ਚੁਗਿੱਟੀ/ਜੰਡੂ ਸਿੰਘਾ, 4 ਅਕਤੂਬਰ (ਨਰਿੰਦਰ ਲਾਗੂ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਮੱਦੇਨਜ਼ਰ ਐਤਵਾਰ ਨੂੰ ਥਾਣਾ ਰਾਮਾਮੰਡੀ ਅਤੇ ਥਾਣਾ ਬਾਰਾਂਦਰੀ ਦੀ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਸਥਾਨਕ ਕਾਜ਼ੀ ਮੰਡੀ ਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ। ਜਿਉਂ ਹੀ ਵੱਡੀ ਗਿਣਤੀ ਪੁਲਿਸ ਕਰਮਚਾਰੀ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਉਕਤ ਇਲਾਕੇ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਵੇਖ ਕੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੁਲਿਸ ਵੱਲੋਂ ਸ਼ੱਕੀ ਟਿਕਾਣਿਆਂ ਅਤੇ ਘਰਾਂ ਦੀ ਜਾਂਚ ਕੀਤੀ ਗਈ। ਪੁਲਿਸ ਟੀਮਾਂ ਨੇ ਵੱਖ -ਵੱਖ ਥਾਵਾਂ ‘ਤੇ ਪਹੁੰਚ ਕੇ ਤਲਾਸ਼ੀ ਲਈ। ਇਸ ਮੌਕੇ ਖ਼ਾਸ ਤੌਰ ‘ਤੇ ਨਸ਼ਿਆਂ ਅਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਵੜਕੇ ਪੁਲਿਸ ਵੱਲੋਂ ਆਪਣੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਅਚਨਚੇਤ ਕੀਤੀ ਗਈ ਇਸ ਕਾਰਵਾਈ ਨੂੰ ਦੇਖ ਕੇ ਨਸ਼ਿਆਂ ਦੇ ਕਾਲੇ ਕੰਮ ਨਾਲ ਜੁੜੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਸੰਪਰਕਾਂ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਗਈ। ਇਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕ ਈ ਲੋਕਾਂ ਤੋਂ ਸਖ਼ਤੀ ਨਾਲ ਪੁਛਗਿੱਛ ਕੀਤੀ ਗਈ। ਗੱਲਬਾਤ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਅਗਾਮੀ ਦਿਨਾਂ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਦੱਸਿਆ ਜਾ ਕਿ ਇਸ ਮੁਹਿੰਮ ਤਹਿਤ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਥੇ ਕਿ ਨਸ਼ਿਆਂ ਦੀ ਸਪਲਾਈ ਜਾਂ ਨਜਾਇਜ਼ ਸ਼ਰਾਬ ਦੇ ਕਾਰੋਬਾਰ ਸਬੰਧੀ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਉਕਤ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਮੁਹਿੰਮ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਨਸ਼ਿਆਂ ਨਾਲ ਜੁੜੀ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਤੁਰੰਤ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਸ ‘ਤੇ ਗੰਭੀਰਤਾ ਨਾਲ ਕਾਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਮੌਕੇ ਏ.ਡੀ.ਸੀ.ਪੀ.ਸਿਟੀ-1 ਮੁਖਤਿਆਰ ਰਾਏ,ਡੀ.ਸੀ. ਪੀ.ਸਿਟੀ ਅਦਿਤਿਆ ਵਾਰੀਅਰ , ਡੀ.ਐਸ. ਪੀ. ਕਰਨੈਲ ਸਿੰਘ, ਥਾਣਾ ਰਾਮਾ ਮੰਡੀ ਦੇ ਇੰਚਾਰਜ਼ ਸੁਰਿੰਦਰ ਕੁਮਾਰ ਅਤੇ ਥਾਣਾ ਬਾਰਾਂਦਰੀ ਦੇ ਮੁਖੀ ਇੰਸਪੈਕਟਰ ਸਾਹਿਲ ਚੌਧਰੀ, ਥਾਣਾ ਡਵੀਜ਼ਨ ਨੰਬਰ 4 ਤੋਂ ਅਜਮੇਰ ਲਾਲ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਦੇ ਹਾਜ਼ਰ ਸਨ।
ਸੂਝਵਾਨ ਲੋਕਾਂ ਵਲੋਂ ਪੁਲਿਸ ਦੀ ਕਾਰਵਾਈ ਦੀ ਸ਼ਾਲਾਘਾ
ਉੱਧਰ ਵੱਖ -ਵੱਖ ਸੂਝਵਾਨ ਲੋਕਾਂ ਵਲੋਂ ਪੁਲਿਸ ਦੀ ਇਸ ਕਾਰਵਾਈ ਦੀ ਸ਼ਾਲਾਘਾ ਕੀਤੀ ਗਈ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਅਨੇਕਾਂ ਨੌਜਵਾਨ ਮੁੰਡੇ -ਕੁੜੀਆਂ ਫਸ ਚੁੱਕੇ ਹਨ ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਜੀਅ ਬਹੁਤ ਜ਼ਿਆਦਾ ਚਿੰਤਨ ਹਨ।