ਰਾਜਪਾਲ ਨੇ ਸਮਾਜ ’ਚ ਸਦਭਾਵਨਾ, ਸਹਿਣਸ਼ੀਲਤਾ ਤੇ ਆਪਸੀ ਪ੍ਰੇਮ ਵਰਗੇ ਗੁਣਾਂ ਨੂੰ ਅਪਨਾਉਣ ਦੀ ਲੋੜ ’ਤੇ ਦਿੱਤਾ ਜ਼ੋਰ
ਮਹਿਤਪੁਰ (ਜਲੰਧਰ), 15 ਨਵੰਬਰ (ਲਖਵਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ’ਚ ਸਦਭਾਵਨਾ, ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਲਈ ਨਿਮਰਤਾ, ਦਇਆ ਤੇ ਆਪਸੀ ਪ੍ਰੇਮ ਵਰਗੇ ਉੱਚ ਗੁਣਾਂ ਨੂੰ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਬਾਬਾ ਬਲਦੇਵ ਸਿੰਘ ਜੀ ਦੀ ਅਗਵਾਈ ’ਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ (ਜਲੰਧਰ) ਵਿਖੇ ਐਚ.
ਮਹਿਤਪੁਰ (ਜਲੰਧਰ), 15 ਨਵੰਬਰ (ਲਖਵਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ’ਚ ਸਦਭਾਵਨਾ, ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਲਈ ਨਿਮਰਤਾ, ਦਇਆ ਤੇ ਆਪਸੀ ਪ੍ਰੇਮ ਵਰਗੇ ਉੱਚ ਗੁਣਾਂ ਨੂੰ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ।ਬਾਬਾ ਬਲਦੇਵ ਸਿੰਘ ਜੀ ਦੀ ਅਗਵਾਈ ’ਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ (ਜਲੰਧਰ) ਵਿਖੇ ਐਚ.ਕੇ.ਐਲ. ਗੋਲਬਲ ਮੂਵਮੈਂਟ ਵਲੋਂ ਕਰਵਾਈ ਜਾ ਰਹੀ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ 8ਵੀਂ ਅੰਤਰਾਸ਼ਟਰੀ ਕਾਨਫਰੰਸ ’ਚ ਸ਼ਿਰਕਤ ਕਰਦਿਆਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਿੰਦਗੀ ’ਚ ਤਰੱਕੀ ਤੇ ਸਫ਼ਲਤਾ ਹਾਸਿਲ ਕਰਨ ਲਈ ਸਭ ਤੋਂ ਪਹਿਲਾਂ ਤੇ ਮਹੱਤਵਪੂਰਨ ਗੁਣ ਨਿਮਰਤਾ ਹੈ। ਉਨ੍ਹਾਂ ਕਿਹਾ ਕਿ ਹੰਕਾਰ ਮਨੁੱਖ ਨੂੰ ਦੂਜਿਆਂ ਤੋਂ ਦੂਰ ਕਰਦਾ ਹੈ, ਜਦਕਿ ਨਿਮਰਤਾ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਦਿਆਂ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਦਇਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ ਤੇ ਦੂਜਿਆਂ ਦੇ ਦੁੱਖ-ਦਰਦ ਨੂੰ ਸਮਝਣਾ ਹੀ ਸੱਚੀ ਮਨੁੱਖਤਾ ਦੀ ਪਛਾਣ ਹੈ। ਪ੍ਰੇਮ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਪ੍ਰੇਮ ਇਕ ਅਜਿਹੀ ਸ਼ਕਤੀ ਹੈ, ਜੋ ਵੱਖ-ਵੱਖ ਵਿਚਾਰਧਾਰਾਵਾਂ, ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨੂੰ ਇਕ ਧਾਗੇ ਵਿੱਚ ਪਰੋ ਸਕਦੀ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ਅਤੇ ਧਰਮਾਂ ਨਾਲ ਸਬੰਧਤ ਸ਼ਖਸੀਅਤਾਂ, ਸਟੇਟ ਇਨਫਰਮੇਸ਼ਨ ਕਮਿਸ਼ਨਰ ਹਰਪ੍ਰੀਤ ਸੰਧੂ, ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਤੇ ਹੋਰ ਹਸਤੀਆਂ ਵੀ ਮੌਜੂਦ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਦਿੱਤਾ ਗਿਆ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਅੱਜ ਵੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, ਜਿਸ ’ਤੇ ਚੱਲ ਕੇ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਗੁਰੂ ਸਾਹਿਬ ਦੇ ਕੁਦਰਤ ਸਬੰਧੀ ਸੰਦੇਸ਼ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਕੁਦਰਤ ਨਾਲ ਪਿਆਰ ਤੇ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਬਾਬਾ ਬਲਦੇਵ ਸਿੰਘ ਜੀ ਦੀ ਅਗਵਾਈ ਹੇਠ ਐਚ.ਕੇ.ਐਲ.ਗਲੋਬਲ ਮੂਵਮੈਂਟ ਵਲੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਨਿਮਰਤਾ, ਦਇਆ ਤੇ ਆਪਸੀ ਪ੍ਰੇਮ ਦਾ ਸੰਦੇਸ਼ ਫੈਲਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਕਾਨਫਰੰਸ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਬੜੇ ਮਾਣ ਤੇ ਸੁਭਾਗ ਦੀ ਗੱਲ ਹੈ। ਇਸ ਮੌਕੇ ਬਾਬਾ ਬਲਦੇਵ ਸਿੰਘ ਨੇ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਕਾਨਫਰੰਸ ’ਚ ਸ਼ਮੂਲੀਅਤ ਨਾਲ ਮਨੁੱਖਤਾ, ਆਪਸੀ ਪਿਆਰ ਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਨੂੰ ਹੋਰ ਬਲ ਮਿਲੇਗਾ। ਇਸ ਮੌਕੇ ਰਾਜਪਾਲ ਪੰਜਾਬ ਵਲੋਂ ਹਾਜੀ ਸਈਅਦ ਸਲਮਾਨ ਚਿਸ਼ਤੀ, ਕਰਟਿਸ ਗੈਬਰੀਅਲ, ਐਂਡਰੀਆ ਮੈਥਿਸ, ਰੇਵ. ਡੇਵਿਡ ਬੇਦੁਜ਼ਾ, ਨਤਾਲੀਆ ਵਾਸਿਲਯੇਵਾ, ਬ੍ਰਹਮ ਕੁਮਾਰੀ ਹੁਸੈਨ ਦੀਦੀ, ਸੋਨਾਲੀ ਸਿੰਘ, ਅਨਮੋਲ ਕਵਾਤਰਾ ਸਮੇਤ ਕਾਨਫਰੰਸ ’ਚ ਸ਼ਾਮਲ ਵੱਖ-ਵੱਖ ਖੇਤਰਾਂ ਅਤੇ ਧਰਮਾਂ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤਾਂ ਦਾ ਸ ਨਮਾਨ ਵੀ ਕੀਤਾ ਗਿਆ।