ਏ.ਐੱਸ.ਆਈ. ਦੇ ਪੁੱਤਰ ਵਲੋਂ ਪਿਸਤੌਲ ਲਹਿਰਾ ਕੇ ਨਾਬਾਲਗ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਦੋਸ਼
ਮਕਸੂਦਾਂ, 26 ਸਤੰਬਰ (ਸੌਰਵ ਮਹਿਤਾ)-ਅਮਨ ਨਗਰ ਇਲਾਕੇ ’ਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਨਾਬਾਲਗ ਲੜਕੇ ਅਤੇ ਪੁਲਿਸ ਮੁਲਾਜ਼ਮ ਦੇ ਪੁੱਤਰ ਵਿਚਕਾਰ ਹੋਈ ਤਕਰਾਰ ਨੇ ਗੰਭੀਰ ਰੂਪ ਧਾਰ ਲਿਆ। ਪੀੜਤ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਤਕਰਾਰ ਦੌਰਾਨ ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਕਥਿਤ ਤੌਰ ’ਤੇ ਘਰ ਅੰਦਰੋਂ ਪਿਸਤੌਲ ਲਿਆ ਕੇ ਗਲੀ ਵਿਚ ਨਾਬਾਲਗ ਵੱਲ ਤਾਣ ਦਿੱਤੀ ਅਤੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ।
ਅ
ਅਮਨ ਨਗਰ ’ਚ ਹੋਏ ਵਿਵਾਦ ਦੌਰਾਨ ਹੱਥ ’ਚ ਪਿਸਤੌਲ ਲੈ ਕੇ ਖੜ੍ਹਾ ਨੌਜਵਾਨ ਅਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦੇ ਇਲਾਕਾ ਵਾਸੀ।
27-09-2026
ਮਕਸੂਦਾਂ, 26 ਸਤੰਬਰ (ਸੌਰਵ ਮਹਿਤਾ)-ਅਮਨ ਨਗਰ ਇਲਾਕੇ ’ਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਨਾਬਾਲਗ ਲੜਕੇ ਅਤੇ ਪੁਲਿਸ ਮੁਲਾਜ਼ਮ ਦੇ ਪੁੱਤਰ ਵਿਚਕਾਰ ਹੋਈ ਤਕਰਾਰ ਨੇ ਗੰਭੀਰ ਰੂਪ ਧਾਰ ਲਿਆ। ਪੀੜਤ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਤਕਰਾਰ ਦੌਰਾਨ ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਕਥਿਤ ਤੌਰ ’ਤੇ ਘਰ ਅੰਦਰੋਂ ਪਿਸਤੌਲ ਲਿਆ ਕੇ ਗਲੀ ਵਿਚ ਨਾਬਾਲਗ ਵੱਲ ਤਾਣ ਦਿੱਤੀ ਅਤੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ। ਘਟਨਾ ਕਾਰਨ ਕੁਝ ਸਮੇਂ ਲਈ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਮਿਲੀ ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਨਾਲ ਗਨਮੈਨ ਵਜੋਂ ਡਿਊਟੀ ਨਿਭਾਅ ਰਹੇ ਇੱਕ ਏ.ਐੱਸ.ਆਈ. ਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਅਮਨ ਨਗਰ ਵਿੱਚ ਕਿਰਾਏ ਦੇ ਮਕਾਨ ’ਚ ਰਹਿਣ ਲਈ ਆਇਆ ਹੈ। ਇਲਾਕਾ ਵਾਸੀ ਪ੍ਰਦੀਪ ਅਵਸਥੀ ਨੇ ਦੱਸਿਆ ਕਿ ਏ.ਐੱਸ.ਆਈ. ਦੇ ਪੁੱਤਰ ਨਾਲ ਉਨ੍ਹਾਂ ਦੇ ਪਰਿਵਾਰ ਦੀ ਪਹਿਲਾਂ ਵੀ ਤਕਰਾਰ ਹੋ ਚੁੱਕੀ ਹੈ। ਮਾਮਲਾ ਮਕਾਨ ਮਾਲਕ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ, ਪਰ ਵਿਵਾਦ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਸਕਿਆ। ਪ੍ਰਦੀਪ ਅਵਸਥੀ ਮੁਤਾਬਕ ਅੱਜ ਉਨ੍ਹਾਂ ਦਾ 15 ਸਾਲਾ ਪੁੱਤਰ ਸਤਿਅਮ ਆਪਣੀ ਇਲੈਕਟ੍ਰਿਕ ਬਾਈਕ ਲੈ ਕੇ ਘਰ ਦੇ ਬਾਹਰੋਂ ਲੰਘ ਰਿਹਾ ਸੀ। ਇਸੇ ਦੌਰਾਨ ਏ.ਐੱਸ.ਆਈ. ਦੇ ਪੁੱਤਰ ਨੇ ਉਸ ਨੂੰ ਰੋਕਦਿਆਂ ਉਥੋਂ ਵਾਪਸ ਜਾਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਹਾਸੁਣੀ ਹੋ ਗਈ। ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਵੀ ਮੌਕੇ ’ਤੇ ਪਹੁੰਚ ਗਏ। ਸ਼ਿਕਾਇਤਕਰਤਾ ਪਰਿਵਾਰ ਦਾ ਦੋਸ਼ ਹੈ ਕਿ ਤਕਰਾਰ ਵਧਣ ’ਤੇ ਏ.ਐੱਸ.ਆਈ. ਦੇ ਪੁੱਤਰ ਨੇ ਪਹਿਲਾਂ ਨਾਬਾਲਗ ਨੂੰ ਬੰਦੂਕ ਨਾਲ ਉਡਾ ਦੇਣ ਦੀ ਧਮਕੀ ਦਿੱਤੀ ਅਤੇ ਕੁਝ ਦੇਰ ਬਾਅਦ ਘਰ ਅੰਦਰੋਂ ਪਿਸਤੌਲ ਲੈ ਕੇ ਬਾਹਰ ਆ ਗਿਆ। ਦੱਸਿਆ ਗਿਆ ਕਿ ਪਰਿਵਾਰ ਦੀਆਂ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੇਟ ਧੱਕ ਕੇ ਬਾਹਰ ਆ ਗਿਆ ਅਤੇ ਕਥਿਤ ਤੌਰ ’ਤੇ ਸਤਿਅਮ ਵੱਲ ਪਿਸਤੌਲ ਤਾਣ ਦਿੱਤੀ। ਮੌਕੇ ’ਤੇ ਮੌਜੂਦ ਔਰਤਾਂ ਨੇ ਪਿਸਤੌਲ ਫੜਨ ਦੀ ਕੋਸ਼ਿਸ਼ ਕੀਤੀ, ਜਦਕਿ ਮੁਲਜ਼ਮ ਵਲੋਂ ਗੋਲੀ ਚਲਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਹਾਲਾਤ ਵਿਗੜਦੇ ਦੇਖ ਕੇ ਇਲਾਕਾ ਵਾਸੀਆਂ ਅਤੇ ਪਰਿਵਾਰ ਦੀਆਂ ਔਰਤਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾਇਆ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਘਟਨਾ ਤੋਂ ਬਾਅਦ ਨਾਬਾਲਗ ਦੇ ਪਰਿਵਾਰ ਵੱਲੋਂ ਥਾਣਾ ਨੰਬਰ 1 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ ਏ.ਐੱਸ.ਆਈ. ਵੱਲੋਂ ਆਪਣੇ ਪੁੱਤਰ ਦਾ ਪੱਖ ਲੈਂਦਿਆਂ ਕਿਹਾ ਗਿਆ ਹੈ ਕਿ ਵਿਵਾਦ ’ਚ ਗਲਤੀ ਸਤਿਅਮ ਦੀ ਸੀ। ਪੁਲਿਸ ਵਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਘਟਨਾ ਦੌਰਾਨ ਦਿਖਾਈ ਗਈ ਪਿਸਤੌਲ ਕਿੱਥੋਂ ਆਈ ਅਤੇ ਕੀ ਇਹ ਪੁਲਿਸ ਮੁਲਾਜ਼ਮ ਨੂੰ ਜਾਰੀ ਕੀਤੇ ਗਏ ਸਰਕਾਰੀ ਹਥਿਆਰ ਨਾਲ ਸਬੰਧਤ ਹੈ ਜਾਂ ਨਹੀਂ।