ਸਕਾਟਲੈਂਡ ਦੀ ਹਾਈ ਕੋਰਟ ’ਚ ਮੁਕੱਦਮਿਆਂ ਦੀ ਉਡੀਕ ਤਿੰਨ ਗੁਣਾ ਹੋਣ ਦਾ ਖ਼ਦਸ਼ਾ
ਗਲਾਸਗੋ, 20 (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ’ਚ ਕਤਲ ਅਤੇ ਜਬਰ ਜਨਾਹ ਵਰਗੇ ਗੰਭੀਰ ਅਪਰਾਧਾਂ ਦੀ ਸੁਣਵਾਈ ਕਰਨ ਵਾਲੀ ਹਾਈ ਕੋਰਟ ਵਿਚ ਮੁਕੱਦਮੇ ਦੀ ਔਸਤ ਉਡੀਕ 2028-29 ਤੱਕ ਲਗਭਗ ਤਿੰਨ ਗੁਣਾ ਹੋਣ ਦਾ ਖ਼ਦਸ਼ਾ ਹੈ। ਸਕਾਟਿਸ਼ ਕੋਰਟਸ ਐਂਡ ਟ੍ਰਿਬਿਊਨਲਜ਼ ਸਰਵਿਸ ਮੁਤਾਬਕ ਮੁੱਢਲੀ ਪੇਸ਼ੀ ਤੋਂ ਮੁਕੱਦਮੇ ਤੱਕ ਮੌਜੂਦਾ 50 ਹਫ਼ਤਿਆਂ ਦੀ ਉਡੀਕ ਵਧ ਕੇ 135 ਹਫ਼ਤੇ, ਯਾਨੀ ਕਰੀਬ ਢਾਈ ਸਾਲ ਹੋ ਸਕਦੀ ਹੈ।
ਗਲਾਸਗੋ, 20 (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ’ਚ ਕਤਲ ਅਤੇ ਜਬਰ ਜਨਾਹ ਵਰਗੇ ਗੰਭੀਰ ਅਪਰਾਧਾਂ ਦੀ ਸੁਣਵਾਈ ਕਰਨ ਵਾਲੀ ਹਾਈ ਕੋਰਟ ਵਿਚ ਮੁਕੱਦਮੇ ਦੀ ਔਸਤ ਉਡੀਕ 2028-29 ਤੱਕ ਲਗਭਗ ਤਿੰਨ ਗੁਣਾ ਹੋਣ ਦਾ ਖ਼ਦਸ਼ਾ ਹੈ। ਸਕਾਟਿਸ਼ ਕੋਰਟਸ ਐਂਡ ਟ੍ਰਿਬਿਊਨਲਜ਼ ਸਰਵਿਸ ਮੁਤਾਬਕ ਮੁੱਢਲੀ ਪੇਸ਼ੀ ਤੋਂ ਮੁਕੱਦਮੇ ਤੱਕ ਮੌਜੂਦਾ 50 ਹਫ਼ਤਿਆਂ ਦੀ ਉਡੀਕ ਵਧ ਕੇ 135 ਹਫ਼ਤੇ, ਯਾਨੀ ਕਰੀਬ ਢਾਈ ਸਾਲ ਹੋ ਸਕਦੀ ਹੈ। ਸਕਾਟਿਸ਼ ਸਰਕਾਰ ਦੇ ਅੰਕੜਿਆਂ ਅਨੁਸਾਰ 2024-25 ਵਿੱਚ ਅਪਰਾਧ ਦੀ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਲੈ ਕੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੱਕ 123 ਹਫ਼ਤੇ ਲੱਗੇ। ਦੇਰੀ ਦਾ ਮੁੱਖ ਕਾਰਨ ਗੰਭੀਰ ਅਤੇ ਗੁੰਝਲਦਾਰ ਕੇਸਾਂ ਵਿੱਚ ਵੱਡਾ ਵਾਧਾ ਹੈ। ਇਸ ਸਾਲ ਹਾਈ ਕੋਰਟ ਵਿੱਚ ਚਾਰਜਸ਼ੀਟਾਂ ਦੀ ਗਿਣਤੀ 2,700 ਤੋਂ ਵੱਧ ਹੋਣ ਦਾ ਅਨੁਮਾਨ ਹੈ, ਜਦਕਿ 2023-24 ਵਿੱਚ ਇਹ 935 ਸੀ। ਸਕਾਟਿਸ਼ ਕੋਰਟਸ ਐਂਡ ਟ੍ਰਿਬਿਊਨਲ ਸਰਵਿਸ ਦੇ ਮੁੱਖ ਕਾਰਜਕਾਰੀ ਮੈਲਕਮ ਗ੍ਰਾਹਮ ਨੇ ਕਿਹਾ ਕਿ ਲੰਬੀਆਂ ਉਡੀਕਾਂ ਪੀੜਤਾਂ, ਗਵਾਹਾਂ, ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਅਦਾਲਤੀ ਸੇਵਾ ਨੇ ਕੇਸ ਪ੍ਰਬੰਧਨ, ਅਦਾਲਤੀ ਪ੍ਰਕਿਰਿਆ ਅਤੇ ਡਿਜੀਟਲ ਪ੍ਰਣਾਲੀਆਂ ਦੇ ਸੁਧਾਰ ਲਈ ਪੰਜ ਸਾਲਾਂ ਵਿੱਚ 62 ਮਿਲੀਅਨ ਪੌਂਡ ਦੇ ਨਿਵੇਸ਼ ਦੀ ਮੰਗ ਕੀਤੀ ਹੈ। ਦਬਾਅ ਘਟਾਉਣ ਲਈ ਜਨਵਰੀ 2027 ਤੋਂ ਹਾਈ ਕੋਰਟ ਦੇ ਕੇਸ ਏਅਰਡਰੀ, ਡਨਫਰਮਲਿਨ, ਐਡਿਨਬਰਾ ਅਤੇ ਗਲਾਸਗੋ ਸ਼ੈਰਿਫ ਕੋਰਟਾਂ ਵਿੱਚ ਵੀ ਸੁਣੇ ਜਾਣਗੇ। ਇਸ ਨਾਲ ਹਾਈ ਕੋਰਟ ਦੇ ਸਥਾਨ 10 ਤੋਂ ਵਧ ਕੇ 14 ਅਤੇ ਰੋਜ਼ਾਨਾ ਚੱਲਣ ਵਾਲੀਆਂ ਟ੍ਰਾਇਲ ਅਦਾਲਤਾਂ ਦੀ ਸਮਰੱਥਾ 16 ਤੋਂ ਵਧ ਕੇ 26 ਹੋ ਜਾਵੇਗੀ। ਕਾਨੂੰਨੀ ਅਤੇ ਪੀੜਤ ਸਹਾਇਤਾ ਸੰਸਥਾਵਾਂ ਨੇ ਕਿਹਾ ਹੈ ਕਿ ਵਾਧੂ ਅਦਾਲਤਾਂ ਦੇ ਨਾਲ ਪੂਰੀ ਨਿਆਂ ਪ੍ਰਣਾਲੀ ਵਿਚ ਲੰਬੇ ਸਮੇਂ ਦਾ ਸਰਕਾਰੀ ਨਿਵੇਸ਼ ਵੀ ਜ਼ਰੂਰੀ ਹੈ। Glasgo pc-3