ਬੈਂਗਲੁਰੂ, 17 ਅਕਤੂਬਰ (ਪੀ. ਟੀ. ਆਈ.)-ਮੀਂਹ ਕਾਰਨ ਭਾਰਤ ਅਤੇ ਵੈਸਟ ਇੰਡੀਜ਼ ਵਿਚਲੇ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ 5ਵਾਂ ਅਤੇ ਆਖਰੀ ਟੀ-20 ਮੁਕਾਬਲਾ ਰੱਦ ਕਰਨਾ ਪਿਆ, ਜਿਸ ਦੇ ਚਲਦਿਆਂ 5 ਮੈਚਾਂ ਦੀ ਲੜੀ 2-2 ਦੀ ਬਰਾਬਰੀ ਨਾਲ ਸਮਾਪਤ ਹੋ ਗਈ।ਮੀਂਹ ਕਾਰਨ ਮੈਚ ਦੀ ਸ਼ੁਰੂਆਤ ’ਚ ਦੇਰੀ ਹੋਈ। ਟਾੱਸ ਰਾਤ 9 ਵਜੇ ਹੋਇਆ। ਇਸ ਤੋਂ ਬਾਅਦ ਅੰਪਾਇਰਾਂ ਨੇ ਮੁਕਾਬਲੇ ਨੂੰ 9-9 ਓਵਰਾਂ ਦਾ ਕਰਨ ਦਾ ਫੈਸਲਾ ਲਿਆ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7.4 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 118 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਮਹਿਜ਼ 10 ਗੇਂਦਾਂ ’ਤੇ 30 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ। ਆਪਣੀ ਪਾਰੀ ’ਚ 3 ਚੌਕੇ ਅਤੇ 2 ਛੱਕੇ ਜੜਨ ਵਾਲੇ ਈਸ਼ਾਨ ਨੇ ਰੋਮਾਰੀਓ ਸ਼ੈਫਰਡ ਦੇ ਇਕ ਹੀ ਓਵਰ ’ਚ 24 ਦੌੜਾਂ ਬਣਾਈਆਂ। ਨਮਨ ਧੀਰ ਨੇ ਵੀ ਹਮਲਾਵਰ ਬੱਲੇਬਾਜ਼ੀ ਕਰਦਿਆਂ 6 ਗੇਂਦਾਂ ’ਤੇ ਅਜੇਤੂ 24 ਦੌੜਾਂ ਬਣਾਈਆਂ। ਹਾਲਾਂਕਿ, ਭਾਰਤੀ ਪਾਰੀ ਦੌਰਾਨ ਅਚਾਨਕ ਮੀਂਹ ਫਿਰ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਮੈਚ ਨੂੰ ਰੱਦ ਕਰ ਦਿੱਤਾ ਗਿਆ।ਵੈਸਟ ਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਟੀ-20 ਲੜੀ ’ਚ ਦੋ ਸੈਂਕੜਿਆਂ ਦੀ ਬਦੌਲਤ 539 ਦੌੜਾਂ ਬਣਾਈਆਂ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ‘ਪਲੇਅਰ ਆਫ਼ ਦੀ ਸੀਰੀਜ਼’ ਐਲਾਨਿਆ ਗਿਆ।
ਵੈਸਟ ਇੰਡੀਜ਼ ਨੇ 2002 ਤੋਂ ਬਾਅਦ ਭਾਰਤ ’ਚ ਨਹੀਂ ਜਿੱਤੀ ਲੜੀ
ਇਸ ਮੁਕਾਬਲੇ ਦੇ ਰੱਦ ਹੋਣ ਦੇ ਨਾਲ ਹੀ ਵੈਸਟ ਇੰਡੀਜ਼ ਦਾ ਭਾਰਤ ਦੀ ਧਰਤੀ ’ਤੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਲੜੀ ਜਿੱਤਣ ਦਾ ਸੋੋਕਾ ਇਕ ਵਾਰ ਫਿਰ ਖ਼ਤਮ ਨਹੀਂ ਹੋ ਸਕਿਆ। ਵੈਸਟ ਇੰਡੀਜ਼ ਨੇ ਆਖਰੀ ਵਾਰ ਭਾਰਤ ’ਚ ਕੋਈ ਦੁਵੱਲੀ ਲੜੀ (ਕਿਸੇ ਵੀ ਸਰੂਪ ’ਚ) ਸਾਲ 2002 ’ਚ ਜਿੱਤੀ ਸੀ। ਉਦੋਂ ਵੈਸਟ ਇੰਡੀਜ਼ ਨੇ 7 ਮੈਚਾਂ ਦੀ ਲੜੀ 4-3 ਨਾਲ ਆਪਣੇ ਨਾਂਅ ਕੀਤੀ ਸੀ। 24 ਸਾਲ ਬਾਅਦ ਵੈਸਟ ਇੰਡੀਜ਼ ਕੋਲ ਇਤਿਹਾਸ ਰਚਣ ਦਾ ਮੌਕਾ ਸੀ ਪਰ ਮੀਂਹ ਨੇ ਉਸ ਦੇ ਇੰਤਜ਼ਾਰ ਨੂੰ ਹੋਰ ਵਧਾ ਦਿੱਤਾ।