾਲੀ ਅਤੇ ਰਵਾਨਗੀ ਨਾਲ ਭਰਪੂਰ ਹੈ | ਸੰਵਾਦ ਏਨੇ ਜੀਵੰਤ ਹਨ ਕਿ ਘਟਨਾਵਾਂ ਅੱਖਾਂ ਸਾਹਮਣੇ ਘੁੰਮਣ ਲਗਦੀਆਂ ਹਨ | ਇਹ ਪੁਸਤਕ ਜਿੱਥੇ ਪੰਜਾਬੀ ਭਾਈਚਾਰੇ ਦੀ ਪੁਰਾਣੀ ਸਾਂਝ, ਪਿੰਡਾਂ ਦੇ ਸੁਭਾਅ ਅਤੇ ਹਾਸ-ਰਸ ਨੂੰ  ਪੇਸ਼ ਕਰਦੀ ਹੈ, ਉੱਥੇ ਹੀ ਪਰਿਵਾਰਕ ਕਲੇਸ਼ ਅਤੇ ਨਵੀਂ ਪੀੜ੍ਹੀ ਦੇ ਬਦਲਦੇ ਰਿਸ਼ਤਿਆਂ 'ਤੇ ਵੀ ਡੂੰਘੀ ਚੋਟ ਕਰਦੀ ਹੈ |

-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244

ਮਦਨ ਵੀਰਾ ਕਾਵਿ
 ਵਿਚਾਰਧਾਰਕ ਅਧਿਐਨ
ਲੇਖਕ : ਕਰਮਨ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 92
ਸੰਪਰਕ : 99159-03338


ਮਦਨ ਵੀਰਾ ਪੰਜਾਬੀ ਕਵਿਤਾ ਸਾਹਿਤ ਦਾ ਇਕ ਸਥਾਪਤ ਹਸਤਾਖ਼ਰ ਹੈ ਤੇ ਉਸ ਦੀਆਂ ਚਾਰ ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਆਪਣੀਆਂ ਰਚਨਾਵਾਂ ਵਿਚ ਉਸ ਨੇ ਦਲਿਤ ਵਰਗ ਦੇ ਸ਼ੋਸ਼ਣ, ਵਿਸ਼ਵੀਕਰਨ ਦੇ ਪ੍ਰਭਾਵਾਂ ਅਤੇ ਰਾਜਨੀਤਕ ਮਾਰਾਂ ਝੱਲ ਰਹੇ ਮਾਨਵਾਂ ਦੀ ਗੱਲ ਕਰਦੇ ਹੋਏ ਆਮ ਜਨ-ਜੀਵਨ ਦੇ ਯਥਾਰਥਕ ਮਸਲੇ ਪੇਸ਼ ਕੀਤੇ ਹਨ | ਹਥਲੀ ਪੁਸਤਕ ਮਦਨ ਵੀਰਾ ਦੇ ਕਾਵਿ ਦੀ ਵਿਚਾਰਧਾਰਕ ਸੂਝ ਅਧਿਐਨ ਦਾ ਕੇਂਦਰ ਬਣਾਉਂਦੀ ਹੈ | ਇਹ ਅਧਿਐਨ ਆਲੋਚਕ ਕਰਮਨ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਪੁਸਤਕ ਨੂੰ  ਚਾਰ ਪਾਠਾਂ ਵਿਚ ਵੰਡਿਆ ਗਿਆ ਹੈ | ਪਹਿਲੇ ਪਾਠ “ਸਾਹਿਤ, ਕਾਵਿ ਅਤੇ ਵਿਚਾਰਧਾਰਾ”ਵਿਚ ਉਹ ਸਾਹਿਤ ਨੂੰ  ਪ੍ਰਭਾਸ਼ਿਤ ਕਰਦਾ ਹੈ ਅਤੇ ਸਾਹਿਤ ਨੂੰ  ਇਕ ਕਲਾ, ਇਕ ਗਤੀਸ਼ੀਲ ਯਥਾਰਥਕ ਵਰਤਾਰੇ ਵਜੋਂ ਸਿੱਧ ਕਰਦਾ ਬਹੁ-ਸ਼ਾਸ਼ਤਰੀ ਸੰਕਲਪ ਵਜੋਂ ਸਥਾਪਤ ਕਰਦਾ ਹੈ | ਇਸੇ ਪਾਠ ਵਿਚ ਅੱਗੇ ਉਹ ਵਿਚਾਰਧਾਰਾ ਨੂੰ  ਪ੍ਰਭਾਸ਼ਿਤ ਕਰਦਾ ਹੋਇਆ ਸਾਹਿਤ ਖ਼ਾਸ ਤੌਰ 'ਤੇ ਕਵਿਤਾ ਅਤੇ ਵਿਚਾਰਧਾਰਾ ਵਿਚ ਸੰਬੰਧ ਸਥਾਪਿਤ ਕਰਦਾ ਹੈ | ਇਸ ਪ੍ਰਸੰਗ ਵਿਚ ਉਹ ਕਵਿਤਾ ਲੇਖਣ ਵਿਚ ਪ੍ਰਚੱਲਿਤ ਪ੍ਰਮੁੱਖ ਵਿਚਾਰਧਾਰਾਵਾਂ ਨੂੰ  ਵਿਸ਼ਾ ਬਣਾਉਂਦਾ ਹੋਇਆ ਹਰ ਤਰ੍ਹਾਂ ਦੇ ਵਰਤਾਰਿਆਂ ਨੂੰ  ਯਥਾਰਥਕ ਢੰਗ ਨਾਲ ਸਮਝਣ ਤੇ ਸਮਝਾਉਣ ਦਾ ਯਤਨ ਕਰਦਾ ਹੈ | ਅਗਲੇ ਪਾਠ “ਮਦਨ ਵੀਰਾ ਕਾਵਿ: ਵਸਤੂਗਤ ਦਿ੍ਸ਼ਟੀ” ਵਿਚ ਆਲੋਚਕ ਕਰਮਨ ਸਿੰਘ ਮਦਨ ਵੀਰਾ ਦੀਆਂ ਚਾਰੇ ਪੁਸਤਕਾਂ 'ਭਾਖਿਆ', 'ਨਾਬਰਾਂ ਦੀ ਇਬਾਰਤ', 'ਤੰਦ ਤਾਣੀ' ਤੇ 'ਖਾਰਾ ਪਾਣੀ' ਵਿਚਲੇ ਵਿਸ਼ਾ ਵਸਤੂ ਬਾਰੇ ਵਿਸਥਾਰ ਵਿਚ ਚਰਚਾ ਕਰਦਾ ਹੈ | ਬਾਅਦ ਵਾਲੀਆਂ ਦੋ ਪੁਸਤਕਾਂ 'ਤੇ ਗੱਲ ਕੇਂਦਰਿਤ ਕਰਦਿਆਂ ਆਲੋਚਕ ਕਾਵਿ-ਸੰਗ੍ਰਹਿ 'ਤੰਦ ਤਾਣੀ' ਵਿਚ ਰਾਜਨੀਤਕ ਅਤੇ ਆਰਥਿਕ ਤਾਣੇ ਬਾਣੇ ਦੇ ਉਲਝੇ ਹੋਏ ਸਰੂਪ ਦੀ ਤਰਾਸਦੀ ਨੂੰ  ਤੰਦ ਤਾਣੀ ਦੇ ਪ੍ਰਤੀਕ ਵਜੋਂ ਪੇਸ਼ ਕਰਦਾ ਹੈ | ਉਹ ਇਸ ਕਾਵਿ-ਸੰਗ੍ਰਹਿ ਵਿਚੋਂ ਉਦਾਹਰਨਾਂ ਸਹਿਤ ਕਵਿਤਾਵਾਂ ਦੇ ਵਿਸ਼ਾ ਵਸਤੂ ਦਾ ਜਾਇਜ਼ਾ ਲੈਂਦਾ ਹੈ ਅਤੇ ਉਹਨਾਂ ਪਿੱਛੇ ਮਦਨ ਵੀਰਾ ਦੀ ਵਿਚਾਰਧਾਰਾ ਅਤੇ ਦਿ੍ਸ਼ਟੀ ਸਮਝਣ ਦੀ ਕੋਸ਼ਿਸ਼ ਕਰਦਾ ਹੈ | ਮਦਨ ਵੀਰਾ ਦੇ ਕਾਵਿ-ਸੰਗ੍ਰਹਿ 'ਖਾਰਾ ਪਾਣੀ' ਜੋ ਕਿ ਦਲਿਤ ਸਰੋਕਾਰਾਂ ਨੂੰ  ਕਵਿਤਾ ਰੂਪ ਵਿਚ ਪੇਸ਼ ਕਰਨ ਵਾਲਾ ਕਾਵਿ-ਸੰਗ੍ਰਹਿ ਹੈ, ਦੇ ਪ੍ਰਗਤੀਸ਼ੀਲ ਮਾਨਵਵਾਦੀ ਸਰੋਕਾਰਾਂ ਨੂੰ  ਪਾਠਕਾਂ ਸਾਹਮਣੇ ਲਿਆਉਂਦਾ ਹੈ ਅਤੇ ਅੰਬੇਡਕਰ ਵਿਚਾਰਧਾਰਾ ਦੇ ਪ੍ਰਭਾਵਾਂ ਨੂੰ  ਰੇਖਾਂਕਿਤ ਕਰਦਾ ਹੈ |
ਅਗਲੇ ਪਾਠ “ਮਦਨ ਵੀਰਾ ਕਾਵਿ : ਵਿਚਾਰਧਾਰਕ ਅਧਿਐਨ” ਵਿਚਚਾਰਾਂ ਪੁਸਤਕਾਂ ਦੀਆਂ ਰਚਨਾਵਾਂ ਦਾ ਅਧਿਐਨ ਚਾਰ ਭਾਗਾਂ ਸਮਾਜ, ਆਰਥਿਕਤਾ, ਰਾਜਨੀਤੀ ਅਤੇ ਸੱਭਿਆਚਾਰ ਵਿਚ ਵੰਡ ਕੇ ਕੀਤਾ ਗਿਆ ਹੈ | ਵਿਚਾਰਧਾਰਕ ਸਰੋਕਾਰਾਂ ਬਾਰੇ ਵਿਚਾਰ ਚਰਚਾ ਕਰਦਾ ਆਲੋਚਕ ਹਰ ਇਕ ਪੱਖ ਉਦਾਹਰਨਾ ਸਮੇਤ ਪਾਠਕ ਸਾਹਮਣੇ ਰੱਖਦਾ ਹੈ | ਇਸ ਪੁਸਤਕ ਦੇ ਅੰਤ ਵਿਚ ਮਦਨ ਵੀਰਾ ਨਾਲ ਕੀਤੇ ਗਏ ਇੱਕ ਸੰਵਾਦ ਨੂੰ  ਸ਼ਾਮਿਲ ਕੀਤਾ ਗਿਆ ਹੈ | ਇਸ ਸੰਵਾਦ ਵਿਚ ਆਲੋਚਕ ਕਰਮਨ ਸਿੰਘ ਦੁਆਰਾ ਮਦਨ ਵੀਰਾ ਨੂੰ  ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਨੂੰ  ਸ਼ਾਮਿਲ ਕੀਤਾ ਗਿਆ ਹੈ | ਇਸ ਢੰਗ ਨਾਲ ਇਹ ਪੁਸਤਕ ਦਲਿਤ ਕਵਿਤਾ ਦੀ ਸਮੀਖਿਆ ਦੇ ਖੇਤਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੁੰਦੀ ਹੈ | ਭਵਿੱਖ ਦੇ ਖੋਜਾਰਥੀਆਂ ਲਈ ਲਾਹੇਵੰਦ ਹੋਣ ਕਾਰਨ ਇਸ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ |

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਸੁਖਮਨੀ ਸਾਹਿਬ ਤੇ ਹੋਰ ਬਾਣੀਆਂ
(ਵਿਸ਼ਾ-ਵਸਤੂ ਤੇ ਸਾਹਿਤਕ ਪੱਖ)
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 167
ਸੰਪਰਕ : 98149-01254


ਪੁਸਤਕ ਦਾ ਲੇਖਕ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਕਹਾਣੀ, ਮਿੰਨੀ ਕਹਾਣੀ, ਬਾਲ-ਸਾਹਿਤ, ਕਵਿਤਾ ਅਤੇ ਗੁਰਮਤਿ ਸਾਹਿਤ ਵਿਚ ਦੋ-ਦਰਜਨ ਪੁਸਤਕਾਂ ਪਾਠਕਾਂ ਦੀ ਝੋਲੀਆਂ ਪਾ ਚੁੱਕਾ ਹੈ | ਹਥਲੀ ਪੁਸਤਕ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਪਾਵਨ ਬਾਣੀ 'ਸ੍ਰੀ ਸੁਖਮਨੀ ਸਾਹਿਬ' ਤੋਂ ਇਲਾਵਾ ਦੋ ਹੋਰ ਬਾਣੀਆਂ 'ਬਾਰਾਹਮਾਹ ਮਾਝ' ਅਤੇ 'ਬਾਵਨ ਅੱਖਰੀ ਮਹਾਨ ਪੰਜਵਾਂ' ਅਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਰਚੇ ਗਏ ਸ਼ਬਦਾਂ ਸਲੋਕਾਂ ਨੂੰ  ਆਪਣੇ ਅਧਿਐਨ ਦਾ ਅਧਾਰ ਬਣਾਇਆ ਹੈ | ਇਨ੍ਹਾਂ ਬਾਣੀਆਂ ਦੇ ਦਾਰਸ਼ਨਿਕ ਪਰਿਪੇਖ ਅਤੇ ਸਾਹਿਤਕ ਮਹੱਤਤਾ ਨੂੰ  ਉਜਾਗਰ ਕਰਨ ਦਾ ਯਤਨ ਕੀਤਾ ਹੈ | ਇਨ੍ਹਾਂ ਪਾਵਨ ਬਾਣੀਆਂ ਦੇ ਵਿਸ਼ਾ-ਵਸਤੂ, ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਅਤੇ ਬਖ਼ਸ਼ਿਸ਼ ਦਾ ਜ਼ਿਕਰ ਵੀ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ | ਇਕ ਸ਼ਰਧਾਵਾਨ ਵਿਸ਼ਲੇਸ਼ਕ ਦੀ ਦਿ੍ਸ਼ਟੀ ਤੋਂ ਵਿਸ਼ਲੇਸ਼ਣ ਕੀਤਾ ਗਿਆ ਹੈ | ਲੇਖਕ ਨੇ 'ਬਾਰਹ ਮਾਹ' ਦੀ ਪਾਵਨ ਸੰਬੰਧੀ ਵਿਚਾਰਾਂ ਦੀ ਲੜੀ ਨੂੰ  ਅੱਗੇ ਤੋਰਦਿਆਂ ਪੰਜਾਬੀ ਸਾਹਿਤ ਵਿਚ ਮਿਲਦੇ 'ਬਾਰਹ ਮਾਹਾਂ' ਸੰਬੰਧੀ ਵੀ ਚਰਚਾ ਕੀਤੀ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ 'ਬਾਵਨ ਅੱਖਰੀ ਮਹਲਾ ਪੰਜਵਾਂ' ਦੀ ਬਣਤਰ, ਵਿਸ਼ਾ ਵਸਤੂ ਤੇ ਵਿਚਾਰ ਕਰਦਿਆਂ ਇਸ ਪਾਵਨ ਬਾਣੀ ਦੇ ਗੁਰਮੁਖੀ ਲਿੱਪੀ ਨਾਲ ਮੌਜੂਦਾ ਅੰਤਰ-ਸੰਬੰਧਾਂ ਸੰਬੰਧੀ ਵੀ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਹੈ | ਅੱਖਰਾਂ 'ਤੇ ਆਧਾਰਿਤ ਕਾਵਿ-ਰੂਪਾਂ ਦੀ ਵਰਤੋਂ ਸੰਬੰਧੀ ਵਿਚਾਰਾਂ ਦੀ ਲੜੀ ਨੂੰ  ਅੱਗੇ ਤੋਰਦਿਆਂ, ਪਹਿਲੇ ਪਾਤਿਸ਼ਾਹ ਦੀ ਬਾਣੀ 'ਪਟੀ ਲਿਖੀ', ਤੀਜੇ ਪਾਤਿਸ਼ਾਹ ਦੀ ਬਾਣੀ 'ਪਟੀ', ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ', ਪੰਚਮ ਪਾਤਿਸ਼ਾਹ ਦੀ ਪਾਵਨ ਬਾਣੀ 'ਬਾਵਨ ਅਖਰੀ' (ਰਾਗ ਗਉੜੀ) ਅਤੇ ਰਾਗ ਰਾਮਕਲੀ ਦੱਖਣੀ ਵਿਚ ਪਹਿਲੇ ਪਾਤਿਸ਼ਾਹ ਦੀ ਬਣੀ 'ਓਅੰਕਾਰੁ' ਦੀ ਜ਼ਿਕਰ ਵੀ ਵਿਸਥਾਰ ਨਾਲ ਕੀਤਾ ਹੈ | ਪੁਸਤਕ ਦੇ ਅੰਤ ਵਿਚ ਨੌਵੇਂ ਪਾਤਿਸ਼ਾਹ ਦੀ ਬਾਣੀ ਦਾ ਬਿਉਰਾ ਅਤੇ ਵਿਸ਼ਾ-ਵਸਤੂ' ਅਤੇ ਇਸ ਨਾਲ ਹੀ ਸਾਹਿਤਕ ਪੱਖ ਵੀ ਧਿਆਨ ਦੇਣ ਯੋਗ ਹੈ | ਨੌਵੇਂ ਪਾਤਿਸ਼ਾਹ ਦੀ ਸਾਰੀ ਬਾਣੀ ਸ਼ਬਦ ਅਤੇ ਸਲੋਕ ਜੀਵਨ ਦੇ ਯਥਾਰਥ ਵਿਚੋਂ ਉਪਜ ਰਹੇ ਵੈਰਾਗ ਵਿਚੋਂ ਦੁਨਿਆਵੀ ਸੱਚ, ਹਕੀਕਤ ਦੀ ਪਛਾਣ, ਮੌਤ ਤੇ ਪ੍ਰਭੂ ਦੀ ਅਟੱਲ ਹੋਂਦ ਅਤੇ ਇਸ ਦੇ ਨਾਲ ਵਿਸ਼ੇ-ਵਿਕਾਰਾਂ ਤੋਂ ਦੂਰੀ ਬਣਾ ਕੇ ਚੜ੍ਹਦੀ ਕਲਾ ਵਾਲੇ ਜੀਵਨ ਅਤੇ ਬੰਦਗੀ ਕਰਨ ਦੀ ਪ੍ਰੇਰਨਾ ਦਿੰਦੀ ਹੈ | ਲੇਖਕ ਨੇ ਪੁਸਤਕ ਨੂੰ  ਵੱਖ-ਵੱਖ ਭਾਗਾਂ ਵਿਚ ਵੰਡ ਕੇ ਪਹਿਲੇ ਹਿੱਸੇ ਵਿਚ ਪਾਵਨ ਬਾਣੀ 'ਸੁਖਮਨੀ ਸਾਹਿਬ ਦੀ ਬਣਤਰ ਤੇ ਵਿਸ਼ਾ ਵਸਤੂ, ਦੂਜੇ ਹਿੱਸੇ ਵਿਚ ਇਸੇ ਬਾਣੀ ਦਾ ਸਾਹਿਤਕ ਪੱਖ, ਤੀਜੇ ਹਿੱਸੇ ਵਿਚ ਪਾਵਨ ਬਾਣੀ 'ਬਾਰਹ ਮਾਹ ਮਾਝ' ਦੀ ਬਣਤਰ, ਵਿਸ਼ਾ ਵਸਤੂ ਅਤੇ ਚੌਥੇ ਹਿੱਸੇ ਵਿਚ ਇਸੇ ਬਾਣੀ ਦਾ ਸਾਹਿਤਕ ਪੱਖ, ਪੰਜਵੇਂ ਹਿੱਸੇ ਵਿਚ ਪਾਵਨ ਬਾਣੀ 'ਬਾਵਨ ਅਖਰੀ ਮਹਲਾ 5' ਦੀ ਬਣਤਰ ਅਤੇ ਵਿਸ਼ਾ ਵਸਤੂ ਛੇਵੇਂ ਹਿੱਸੇ ਵਿਚ ਇਸੇ ਬਾਣੀ ਦਾ ਸਾਹਿਤਕ ਪੱਖ ਵਿਚਾਰਿਆ ਹੈ | ਸੱਤਵੇਂ ਹਿੱਸੇ ਵਿਚ ਨੌਵੇਂ ਪਾਤਿਸ਼ਾਹ ਦੀ ਸਾਰੀ ਬਾਣੀ ਦਾ ਬਿਊਰਾ ਅਤੇ ਵਿਸ਼ਾ-ਵਸਤੂ ਅਤੇ 'ਅੱਠਵੇਂ ਭਾਗ ਵਿਚ ਬਾਣੀ ਦਾ ਸਾਹਿਤਕ ਪੱਖ ਉਜਾਗਰ ਕੀਤਾ ਹੈ | ਪੁਸਤਕ ਦਾ ਮੁੱਖ ਬੰਦ ਗੁਰਮਤਿ ਸਾਹਿਤ ਦੇ ਵਿਦਵਾਨ ਲੇਖਕ ਸਤਵਿੰਦਰ ਸਿੰਘ ਫੂਲਪੁਰ, ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮਾਸਕ ਮੈਗਜ਼ੀਨ 'ਗੁਰਮਤਿ ਪ੍ਰਕਾਸ਼' ਅਤੇ 'ਗੁਰਮਤਿ ਗਿਆਨ' ਦੇ ਸੰਪਾਦਕ ਵਲੋਂ ਗੁਰਮਤਿ ਦੀ ਦਿ੍ਸ਼ੀ ਦੇ ਅੰਤਰਗਤ ਪੇਸ਼ ਕੀਤਾ ਹੈ | ਪੁਸਤਕ ਦੇ ਆਖਰ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਰਜ ਹੈ | ਵਿਦਵਾਨ ਤੇ ਸ਼ਰਧਾਵਾਨ ਪਾਠਕਾਂ ਲਈ ਲੇਖਕ ਦਾ ਇਹ ਉੱਦਮ ਸ਼ਲਾਘਾਯੋਗ ਹੈ |

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

Ad Position 22
No active advertisement
ਪਿਛਲੀ ਖ਼ਬਰ ਮੈਡੀਸਨ ਨੋਬਲ 2026 : ਦਿਮਾਗ਼ ਦੇ ਹਨੇਰੇ 'ਚ ਰੌਸ਼ਨੀ ਦੀ ਦਸਤਕ ਅਗਲੀ ਖ਼ਬਰ 'ਮਖ਼ਮੂਰ' ਜਲੰਧਰੀ (29 ਮਈ 1915 ਤੋਂ 01 ਜਨਵਰੀ 1979 ਤੱਕ)
Ad Position 24