ਆਫ਼ਲਾਈਨ ਫਾਰਮ ਲੈਣ ਤੇ ਅਰਜ਼ੀਆਂ ਦੀ ਮਿਆਦ ਵਧਾਉਣ ਦੀ ਮੰਗ
ਜਲੰਧਰ, 11 ਨਵੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਓਲੰਪੀਅਨ ਸਰਦਾਰ ਬਲਬੀਰ ਸਿੰਘ (ਸੀਨੀਅਰ) ਸਕਾਲਰਸ਼ਿਪ ਸਕੀਮ 2025-26 ਤਹਿਤ ਅਪਲਾਈ ਕਰਨ ਸਮੇਂ ਕਈ ਖਿਡਾਰੀਆਂ ਨੂੰ ਆਨਲਾਈਨ ਪੋਰਟਲ ’ਤੇ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ, 11 ਨਵੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਓਲੰਪੀਅਨ ਸਰਦਾਰ ਬਲਬੀਰ ਸਿੰਘ (ਸੀਨੀਅਰ) ਸਕਾਲਰਸ਼ਿਪ ਸਕੀਮ 2025-26 ਤਹਿਤ ਅਪਲਾਈ ਕਰਨ ਸਮੇਂ ਕਈ ਖਿਡਾਰੀਆਂ ਨੂੰ ਆਨਲਾਈਨ ਪੋਰਟਲ ’ਤੇ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਯੋਗ ਖਿਡਾਰੀ ਚਾਹੁੰਦੇ ਹੋਏ ਵੀ ਆਪਣੇ ਬਿਨੈ-ਪੱਤਰ ਮੁਕੰਮਲ ਨਹੀਂ ਕਰ ਪਾ ਰਹੇ। ਖਿਡਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਪੋਰਟਲ ਨਾ ਚੱਲਣ, ਫਾਰਮ ਸਬਮਿਟ ਨਾ ਹੋਣ ਤੇ ਦਸਤਾਵੇਜ਼ ਅਪਲੋਡ ਕਰਨ ’ਚ ਮੁਸ਼ਕਲ ਆਉਣ ਕਾਰਨ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਇਸ ਸਥਿਤੀ ’ਚ ਜੇਕਰ ਕੋਈ ਯੋਗ ਖਿਡਾਰੀ ਸਿਰਫ਼ ਤਕਨੀਕੀ ਖ਼ਾਮੀਆਂ ਕਾਰਨ ਸਕਾਲਰਸ਼ਿਪ ਦੇ ਲਾਭ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਇਹ ਉਸ ਨਾਲ ਬੇਇਨਸਾਫ਼ੀ ਹੋਵੇਗੀ। ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਖਿਡਾਰੀਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਆਨਲਾਈਨ ਅਰਜ਼ੀਆਂ ਦੇ ਨਾਲ-ਨਾਲ ਜ਼ਿਲ੍ਹਾ ਖੇਡ ਦਫ਼ਤਰਾਂ ਵਿੱਚ ਆਫ਼ਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 15 ਨਵੰਬਰ ਤੋਂ ਵਧਾ ਕੇ ਘੱਟੋ-ਘੱਟ 30 ਨਵੰਬਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਦੇ ਕੇ ਖੇਡਾਂ ’ਚ ਅੱਗੇ ਵਧਾਉਣਾ ਹੈ। ਇਸ ਲਈ ਤਕਨੀਕੀ ਸਮੱਸਿਆਵਾਂ ਨੂੰ ਖਿਡਾਰੀਆਂ ਦੀ ਤਰੱਕੀ ’ਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਖੇਡ ਵਿਭਾਗ ਵਲੋਂ ਇਸ ਮਾਮਲੇ ’ਚ ਜਲਦ ਹਾਂ-ਪੱਖੀ ਫ਼ੈਸਲਾ ਲੈਣ ਨਾਲ ਸੈਂਕੜੇ ਯੋਗ ਖਿਡਾਰੀਆਂ ਨੂੰ ਰਾਹਤ ਮਿਲ ਸਕਦੀ ਹੈ। ਖਿਡਾਰੀਆਂ ਦੀ ਮੰਗ ਹੈ ਕਿ ਕੋਈ ਵੀ ਹੋਣਹਾਰ ਖਿਡਾਰੀ ਸਿਰਫ਼ ਆਨਲਾਈਨ ਪ੍ਰਕਿਰਿਆ ਦੀਆਂ ਤਕਨੀਕੀ ਖ਼ਾਮੀਆਂ ਕਾਰਨ ਆਪਣੇ ਹੱਕ ਦੀ ਸਕਾਲਰਸ਼ਿਪ ਤੋਂ ਵਾਂਝਾ ਨਾ ਰਹੇ।