ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਸ਼ੀਤਲ ਦੇਵੀ ਨੇ ਜਿੱਤੇ 2 ਸੋਨ ਤਗਮੇ
ਨਾਗੋਆ, 22 ਅਕਤੂਬਰ (ਯੂ. ਐਨ.
ਨਾਗੋਆ, 22 ਅਕਤੂਬਰ (ਯੂ. ਐਨ. ਆਈ.)-ਭਾਰਤ ਨੇ ਜਪਾਨ ਦੇ ਆਈਚੀ-ਨਾਗੋਆ ਵਿਖੇ ਚਲ ਰਹੀਆਂ 5ਵੀਆਂ ਏਸ਼ਿਆਈ ਪੈਰਾ ਖੇਡੇ ਦੇ ਚੌਥੇ ਦਿਨ ਵੀਰਵਾਰ ਨੂੰ ਇਨ੍ਹਾਂ ਖੇਡਾਂ ਵਿਚ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਸੋਨ ਤਗਮਿਆਂ ਸਮੇਤ ਕੁੱਲ 26 ਤਗਮੇ ਜਿੱਤੇ, ਜਿਸ ਨਾਲ ਦੇਸ਼ ਦੇ ਕੁੱਲ ਤਗਮਿਆਂ ਦੀ ਗਿਣਤੀ 88 ਹੋ ਗਈ ਹੈ।ਇਸ ਦੇ ਨਾਲ ਹੀ ਭਾਰਤ ਨੇ ਸੂਚੀ ਵਿਚ ਮੁੜ ਚੌਥਾ ਸਥਾਨ ਹਾਸਲ ਕਰ ਲਿਆ ਹੈ।ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਸ਼ੀਤਲ ਦੇਵੀ, ਜੋ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੀ ਵਿਦਿਆਰਥਣ ਹੈ, ਨੇ ਬਿਹਤਰੀਨ ਪ੍ਰਦਰਸ਼ਨ ਰਰਦਿਆਂ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ 2 ਸੋਨ ਤਗਮੇ ਜਿੱਤੇ। ਦੂਜੇ ਪਾਸੇ, ਐਥਲੈਟਿਕਸ ਇਕ ਵਾਰ ਫਿਰ ਭਾਰਤ ਲਈ ਸਭ ਤੋਂ ਵੱਧ ਤਗਮੇ ਲਿਆਉਣ ਵਾਲੀ ਖੇਡ ਸਾਬਿਤ ਹੋਈ।ਭਾਰਤੀ ਦਲ ਲਈ ਯਾਦਗਾਰ ਰਹੇ ਚੌਥੇ ਦਿਨ ਸਵਰਨਾ ਰਾਜ, ਸ਼ੈਲੇਸ਼ ਕੁਮਾਰ, ਅੰਜਨਾਬੇਨ ਬੁੰਬਾਡੀਆ, ਦਿਲੀਪ ਮਹਾਦੂ ਗਾਵਿਤ ਅਤੇ ਸੋਲੈਰਾਜ ਧਰਮਰਾਜ ਸੋਨ ਤਗਮਾ ਜੇਤੂਆਂ ਵਿਚ ਸ਼ਾਮਿਲ ਰਹੇ।ਭਾਰਤ ਦੇ ਖਾਤੇ ਵਿਚ ਹੁਣ ਕੁੱਲ 21 ਸੋਨ, 26 ਚਾਂਦੀ ਅਤੇ 41 ਕਾਂਸੀ ਦੇ ਤਗਮੇ ਹਨ। ਇਨ੍ਹਾਂ 7 ਸੋਨ ਤਗਮਿਆਂ ਦੀ ਬਦੌਲਤ ਭਾਰਤ ਮੁੜ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦੂਜੇ ਦਿਨ 6ਵੇਂ ਅਤੇ ਤੀਜੇ ਦਿਨ 5ਵੇਂ ਸਥਾਨ ‘ਤੇ ਖਿਸਕ ਗਿਆ ਸੀ। ਚੀਨ ਨੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਉਸ ਦੇ ਕੁੱਲ ਤਗਮਿਆਂ ਦੀ ਗਿਣਤੀ 300 ਨੂੰ ਪਾਰ ਕਰਕੇ 313 ਤੱਕ ਪਹੁੰਚ ਗਈ ਹੈ, ਜਿਸ ਵਿਚ 149 ਸੋਨ ਤਗਮੇ ਸ਼ਾਮਿਲ ਹਨ। ਮੇਜ਼ਬਾਨ ਜਪਾਨ 136 ਤਗਮਿਆਂ (ਜਿਨ੍ਹਾਂ ਵਿਚੋਂ 40 ਸੋਨ ਤਗਮੇ ਹਨ) ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਉਜ਼ਬੇਕਿਸਤਾਨ 117 ਤਗਮਿਆਂ (ਜਿਨ੍ਹਾਂ ਵਿਚ 37 ਸੋਨ ਤਗਮੇ ਹਨ) ਨਾਲ ਤੀਜੇ ਸਥਾਨ ‘ਤੇ ਬਰਕਰਾਰ ਹੈ।19 ਸਾਲਾ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ 1 ਖਿਡਾਰਨ ਸ਼ੀਤਲ ਦੇਵੀ ਨੇ ਟੋਮਨ ਕੁਮਾਰ ਨਾਲ ਮਿਲ ਕੇ ਭਾਰਤ ਲਈ ਮਿਸ਼ਰਤ ਟੀਮ ਦਾ ਖ਼ਿਤਾਬ ਬਰਕਰਾਰ ਰੱਖਿਆ ਅਤੇ ਇਸ ਦਿਨ ਦਾ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ। ਫਾਈਨਲ ਮੁਕਾਬਲੇ ਵਿਚ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਟੀਓਡੋਰਾ ਔਡੀ ਆਯੂਡੀਆ ਫੇਰੇਲੀ ਅਤੇ ਕੇਨ ਸਵਾਗੁਮਿਲਾਂਗ ਨੂੰ 151-148 ਨਾਲ ਹਰਾਇਆ।ਇਸ ਤੋਂ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਸ਼ੀਤਲ ਮਹਿਲਾਵਾਂ ਦੇ ਵਿਅਕਤੀਗਤ ਫਾਈਨਲ ਮੁਕਾਬਲੇ ਵਿਚ ਮੁੜ ਮੈਦਾਨ ਵਿਚ ਉਤਰੀ। ਇਕ ਪੜਾਅ ‘ਤੇ ਚਾਰ ਅੰਕਾਂ ਨਾਲ ਪਿੱਛੇ ਚੱਲ ਰਹੀ ਹੋਣ ਦੇ ਬਾਵਜੂਦ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਸਿੰਗਾਪੁਰ ਦੀ ਅਲੀਮ ਨੂਰ ਸਯਾਹਿਦਾਹ ਨੂੰ 142-139 ਨਾਲ ਹਰਾਇਆ ਅਤੇ ਹਾਂਗਜ਼ੂ 2023 ਏਸ਼ੀਅਨ ਪੈਰਾ ਖੇਡਾਂ ਵਿਚ ਜਿੱਤੇ ਆਪਣੇ ਖ਼ਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ।ਭਾਰਤ ਨੇ ਤੀਰਅੰਦਾਜ਼ੀ ਵਿਚ ਇਕ ਹੋਰ ਇਤਿਹਾਸਕ ਨਤੀਜਾ ਦਰਜ ਕੀਤਾ ਜਦੋਂ ਸਵਾਤੀ ਚੌਧਰੀ ਏਸ਼ੀਅਨ ਪੈਰਾ ਖੇਡਾਂ ਵਿਚ ਡਬਲਯੂ-1 ਵਰਗ ਵਿਚ ਦੇਸ਼ ਦੀ ਪਹਿਲੀ ਤਗਮਾ ਜੇਤੂ ਬਣ ਗਈ। ਮਹਿਲਾਵਾਂ ਦੇ ਵਿਅਕਤੀਗਤ ਫਾਈਨਲ ਵਿਚ ਚੀਨ ਦੀ ਸੇਨ ਮੇਂਗਕਾਨ ਤੋਂ 4-6 ਨਾਲ ਹਾਰਨ ਤੋਂ ਬਾਅਦ ਸਵਾਤੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।ਟਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਭਾਰਤੀ ਦਲ ਨੇ 5 ਸੋਨ ਤਗਮੇ ਆਪਣੇ ਨਾਂਅ ਕੀਤੇ। ਸੁਵਰਨਾ ਰਾਜ ਨੇ ਮਹਿਲਾਵਾਂ ਦੇ ਐਫ-54 ਡਿਸਕਸ ਥਰੋਅ (ਚੱਕਰ ਸੁੱਟਣ) ਮੁਕਾਬਲੇ ਵਿਚ 15.66 ਮੀਟਰ ਦੀ ਸਰਬੋਤਮ ਦੂਰੀ ਨਾਲ ਸੋਨ ਤਗਮਾ ਜਿੱਤ ਕੇ ਦਿਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। 44 ਸਾਲਾ ਵ੍ਹੀਲਚੇਅਰ ਐਥਲੀਟ ਨੇ ਚਾਰ ਵਾਰ ਡਿਸਕਸ ਨੂੰ 15 ਮੀਟਰ ਤੋਂ ਪਾਰ ਸੁੱਟਿਆ, ਜੋ ਉਸ ਦੇ ਕਰੀਅਰ ਦੀ ਇਕ ਅਹਿਮ ਪ੍ਰਾਪਤੀ ਹੈ।ਇਸ ਸਫਲਤਾ ਤੋਂ ਬਾਅਦ ਭਾਰਤ ਨੇ ਪੁਰਸ਼ਾਂ ਦੀ ਟੀ-63 ਉੱਚੀ ਛਾਲ ਮੁਕਾਬਲੇ ਵਿਚ ਸਾਰੇ ਤਗਮੇ ਆਪਣੇ ਨਾਂਅ ਕਰ ਲਏ। ਸ਼ੈਲੇਸ਼ ਕੁਮਾਰ, ਜਿਸ ਨੇ ਬੁੱਧਵਾਰ ਨੂੰ ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ, ਨੇ 1.89 ਮੀਟਰ ਦੀ ਛਾਲ ਲਗਾ ਕੇ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਪੈਰਾਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਚੁੱਕੇ ਵਰੁਣ ਭਾਟੀ ਨੇ 1.84 ਮੀਟਰ (ਇਸ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ) ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਰਾਹੁਲ ਨੇ 1.81 ਮੀਟਰ ਦੀ ਛਾਲ ਲਗਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਪੋਡੀਅਮ (ਜੇਤੂ ਮੰਚ) ‘ਤੇ ਤਿੰਨੋਂ ਸਥਾਨਾਂ ‘ਤੇ ਭਾਰਤੀ ਖਿਡਾਰੀ ਕਾਬਜ਼ ਰਹੇ।ਅੰਜਨਾਬੇਨ ਬੁੰਬਾਦੀਆ ਨੇ ਮਹਿਲਾਵਾਂ ਦੀ 400 ਮੀਟਰ ਟੀ-47 ਦੌੜ 59.97 ਸਕਿੰਟਾਂ ਵਿਚ ਪੂਰੀ ਕਰਕੇ ਭਾਰਤ ਲਈ ਇਕ ਹੋਰ ਸੋਨ ਤਗਮਾ ਜਿੱਤਿਆ, ਜਦੋਂਕਿ ਜਯੰਤੀ ਬੇਹੇਰਾ 1:00.65 ਦੇ ਸਮੇਂ ਨਾਲ ਦੂਜੇ ਸਥਾਨ ‘ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਦਿਲੀਪ ਮਹਾਦੂ ਗਾਵਿਤ ਨੇ ਪੁਰਸ਼ਾਂ ਦੀ 400 ਮੀਟਰ ਟੀ-47 ਦੌੜ ਦਾ ਫਾਈਨਲ 48.27 ਸਕਿੰਟਾਂ ਵਿਚ ਜਿੱਤ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਬੁੱਧਵਾਰ ਨੂੰ ਪੁਰਸ਼ਾਂ ਦੀ 100 ਮੀਟਰ ਟੀ-47 ਦੌੜ ਵਿਚ ਸੋਨ ਤਗਮਾ ਜਿੱਤਣ ਤੋਂ ਬਾਅਦ ਗਾਵਿਤ ਨੇ ਇਨ੍ਹਾਂ ਖੇਡਾਂ ਵਿਚ ਆਪਣਾ ਦੂਜਾ ਖ਼ਿਤਾਬ ਹਾਸਲ ਕੀਤਾ। ਸੋਲੈਰਾਜ ਧਰਮਰਾਜ ਨੇ ਪੁਰਸ਼ਾਂ ਦੀ ਲੰਬੀ ਛਾਲ (ਟੀ-44/ਟੀ-62/ਟੀ-64 ਵਰਗ) ਵਿਚ ਆਪਣਾ ਖ਼ਿਤਾਬ ਬਰਕਰਾਰ ਰੱਖਦੇ ਹੋਏ ਭਾਰਤ ਲਈ ਦਿਨ ਦੇ ਐਥਲੈਟਿਕਸ ਮੁਕਾਬਲਿਆਂ ਦਾ ਸਫਲ ਸਮਾਪਤੀ ਕੀਤੀ। ਉਸ ਨੇ 7.15 ਮੀਟਰ ਦੀ ਛਾਲ ਲਗਾ ਕੇ ਏਸ਼ਿਆਈ ਰਿਕਾਰਡ ਕਾਇਮ ਕੀਤਾ ਅਤੇ ਸੋਨ ਤਗਮਾ ਜਿੱਤਿਆ। ਮਲੇਸ਼ੀਆ ਦੇ ਐਡੀ ਬਰਨਾਰਡ ਨੇ 6.34 ਮੀਟਰ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦਕਿ ਜਪਾਨ ਦੇ ਯੂਮਾ ਤਾਮਾਕੀ ਨੇ 6.89 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ।