ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਦੀ ਮੀਟਿੰਗ ’ਚ ਜਥੇਬੰਦੀ ਨੂੰ ਮਜ਼ਬੂਤ ਕਰਨ ਸੰਬੰਧੀ ਹੋਈ ਵਿਚਾਰ-ਚਰਚਾ
ਜਲੰਧਰ, 4 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਦੀ ਅਹਿਮ ਮੀਟਿੰਗ ਐਡਵੋਕੇਟ ਰੋਹਿਤ ਗੰਭੀਰ ਸਟੇਟ ਕੋਆਰਡੀਨੇਟਰ ਦੋਆਬਾ ਜ਼ੋਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਟੇਟ ਚੇਅਰਮੈਨ ਐਡਵੋਕੇਟ ਹਰਵੀਰ ਸਿੰਘ ਅਟਵਾਲ (ਪਟਿਆਲਾ), ਕੋ-ਚੇਅਰਮੈਨ ਐਡਵੋਕੇਟ ਹਿਮਾਂਸ਼ੂ ਵਾਲੀਆ (ਲੁਧਿਆਣਾ) ਅਤੇ ਐਡਵੋਕੇਟ ਸੁਕਰਨ ਕਾਲੀਆ, ਸਟੇਟ ਕੋਆਰਡੀਨੇਟਰ, ਮਾਝਾ ਜ਼ੋਨ (ਅੰਮ੍ਰਿਤਸਰ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਜਲੰਧਰ, 4 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਦੀ ਅਹਿਮ ਮੀਟਿੰਗ ਐਡਵੋਕੇਟ ਰੋਹਿਤ ਗੰਭੀਰ ਸਟੇਟ ਕੋਆਰਡੀਨੇਟਰ ਦੋਆਬਾ ਜ਼ੋਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਟੇਟ ਚੇਅਰਮੈਨ ਐਡਵੋਕੇਟ ਹਰਵੀਰ ਸਿੰਘ ਅਟਵਾਲ (ਪਟਿਆਲਾ), ਕੋ-ਚੇਅਰਮੈਨ ਐਡਵੋਕੇਟ ਹਿਮਾਂਸ਼ੂ ਵਾਲੀਆ (ਲੁਧਿਆਣਾ) ਅਤੇ ਐਡਵੋਕੇਟ ਸੁਕਰਨ ਕਾਲੀਆ, ਸਟੇਟ ਕੋਆਰਡੀਨੇਟਰ, ਮਾਝਾ ਜ਼ੋਨ (ਅੰਮ੍ਰਿਤਸਰ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜਥੇਬੰਦੀ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਈ.ਵਾਈ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਨੂੰ ਹੋਰ ਮਜ਼ਬੂਤ ਕਰਨ, ਜਥੇਬੰਦੀ ਦਾ ਵਿਸਥਾਰ ਕਰਨ ਅਤੇ ਵੱਧ ਤੋਂ ਵੱਧ ਨੌਜਵਾਨ ਵਕੀਲਾਂ ਨੂੰ ਲੀਗਲ ਸੈੱਲ ਨਾਲ ਜੋੜਨ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਜਲਦ ਹੀ ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਦਾ ਇਕ ਵਫ਼ਦ ਦਿੱਲੀ ਜਾ ਕੇ ਆਈ.ਵਾਈ.ਸੀ. ਦੇ ਸੀਨੀਅਰ ਅਹੁਦੇਦਾਰਾਂ, ਪੰਜਾਬ ਦੇ ਸਟੇਟ ਇੰਚਾਰਜ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰੇਗਾ। ਇਸ ਦੌਰਾਨ ਪੰਜਾਬ ਵਿੱਚ ਲੀਗਲ ਸੈੱਲ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਅਹੁਦੇਦਾਰਾਂ ਨੇ ਕਿਹਾ ਕਿ ਜਥੇਬੰਦੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਐਡਵੋਕੇਟ ਰੋਹਿਤ ਗੰਭੀਰ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਹਮੇਸ਼ਾ ਨੌਜਵਾਨਾਂ ਅਤੇ ਲੋੜਵੰਦ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਏ। ਜਿਸ ਵੀ ਨੌਜਵਾਨ ਜਾਂ ਲੋੜਵੰਦ ਵਿਅਕਤੀ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਵੇਗੀ, ਲੀਗਲ ਸੈੱਲ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਕਾਨੂੰਨ ਦੇ ਦਾਇਰੇ ਵਿੱਚ ਉਸ ਦੇ ਹੱਕਾਂ ਲਈ ਆਵਾਜ਼ ਉਠਾਏਗਾ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਵਲੋਂ ਆਉਣ ਵਾਲੇ ਸਮੇਂ ਵਿੱਚ ਕੌਮੀ ਪੱਧਰ ਦੀ ਇਕ ‘ਲੀਗਲ ਲੀਗ’ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ, ਕਾਨੂੰਨ ਦੇ ਵਿਦਿਆਰਥੀਆਂ ਅਤੇ ਨੌਜਵਾਨ ਵਕੀਲਾਂ ਨੂੰ ਜੋੜਨ ਅਤੇ ਉਨ੍ਹਾਂ ਨੂੰ ਕਾਨੂੰਨ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਦੇਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।