ਝੂਠੇ ਪਰਚੇ ਰੱਦ ਕਰਵਾਉਣ ਲਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਐੱਸ.ਐੱਸ.ਪੀ. ਨਾਲ ਮੁਲਾਕਾਤ
ਨੂਰਮਹਿਲ ਪੁਲਿਸ ਦੀ ਕਾਰਗੁਜ਼ਾਰੀ ਵਿਰੁੱਧ ਜਥੇਬੰਦੀਆਂ ’ਚ ਭਾਰੀ ਰੋਸ
ਨੂਰਮਹਿਲ, 11 ਨਵੰਬਰ (ਤਜਿੰਦਰ ਕੁਮਾਰ )-ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕੇਸਾਂ ਤੇ ਪੁਲਿਸ ਦੀ ਮਿਲੀਭੁਗਤ ਨਾਲ ਦਰਜ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਅਗਵਾਈ ਹੇਠ ਇੱਕ ਪ੍ਰਤੀਨਿਧ ਵਫ਼ਦ (ਡੈਪੂਟੇਸ਼ਨ) ਐੱਸ. ਐੱਸ.
ਨੂਰਮਹਿਲ, 11 ਨਵੰਬਰ (ਤਜਿੰਦਰ ਕੁਮਾਰ )-ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕੇਸਾਂ ਤੇ ਪੁਲਿਸ ਦੀ ਮਿਲੀਭੁਗਤ ਨਾਲ ਦਰਜ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਅਗਵਾਈ ਹੇਠ ਇੱਕ ਪ੍ਰਤੀਨਿਧ ਵਫ਼ਦ (ਡੈਪੂਟੇਸ਼ਨ) ਐੱਸ.ਐੱਸ.ਪੀ. ਜਲੰਧਰ ਹਰਵਿੰਦਰ ਸਿੰਘ ਵਿਰਕ ਨੂੰ ਮਿਲਿਆ। ਆਗੂਆਂ ਨੇ ਦੋਸ਼ ਲਾਇਆ ਕਿ ਇਨਕੁਆਰੀਆਂ ਲੱਗਣ ਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਝੂਠੇ ਕੇਸਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਮੁਹੱਲਾ ਰਵਿਦਾਸਪੁਰਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ‘ਤੇ ਪੁਲਿਸ ਵਲੋਂ ਸ਼ਰੇਆਮ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਮੇਸ਼ ਕੁਮਾਰ ਆਪਣੀ ਦੁਕਾਨ ‘ਚ ਇਕੱਲਾ ਸੀ, ਜਦੋਂ 5-7 ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਦੁਕਾਨ ਦੀ ਭੰਨ-ਤੋੜ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰੀਆਂ। ਹਾਲਾਂਕਿ ਰਮੇਸ਼ ਕੁਮਾਰ ਦੇ ਹੱਕ ਵਿੱਚ ਅਦਾਲਤੀ ਸਟੇਅ ਵੀ ਸੀ, ਪਰ ਪੁਲਿਸ ਨੇ ਦੋਸ਼ੀ ਧਿਰ ਨਾਲ ਮਿਲੀਭੁਗਤ ਕਰਕੇ ਉਲਟਾ ਪੀੜਤ ਰਮੇਸ਼ ਕੁਮਾਰ ‘ਤੇ ਹੀ 326 ਦਾ ਕਰਾਸ ਪਰਚਾ ਦਰਜ ਕਰ ਦਿੱਤਾ। ਆਗੂਆਂ ਨੇ ਦੱਸਿਆ ਕਿ ਇਨਕੁਆਰੀ ਲੱਗਣ ਤੇ ਐੱਸ.ਐੱਸ.ਪੀ. ਵਲੋਂ ਦਿੱਤੇ ਭਰੋਸੇ ਦੇ ਬਾਵਜੂਦ ਨੂਰਮਹਿਲ ਪੁਲਿਸ ਨੇ ਰਮੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ, ਜੋ 9 ਅਕਤੂਬਰ ਤੋਂ ਜੇਲ੍ਹ ’ਚ ਬੰਦ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ 6 ਨਵੰਬਰ ਨੂੰ ਅਦਾਲਤ ਵਿੱਚ ਜ਼ਮਾਨਤ ਦੇ ਆਰਡਰ ਹੋਣੇ ਸਨ, ਪਰ ਨੂਰਮਹਿਲ ਪੁਲਿਸ ਦੇ ਅਧਿਕਾਰੀ ਜਾਣਬੁੱਝ ਕੇ ਕੇਸ ਦਾ ਰਿਕਾਰਡ ਲੈ ਕੇ ਅਦਾਲਤ ’ਚ ਪਹੁੰਚੇ ਹੀ ਨਹੀਂ। ਜਦੋਂ ਇਸ ਸਬੰਧੀ ਐੱਸ.ਐੱਚ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਰਵੱਈਆ ਗੈਰ-ਜ਼ਿੰਮੇਵਾਰਾਨਾ ਰਿਹਾ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਝੂਠੇ ਕੇਸਾਂ ਦੀ ਵੈਰੀਫਿਕੇਸ਼ਨ ਕਰਕੇ ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਨੂਰਮਹਿਲ ਪੁਲਿਸ ਦੀ ਧੱਕੇਸ਼ਾਹੀ ‘ਤੇ ਰੋਕ ਲਗਾਈ ਜਾਵੇ। ਵਫ਼ਦ ’ਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹੰਸ ਰਾਜ ਪੱਬਵਾਂ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਤੇਜਦੀਪ ਵੀ ਉਚੇਚੇ ਤੌਰ ‘ਤੇ ਸ਼ਾਮਲ ਸਨ।