27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਥੈਂਕਸਗਿਵਿੰਗ ਸੁਨੇਹੇ ’ ਚ ਟਰੰਪ ਨੇ ਵਿਰੋਧੀਆਂ ਤੇ ਪਰਵਾਸੀਆਂ ’ ਤੇ ਸਾਧੇ ਨਿਸ਼ਾਨੇ ਆਰਥਿਕ ਵਿਕਾਸ ਦੇ ਅੰਕੜਿਆਂ ਦੀ ਜਾਂਚ ਮੰਗੀ

ਨਿਊਯਾਰਕ, 27 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਥੈਂਕਸਗਿਵਿੰਗ ਮੌਕੇ ਜਾਰੀ ਸੁਨੇਹੇ ’ਚ ਸਿਆਸੀ ਵਿਰੋਧੀਆਂ, ਪਰਵਾਸੀਆਂ ਤੇ ਆਪਣੀ ਹੀ ਸਰਕਾਰ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਰਥਿਕ ਵਿਕਾਸ ਦੇ ਅੰਕੜੇ ਜਾਣਬੁੱਝ ਕੇ ਘੱਟ ਦਿਖਾਉਣ ਦਾ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 28-11-2026
ਨਿਊਯਾਰਕ, 27 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਥੈਂਕਸਗਿਵਿੰਗ ਮੌਕੇ ਜਾਰੀ ਸੁਨੇਹੇ ’ਚ ਸਿਆਸੀ ਵਿਰੋਧੀਆਂ, ਪਰਵਾਸੀਆਂ ਤੇ ਆਪਣੀ ਹੀ ਸਰਕਾਰ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਰਥਿਕ ਵਿਕਾਸ ਦੇ ਅੰਕੜੇ ਜਾਣਬੁੱਝ ਕੇ ਘੱਟ ਦਿਖਾਉਣ ਦਾ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ। ਬਾਅਦ ਵਿਚ ਅਮਰੀਕੀ ਫ਼ੌਜੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਈਰਾਨ ਖ਼ਿਲਾਫ਼ ਜਿੱਤ ਨੇੜੇ ਹੋਣ ਦਾ ਦਾਅਵਾ ਵੀ ਕੀਤਾ। ‘ਟਰੁੱਥ ਸੋਸ਼ਲ’ ਉੱਤੇ ਲਿਖੇ ਸੁਨੇਹੇ ਦੀ ਸ਼ੁਰੂਆਤ ਟਰੰਪ ਨੇ ਥੈਂਕਸਗਿਵਿੰਗ ਦੀ ਵਧਾਈ ਨਾਲ ਕੀਤੀ, ਪਰ ਅੱਗੇ ਉਨ੍ਹਾਂ ਵਣਜ ਵਿਭਾਗ ਵਲੋਂ ਜਾਰੀ ਜੀ.ਡੀ.ਪੀ. ਦੇ ਅੰਕੜਿਆਂ ’ਤੇ ਸਵਾਲ ਚੁੱਕੇ। ਵਿਭਾਗ ਦੇ ਆਰਥਿਕ ਵਿਸ਼ਲੇਸ਼ਣ ਬਿਊਰੋ ਨੇ ਤੀਜੀ ਤਿਮਾਹੀ ਦੀ ਸਾਲਾਨਾ ਆਧਾਰ ’ਤੇ ਵਾਧਾ ਦਰ ਦਾ ਅਨੁਮਾਨ 3.4 ਫ਼ੀਸਦੀ ਤੋਂ ਸੋਧ ਕੇ 4.3 ਫ਼ੀਸਦੀ ਕੀਤਾ ਹੈ। ਟਰੰਪ ਨੇ ਪਹਿਲੇ ਅਨੁਮਾਨ ਨੂੰ ‘ਜਾਅਲੀ’ ਦੱਸਦਿਆਂ ਪੁੱਛਿਆ ਕਿ ਸਹੀ ਅੰਕੜੇ ਚੋਣਾਂ ਤੋਂ ਪਹਿਲਾਂ ਕਿਉਂ ਨਹੀਂ ਜਾਰੀ ਹੋਏ। ਉਨ੍ਹਾਂ ਜਾਣਬੁੱਝ ਕੇ ਹੇਰਾਫੇਰੀ ਕੀਤੇ ਜਾਣ ਦੇ ਦੋਸ਼ ਲਈ ਕੋਈ ਸਬੂਤ ਨਹੀਂ ਦਿੱਤਾ। ਆਰਥਿਕ ਅੰਕੜਿਆਂ ਵਿੱਚ ਵਧੇਰੇ ਜਾਣਕਾਰੀ ਮਿਲਣ ਮਗਰੋਂ ਸੋਧ ਕਰਨਾ ਆਮ ਪ੍ਰਕਿਰਿਆ ਹੈ। ਮੁੱਢਲੇ ਅਨੁਮਾਨ ਵੇਲੇ ਵਪਾਰ, ਕਾਰੋਬਾਰਾਂ ਕੋਲ ਪਏ ਮਾਲ ਅਤੇ ਖਪਤਕਾਰਾਂ ਦੇ ਕੁਝ ਖ਼ਰਚਿਆਂ ਬਾਰੇ ਪੂਰੇ ਵੇਰਵੇ ਉਪਲਬਧ ਨਹੀਂ ਹੁੰਦੇ। ਇਹ ਸੋਧਾਂ ਪਹਿਲਾਂ ਤੋਂ ਤੈਅ ਸਮਾਂ-ਸਾਰਣੀ ਅਨੁਸਾਰ ਕੀਤੀਆਂ ਜਾਂਦੀਆਂ ਹਨ। ਟਰੰਪ ਦੇ ਦੋਸ਼ਾਂ ਬਾਰੇ ਬਿਊਰੋ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਆਇਆ। ਟਰੰਪ ਨੇ ਡੈਮੋਕ੍ਰੈਟਾਂ ਅਤੇ ਕੱਟੜ ਖੱਬੇ ਪੱਖੀਆਂ ’ਤੇ ਅਮਰੀਕਾ ਵਿੱਚ ਸ਼ਰੀਅਤ ਕਾਨੂੰਨ ਲਾਗੂ ਕਰਨ ਅਤੇ ਲੋਕਾਂ ਦੀ ਕਮਾਈ ਜ਼ਬਰਦਸਤੀ ਵੰਡਣ ਦੀ ਕੋਸ਼ਿਸ਼ ਦੇ ਦੋਸ਼ ਵੀ ਲਾਏ। ਸੋਮਾਲੀ ਮੂਲ ਦੇ ਲੋਕਾਂ ਦੇ ਰੁਜ਼ਗਾਰ ਅਤੇ ਸਰਕਾਰੀ ਸਹਾਇਤਾ ਬਾਰੇ ਬਿਨਾਂ ਸਬੂਤ ਦਾਅਵੇ ਕਰਦਿਆਂ ਉਨ੍ਹਾਂ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੂੰ ਦੇਸ਼ ਤੋਂ ਕੱਢਣ ਦੀ ਗੱਲ ਕਹੀ। ਇਸੇ ਸੁਨੇਹੇ ਵਿਚ ਉਨ੍ਹਾਂ ਵ੍ਹਾਈਟ ਹਾਊਸ ਦੀ ਮੁਰੰਮਤ ਅਤੇ ਉੱਥੇ ਬਣ ਰਹੇ ਵੱਡੇ ਸਮਾਗਮ ਹਾਲ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਇਮਾਰਤ ਦੀਆਂ ਟੁੱਟੀਆਂ ਖਿੜਕੀਆਂ ਅਤੇ ਹੋਰ ਖ਼ਰਾਬ ਹਿੱਸਿਆਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਕੰਮ ਦੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਵ੍ਹਾਈਟ ਹਾਊਸ ਹੁਣ ਪਹਿਲਾਂ ਨਾਲੋਂ ਵਧੀਆ ਦਿਖਦਾ ਹੈ। ਟਰੰਪ ਦੇ ਇਹ ਬਿਆਨ ਅਜਿਹੇ ਵੇਲੇ ਆਏ ਹਨ ਜਦੋਂ ਮਹਿੰਗਾਈ ਅਤੇ ਵਧਦੇ ਘਰੇਲੂ ਖ਼ਰਚਿਆਂ ਦੀ ਚਿੰਤਾ ਵਿਚਾਲੇ ਹੋਈਆਂ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ। ਜਨਵਰੀ ਵਿਚ ਕਾਂਗਰਸ ਦੇ ਦੋਵਾਂ ਸਦਨਾਂ ਦਾ ਕੰਟਰੋਲ ਡੈਮੋਕ੍ਰੈਟਾਂ ਕੋਲ ਚਲਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਤੂਫ਼ਾਨ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਦੇ ਆਗੂਆਂ ਨੇ ਨਵ-ਨਿਯੁਕਤ ਡੀ.ਐਸ.ਪੀ. ਰਵਿੰਦਰ ਸਿੰਘ ਰੂਬੀ ਨਾਲ ਕੀਤੀ ਮੁਲਾਕਾਤ
Ad Position 24