ਪੀ. ਪੀ. ਸੀ. ਬੀ. ਨੇ ਐਨ. ਜੀ. ਟੀ. ’ਚ ਦਾਖ਼ਲ ਕੀਤਾ ਜਵਾਬ-ਫਰਵਰੀ ’ਚ ਹੋਵੇਗੀ ਅਗਲੀ ਸੁਣਵਾਈ
ਜਲੰਧਰ, 28 ਅਕਤੂਬਰ (ਸ਼ਿਵ)-ਵਰਿਆਣਾ ਡੰਪਸਾਈਟ ’ਤੇ ਕੂੜੇ ਦੇ ਗਲਤ ਪ੍ਰਬੰਧਨ ਅਤੇ ਵਾਤਾਵਰਨ ਨਿਯਮਾਂ ਦੀ ਹੋ ਰਹੀਆਂ ਉਲੰਘਣਾ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.
ਜਲੰਧਰ, 28 ਅਕਤੂਬਰ (ਸ਼ਿਵ)-ਵਰਿਆਣਾ ਡੰਪਸਾਈਟ ’ਤੇ ਕੂੜੇ ਦੇ ਗਲਤ ਪ੍ਰਬੰਧਨ ਅਤੇ ਵਾਤਾਵਰਨ ਨਿਯਮਾਂ ਦੀ ਹੋ ਰਹੀਆਂ ਉਲੰਘਣਾ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) ਵਿਚ ਦਾਇਰ ਆਪਣੇ ਜਵਾਬ ’ਚ ਨਗਰ ਨਿਗਮ ਜਲੰਧਰ ਵਲੋਂ ਠੋਸ ਕੂੜਾ ਪ੍ਰਬੰਧਨ ਨਿਯਮ, 2016 ਦੀ ਪਾਲਣਾ ਸੰਬੰਧੀ ਗੰਭੀਰ ਕਮੀਆਂ ਦਾ ਜ਼ਿਕਰ ਕੀਤਾ ਹੈ। ਇਹ ਮਾਮਲਾ ਮੂਲ ਅਰਜ਼ੀ ਨੰਬਰ 97/2026, ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਤੇਜਸਵੀ ਮਿਨਹਾਸ ਬਨਾਮ ਪੰਜਾਬ ਰਾਜ ਅਤੇ ਹੋਰਾਂ ਨਾਲ ਸਬੰਧਤ ਹੈ। ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਕਈ ਸਾਲਾਂ ਤੋਂ ਨੋਟਿਸਾਂ ਅਤੇ ਹਦਾਇਤਾਂ ਜਾਰੀ ਹੋਣ ਦੇ ਬਾਵਜੂਦ ਡੰਪਸਾਈਟ ’ਤੇ ਨਿਯਮਾਂ ਦੀ ਪਾਲਣਾ ਸਬੰਧੀ ਕੋਈ ਸਪੱਸ਼ਟ ਤਰੱਕੀ ਸਾਹਮਣੇ ਨਹੀਂ ਆਈ। ਬੋਰਡ ਦੇ ਨਿਰੀਖਣਾਂ ਦੌਰਾਨ ਡੰਪਸਾਈਟ ਤੋਂ ਬਾਹਰ ਸੜਕ ਤੱਕ ਕੂੜਾ ਫੈਲਿਆ ਹੋਣ, ਸੁਰੱਖਿਆ ਪ੍ਰਬੰਧਾਂ ਦੀ ਘਾਟ, ਕਈ ਥਾਵਾਂ ’ਤੇ ਕੂੜੇ ਨੂੰ ਅੱਗ ਲੱਗਣ ਅਤੇ ਧਰਤੀ ਹੇਠਲੇ ਪਾਣੀ ਦੀ ਨਿਗਰਾਨੀ ਲਈ ਲੋੜੀਂਦੇ ਪਾਈਜ਼ੋਮੀਟਰ ਨਾ ਲੱਗੇ ਹੋਣ ਵਰਗੀਆਂ ਕਮੀਆਂ ਦਰਜ ਕੀਤੀਆਂ ਗਈਆਂ। ਰਿਪੋਰਟ ਵਿਚ ਕੂੜੇ ’ਚੋਂ ਨਿਕਲਣ ਵਾਲੇ ਪ੍ਰਦੂਸ਼ਿਤ ਗੰਦੇ ਪਾਣੀ ਦੇ ਸਹੀ ਪ੍ਰਬੰਧਨ ਅਤੇ ਕੂੜੇ ਦੀ ਛਾਂਟੀ ਨਾ ਹੋਣ ਦਾ ਮੁੱਦਾ ਵੀ ਉਠਾਇਆ ਗਿਆ ਹੈ। ਇਸ ਤੋਂ ਇਲਾਵਾ, ਮੀਥੇਨ ਡਿਟੈਕਟਰ ਲਗਾਉਣ ਅਤੇ ਅੱਗ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧ ਕਰਨ ਸੰਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ। ਪੀ. ਪੀ. ਸੀ. ਬੀ. ਨੇ ਕਾਲਾ ਸੰਘਿਆਂ ਡਰੇਨ ਅਤੇ ਕਪੂਰਥਲਾ ਰੋਡ ਦੇ ਚੌਰਾਹੇ ਨੇੜੇ ਕੂੜੇ ਦਾ ਇੱਕ ਹੋਰ ਢੇਰ ਹੋਣ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਿਰੀਖਣ ਰਿਪੋਰਟ ਤਿਆਰ ਹੋਣ ਤੱਕ ਇਸ ਨੂੰ ਹਟਾਇਆ ਨਹੀਂ ਗਿਆ ਸੀ। ਇਹ ਮਾਮਲਾ 28 ਅਕਤੂਬਰ 20 26 ਨੂੰ ਕੌਮੀ ਗ੍ਰੀਨ ਟ੍ਰਿਬਿਊਨਲ ਅੱਗੇ ਸੁਣਵਾਈ ਲਈ ਸੂਚੀਬੱਧ ਸੀ, ਪਰ ਬੈਂਚ ਦੀ ਬੈਠਕ ਨਾ ਹੋ ਸਕਣ ਕਾਰਨ ਸੁਣਵਾਈ ਨਹੀਂ ਹੋ ਸਕੀ। ਹੁਣ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 2027 ਵਿਚ ਹੋਵੇਗੀ। ਐਨ. ਜੀ. ਟੀ. ਨੇ ਇਸ ਮਾਮਲੇ ’ਚ ਵਰਿਆਣਾ ਡੰਪ ਨੂੰ ਲੈ ਕੇ ਨਗਰ ਨਿਗਮ ਨੂੰ ਜੁਰਮਾਨਾ ਲਗਾਇਆ ਸੀ ਤੇ ਨਿਗਮ ਨੇ ਉਸ ਦੀ ਅਜੇ ਵੀ 8.40 ਕਰੋ਼ੜ ਦੀ ਅਦਾਇਗੀ ਕਰਨੀ ਹੈ। ਇਸ ਮਾਮਲੇ ਨੂੰ ਉਠਾਉਣ ਵਾਲੇ ਵਾਤਾਵਰਨ ਕਾਰਕੁਨ ਤੇਜਸਵੀ ਮਿਨਹਾਸ ਨੇ ਕਿਹਾ ਕਿ ਪੀ. ਪੀ. ਸੀ. ਬੀ. ਦੇ ਨਿਰੀਖਣਾਂ ’ਚ ਸਾਹਮਣੇ ਆਈਆਂ ਕਮੀਆਂ ਚਿੰਤਾਜਨਕ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਨੋਟਿਸਾਂ, ਹਦਾਇਤਾਂ ਅਤੇ ਵਾਤਾਵਰਣ ਮੁਆਵਜ਼ੇ ਦੇ ਬਾਵਜੂਦ ਨਗਰ ਨਿਗਮ ਵਲੋਂ ਸਮੱਸਿਆ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਗਏ।