ਲੰਬੇ ਸਮੇਂ ਤੱਕ ਬੈਂਕ ਖਾਤੇ ਸੀਲ ਹੋਣ ਨਾਲ ਕੂੜਾ ਚੁੱਕਣ ਸਮੇਤ ਹੋਰ ਕੰਮਾਂ ਨੂੰ ਲੱਗ ਸਕਦੀਆਂ ਨੇ ਬਰੇਕਾਂ ਵਿਕਾਸ ਕੰਮ ਤੇ ਕੂੜਾ ਚੁੱਕਣ ਦਾ ਕੰਮ ਕਰਵਾਉਣ ਵਾਲੇ ਠੇਕੇਦਾਰਾਂ ਦੇ ਫਸੇ ਨੇ ਕਰੋੜਾਂ ਰੁਪਏ
ਜਲੰਧਰ, 17 ਅਗਸਤ (ਸ਼ਿਵ)- ਨਗਰ ਨਿਗਮ ਜਲੰਧਰ ਦੇ ਬੈਂਕ ਖਾਤੇ ਸੀਲ ਹੋਣ ਕਾਰਨ ਨਿਗਮ ਦੀ ਵਿੱਤੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਨਗਰ ਨਿਗਮ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚ ਕਰੀਬ 18 ਕਰੋੜ ਰੁਪਏ ਦੀ ਰਕਮ ਫਸੀ ਹੋਈ ਦੱਸੀ ਜਾ ਰਹੀ ਹੈ।
ਜਲੰਧਰ, 17 ਅਗਸਤ (ਸ਼ਿਵ)- ਨਗਰ ਨਿਗਮ ਜਲੰਧਰ ਦੇ ਬੈਂਕ ਖਾਤੇ ਸੀਲ ਹੋਣ ਕਾਰਨ ਨਿਗਮ ਦੀ ਵਿੱਤੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਨਗਰ ਨਿਗਮ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚ ਕਰੀਬ 18 ਕਰੋੜ ਰੁਪਏ ਦੀ ਰਕਮ ਫਸੀ ਹੋਈ ਦੱਸੀ ਜਾ ਰਹੀ ਹੈ। ਖਾਤੇ ਸੀਲ ਹੋਣ ਕਾਰਨ ਨਿਗਮ ਨੂੰ ਠੇਕੇਦਾਰਾਂ ਦੀਆਂ ਬਕਾਇਆ ਅਦਾਇਗੀਆਂ ਕਰਨ ਦੇ ਨਾਲ-ਨਾਲ ਹੋਰ ਜ਼ਰੂਰੀ ਖ਼ਰਚੇ ਚਲਾਉਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੁੱਝ ਦਿਨਾਂ ਤੱਕ ਅਦਾਇਗੀਆਂ ਮਿਲਣ ਵਿਚ ਦੇਰੀ ਹੁੰਦੀ ਹੈ ਤਾਂ ਠੇਕੇਦਾਰਾਂ ਵਲੋਂ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਉਨਾਂ ਵਲੋਂ ਬੈਂਕ ਤੋਂ ਕਰਜ਼ਾ ਲੈ ਕੇ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਨਿਗਮ ਵਲੋਂ ਅਜੇ ਉਨਾਂ ਦੀ ਅਦਾਇਗੀ ਨਹੀਂ ਹੋਈ ਹੈ। ਕੁੱਝ ਸਮਾਂ ਪਹਿਲਾਂ ਕੰਪਨੀਆਂ ਨਾਲ ਚੱਲ ਰਹੇ ਕੇਸਾਂ ਦੇ ਮਾਮਲੇ ਵਿਚ ਨਗਰ ਨਿਗਮ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਸਨ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਖਾਤੇ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕੇ ਹਨ। ਇਸ ਮਾਮਲੇ ਵਿਚ ਹੋਣ ਵਾਲੀ ਅਗਲੀ ਸੁਣਵਾਈ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਨਿਗਮ ਦੇ ਖਾਤੇ ਕਦੋਂ ਤੱਕ ਖੋਲ੍ਹੇ ਜਾ ਸਕਦੇ ਹਨ। ਹਾਲਾਂਕਿ, ਖਾਤੇ ਖੁੱਲ੍ਹਣ ਤੋਂ ਬਾਅਦ ਵੀ ਪੂਰੀ ਵਿੱਤੀ ਪ੍ਰਕਿਰਿਆ ਆਮ ਹੋਣ ਵਿਚ ਕੁੱਝ ਸਮਾਂ ਲੱਗਣ ਦੀ ਸੰਭਾਵਨਾ ਹੈ। ਬੈਂਕ ਖਾਤਿਆਂ ’ਤੇ ਰੋਕ ਕਾਰਨ ਨਗਰ ਨਿਗਮ ਵੱਲੋਂ ਵੱਖ-ਵੱਖ ਕੰਮਾਂ ਲਈ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿਚ ਸ਼ਹਿਰ ਵਿਚ ਕੂੜਾ ਚੁੱਕਣ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਤੋਂ ਇਲਾਵਾ ਵਿਕਾਸ ਕਾਰਜਾਂ ਨਾਲ ਸਬੰਧਿਤ ਠੇਕੇਦਾਰ ਵੀ ਸ਼ਾਮਲ ਹਨ। ਲੰਬੇ ਸਮੇਂ ਤੱਕ ਅਦਾਇਗੀਆਂ ਨਾ ਹੋਣ ਕਾਰਨ ਠੇਕੇਦਾਰਾਂ ਵੱਲੋਂ ਵੀ ਨਿਗਮ ’ਤੇ ਬਕਾਇਆ ਰਕਮਾਂ ਜਾਰੀ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਨਗਰ ਨਿਗਮ ਲਈ ਸਭ ਤੋਂ ਵੱਡੀ ਚਿੰਤਾ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਹੋਰ ਲਾਜ਼ਮੀ ਅਦਾਇਗੀਆਂ ਨੂੰ ਲੈ ਕੇ ਹੈ। ਨਿਗਮ ਨੂੰ ਹਰ ਮਹੀਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਕਰੀਬ 16 ਕਰੋੜ ਰੁਪਏ ਖ਼ਰਚ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫ਼ੰਡ (ਪੀ.ਐਫ.) ਵਿਚ ਵੀ ਨਿਯਮਤ ਤੌਰ ’ਤੇ ਰਕਮ ਜਮਾਂ ਕਰਵਾਉਣੀ ਹੁੰਦੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁੱਝ ਮਹੀਨਿਆਂ ਤੋਂ ਪੀ.ਐੱਫ. ਦੀਆਂ ਰਕਮਾਂ ਵੀ ਜਮਾਂ ਕਰਵਾਉਣ ਵਿਚ ਮੁਸ਼ਕਲ ਆਈ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ’ਤੇ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦਾ ਦਬਾਅ ਵੀ ਹੈ। ਅਜਿਹੇ ਸਮੇਂ ਵਿਚ ਨਿਗਮ ਨੂੰ ਤੁਰੰਤ ਵੱਡੇ ਫ਼ੰਡਾਂ ਦੀ ਲੋੜ ਹੈ। ਇੱਕ ਪਾਸੇ ਮੌਜੂਦਾ ਬਕਾਇਆ ਅਦਾਇਗੀਆਂ ਦਾ ਬੋਝ ਹੈ ਅਤੇ ਦੂਜੇ ਪਾਸੇ ਨਵੇਂ ਵਿਕਾਸ ਪ੍ਰਾਜੈਕਟਾਂ ’ਤੇ ਖ਼ਰਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਮੇਅਰ ਵਨੀਤ ਧੀਰ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਬੈਂਕ ਖਾਤੇ ਕੁੱਝ ਦਿਨਾਂ ਵਿਚ ਖੁੱਲ੍ਹਣ ਦੀ ਉਮੀਦ ਹੈ। ਖਾਤੇ ਖੁੱਲ੍ਹਣ ਤੋਂ ਬਾਅਦ ਰੁਕੀਆਂ ਹੋਈਆਂ ਅਦਾਇਗੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।