ਕੌਮੀ ਏਕਤਾ ਦਿਵਸ 'ਤੇ ਵਿਸ਼ੇਸ਼
ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ 31 ਅਕਤੂਬਰ ਨੂੰ ਕੌਮੀ ਏਕਤਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਭਾਜਪਾ ਸਰਕਾਰ ਨੇ 2014 'ਚ ਕੀਤੀ ਸੀ | ਸਵਾਲ ਹੈ ਕਿ, ਕੀ ਇਹ ਸਾਰਥਕ ਸਾਬਤ ਹੋਇਆ ਜਾਂ ਸਿਰਫ਼ ਉਨ੍ਹਾਂ ਦੇ ਨਾਂਅ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਸੀ | ਅੱਜ ਸਮਾਜ ਵਿਚ ਜਦੋਂ ਹਰ ਪਾਸੇ ਪਏ ਵਖਰੇਵੇਂ ਦੇਖਦੇ ਹਾਂ ਤਾਂ ਇਹ ਸਿਰਫ਼ ਇਕ ਰਸਮ ਜਿਹੀ ਜਾਪਦੀ ਹੈ |
ਲੋਹਪੁਰਸ਼ ਬਣਨਾ ਮੁਸ਼ਕਿਲ ਹੈ
ਸਰਦਾਰ ਪਟੇਲ ਕੋਈ ਆਮ ਆਗੂ ਨਹੀਂ ਸਨ, ਸਗੋਂ ਸੱਚ ਇਹ ਹੈ ਕਿ ਉਨ੍ਹਾਂ ਵਰਗੀ ਸੂਝਬੂਝ, ਮੁਸ਼ਕਿਲ ਹਾਲਾਤ 'ਚ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਤੇ ਉਨ੍ਹਾਂ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਲੈਣਾ ਆਸਾਨ ਨਹੀਂ ਹੈ | ਹਰ ਕੋਈ ਜਾਣਦਾ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਸਾਹਮਣੇ ਵੱਡੀਆਂ ਚੁਣੌਤੀਆਂ 'ਚੋਂ ਇਕ ਸੈਂਕੜੇ ਰਿਆਸਤਾਂ ਨੂੰ ਭਾਰਤੀ ਸੰਘ 'ਚ ਸ਼ਾਮਿਲ ਕਰਨਾ ਸੀ | ਵੰਡ ਦੀ ਪੀੜਾ ਤੇ ਅਨਿਸਚਿਤ ਭਵਿੱਖ ਵਿਚਕਾਰ ਪਟੇਲ ਨੇ ਗੱਲਬਾਤ, ਕੂਟਨੀਤੀ ਤੇ ਦਿ੍ੜ੍ਹ ਫ਼ੈਸਲਿਆਂ ਦੇ ਸਹਾਰੇ ਕੌਮੀ ਏਕਤਾ 'ਚ ਫ਼ੈਸਲਾਕੁੰਨ ਭੂਮਿਕਾ ਨਿਭਾਈ | ਵੀ.ਪੀ. ਮੈਨਨ, ਅਧਿਕਾਰੀਆਂ ਤੇ ਹੋਰ ਆਗੂਆਂ ਦਾ ਇਸ ਕਾਰਜ 'ਚ ਅਹਿਮ ਯੋਗਦਾਨ ਸੀ, ਪਰ ਸਰਦਾਰ ਪਟੇਲ ਦੀ ਸੂਝਬੂਝ ਤੇ ਫ਼ੈਸਲਾ ਲੈਣ ਦੀ ਸਮਰੱਥਾ ਮੁੱਖ ਆਧਾਰ ਬਣੇ | ਜੇ ਕਿਸੇ ਕਾਂਗਰਸੀ ਨੇਤਾ ਦੀ ਤੁਲਨਾ ਉਨ੍ਹਾਂ ਨਾਲ ਕੀਤੀ ਜਾਵੇ ਤਾਂ ਉਹ ਸਿਰਫ਼ ਇੰਦਰਾ ਗਾਂਧੀ ਸੀ, ਜੋ ਦਲੇਰਾਨਾ ਫ਼ੈਸਲੇ ਲੈ ਕੇ ਉਲਟ ਸਥਿਤੀਆਂ ਨੂੰ ਵੀ ਆਪਣੇ ਅਨੁਕੂਲ ਬਣਾ ਸਕਦੀ ਸੀ | ਉਨ੍ਹਾਂ ਦੀ ਹੱਤਿਆ ਤੋਂ ਬਾਅਦ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਕੀਤੀ ਗਈ | ਹਜ਼ਾਰਾਂ ਲੋਕਾਂ ਦੀ ਜਾਨ ਗਈ, ਪਰਿਵਾਰ ਉੱਜੜੇ ਤੇ ਘਰ-ਵਪਾਰ ਤਬਾਹ ਹੋ ਗਏ | ਇਸ ਦਾ ਮਤਲਬ ਇਹ ਨਹੀਂ ਕਿ ਦੇਸ਼ ਦੀ ਇਕਜੁੱਟਤਾ ਟੁੱਟ ਗਈ, ਕਿਉਂਕਿ ਦੂਜੇ ਧਰਮਾਂ ਦੇ ਲੋਕਾਂ ਨੇ ਨਿਰਦੋਸ਼ ਸਿੱਖਾਂ ਦੀ ਰੱਖਿਆ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ |
ਜੋ ਵੀ ਹੋਵੇ, ਦੋਵੇਂ ਇਤਿਹਾਸਕ ਘਟਨਾਵਾਂ ਨੂੰ ਯਾਦ ਰੱਖਣਾ ਕੌਮੀ ਏਕਤਾ ਦੇ ਅਰਥ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਮੌਕਾ ਹੈ | ਸਰਦਾਰ ਪਟੇਲ ਦਾ ਜੀਵਨ ਦੱਸਦਾ ਹੈ ਕਿ ਇਕ ਭਿੰਨਤਾਵਾਂ ਭਰੇ ਦੇਸ਼ ਨੂੰ ਜੋੜਨ ਲਈ ਦੂਰਦਿ੍ਸ਼ਟੀ ਤੇ ਮਜ਼ਬੂਤ ਅਗਵਾਈ ਜ਼ਰੂਰੀ ਹਨ | 1984 ਦੀ ਹਿੰਸਾ ਯਾਦ ਦਿਵਾਉਂਦੀ ਹੈ ਕਿ ਰਾਜਨੀਤਕ ਹਿੰਸਾ ਤੇ ਸਮੂਹਿਕ ਬਦਲਾਖੋਰੀ ਨਿਰਦੋਸ਼ ਨਾਗਰਿਕਾਂ ਦੀ ਜ਼ਿੰਦਗੀ, ਸੁਰੱਖਿਆ ਤੇ ਸਮਾਜਿਕ ਵਿਸ਼ਵਾਸ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੇ ਹਨ | ਕਿਸੇ ਵਿਅਕਤੀ ਦੀ ਹੱਤਿਆ ਲਈ ਪੂਰੇ ਭਾਈਚਾਰੇ ਨੂੰ ਜ਼ਿੰਮੇਦਾਰ ਠਹਿਰਾਉਣਾ ਨਿਆਂ ਨਹੀਂ ਹੈ | ਅਪਰਾਧਾਂ ਦੀ ਜ਼ਿੰਮੇਵਾਰੀ ਅਪਰਾਧ ਕਰਨ ਵਾਲਿਆਂ 'ਤੇ ਤੈਅ ਹੋਣੀ ਚਾਹੀਦੀ ਹੈ | ਦੁੱਖ ਦੀ ਗੱਲ ਹੈ ਕਿ ਅੱਜ ਵੀ ਅਦਾਲਤਾਂ 'ਚ ਬਹੁਤ ਮਾਮਲੇ ਲੰਬਿਤ ਪਏ ਹਨ | ਪੀੜਤਾਂ ਨੂੰ ਨਿਆਂ, ਦੋਸ਼ੀਆਂ ਦੀ ਜਵਾਬਦੇਹੀ ਅਤੇ ਪ੍ਰਭਾਵਿਤ ਪਰਿਵਾਰਾਂ ਦਾ ਪੁਨਰਵਾਸ- ਇਹ ਸਾਰੇ ਕੌਮੀ ਏਕਤਾ ਦੇ ਸਵਾਲ ਹਨ |

'ਸਰਦਾਰ' ਦੀ ਉਪਾਧੀ
ਲੋਕਾਂ ਦਾ ਵਿਸ਼ਵਾਸ ਜਿੱਤਣਾ, ਉਨ੍ਹਾਂ ਨੂੰ ਸੰਗਠਿਤ ਕਰਨਾ ਅਤੇ ਅਨੁਸ਼ਾਸਨ ਨਾਲ ਟੀਚੇ ਵੱਲ ਵਧਣਾ ਸਰਦਾਰ ਪਟੇਲ ਦੀਆਂ ਤਰਜੀਹਾਂ ਸਨ | ਬਾਰਦੌਲੀ ਦੇ ਕਿਸਾਨ ਅੰਦੋਲਨ ਪਿੱਛੋਂ ਉਨ੍ਹਾਂ ਨੂੰ 'ਸਰਦਾਰ' ਦੀ ਉਪਾਧੀ ਮਿਲੀ ਸੀ | ਇਹ ਜਨਤਕ ਭਾਵਨਾਵਾਂ ਤੇ ਜਨਤਕ ਵਿਸ਼ਵਾਸ ਦਾ ਪ੍ਰਮਾਣ ਸੀ | ਅੱਜ ਵੀ ਆਮ ਲੋਕ ਆਪਣੇ ਆਗੂਆਂ 'ਚ ਇਹ ਗੁਣ ਦੇਖਦੇ ਹਨ ਤੇ ਜੋ ਇਸ ਕਸੌਟੀ 'ਤੇ ਖ਼ਰਾ ਨਹੀਂ ਉਤਰਦਾ, ਉਸ ਨੂੰ ਮਾਣ-ਸਤਿਕਾਰ ਨਹੀਂ ਮਿਲਦਾ, ਭਾਵੇਂ ਉਹ ਕਿਸੇ ਵੀ ਤਰ੍ਹਾਂ ਪ੍ਰਸਿੱਧ ਹੋਣ ਦਾ ਦਾਅਵਾ ਕਰਦਾ ਹੋਵੇ | ਉਨ੍ਹਾਂ ਦੀ ਕਾਰਜਸ਼ੈਲੀ ਦੀ ਅਹਿਮ ਸਿੱਖਿਆ ਹੈ- ਦਿ੍ੜ੍ਹਤਾ ਤੇ ਜ਼ਿੱਦ 'ਚ ਅੰਤਰ | ਇਕ ਦਿ੍ੜ੍ਹ ਆਗੂ ਆਪਣੇ ਟੀਚਿਆਂ ਬਾਰੇ ਸਪੱਸ਼ਟ ਹੁੰਦਾ ਹੈ ਤੇ ਹਾਲਾਤ ਅਨੁਸਾਰ ਰਸਤਾ ਚੁਣਦਾ ਹੈ | ਜ਼ਿੱਦੀ ਆਗੂ ਅਕਸਰ ਆਪਣੇ ਤਰੀਕੇ ਨੂੰ ਹੀ ਸਹੀ ਮੰਨਦਾ ਹੈ | ਸਰਦਾਰ ਪਟੇਲ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸਮੱਸਿਆ ਨੂੰ ਸਮਝ ਕੇ ਵਿਹਾਰਕ ਹੱਲ ਲੱਭਦੇ ਸਨ ਅਤੇ ਲੋੜ ਪੈਣ 'ਤੇ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਦੇ ਸਨ | ਅੱਜ ਜ਼ਿੱਦ ਨੂੰ ਬਿਨਾਂ ਕਿਸੇ ਤਰਕਪੂਰਨ ਆਧਾਰ ਜਾਂ ਭਰੋਸੇਯੋਗਤਾ ਦੇ ਆਪਣੇ ਟੀਚੇ ਪ੍ਰਾਪਤ ਕਰਨ ਦਾ ਰਸਤਾ ਮੰਨ ਲਿਆ ਜਾਂਦਾ ਹੈ, ਜੋ ਕਦੇ ਵੀ ਸਫਲਤਾ ਦਾ ਮਾਪਦੰਡ ਨਹੀਂ ਬਣਦਾ | ਉਦਾਹਰਨ ਵਜੋਂ ਪਟੇਲ ਤੇ ਨਹਿਰੂ ਵਿਚਕਾਰ ਮਤਭੇਦ ਸਨ, ਪਰ ਉਹ ਕਦੇ ਵੀ ਇਕ-ਦੂਜੇ ਦੇ ਵਿਰੋਧੀ ਨਹੀਂ ਸਨ | ਪਟੇਲ ਨੂੰ ਵੱਡਾ ਦਿਖਾਉਣ ਲਈ ਨਹਿਰੂ ਨੂੰ ਛੋਟਾ ਕਰਨਾ ਜਾਂ ਨਹਿਰੂ ਦੀ ਪ੍ਰਸੰਸਾ 'ਚ ਪਟੇਲ ਦੇ ਯੋਗਦਾਨ ਨੂੰ ਘਟਾਉਣਾ, ਦੋਵੇਂ ਹੀ ਇਤਿਹਾਸ ਨੂੰ 'ਰਾਜਨੀਤਕ ਐਨਕਾਂ' ਰਾਹੀਂ ਦੇਖਣ ਵਾਲੀਆਂ ਗੱਲਾਂ ਹੋਣਗੀਆਂ | ਦੇਸ਼ ਦਾ ਇਤਿਹਾਸ ਕਿਸੇ ਇਕ ਪਾਰਟੀ ਜਾਂ ਇਕ ਆਗੂ ਦੀ ਨਿੱਜੀ ਜਾਇਦਾਦ ਨਹੀਂ ਹੈ |
ਸਿਰਫ਼ ਰਸਮੀ ਕਾਰਵਾਈ ਨਹੀਂ
ਕੌਮੀ ਏਕਤਾ ਦਿਵਸ ਮੌਕੇ ਸਹੁੰ ਚੁੱਕਣਾ ਹੀ ਕਾਫ਼ੀ ਨਹੀਂ, ਸਗੋਂ ਇਹ ਹੋਣਾ ਚਾਹੀਦਾ ਹੈ ਕਿ ਸਰਕਾਰੀ ਜਾਂ ਗ਼ੈਰ-ਰਾਜਨੀਤਕ ਸੰਗਠਨ ਸੰਕਲਪ ਲੈਣ ਕਿ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਹੋਵੇਗੀ, ਕਾਨੂੰਨ ਸਭ 'ਤੇ ਬਰਾਬਰ ਲਾਗੂ ਹੋਵੇਗਾ ਅਤੇ ਰਾਜਨੀਤਕ ਜਾਂ ਸਮਾਜਿਕ ਤਣਾਅ ਸਮੇਂ ਲੀਡਰਸ਼ਿਪ ਹਿੰਸਾ ਨੂੰ ਰੋਕਣ ਤੇ ਸ਼ਾਂਤੀ ਬਣਾਈ ਰੱਖਣ ਲਈ ਜ਼ਿੰਮੇਵਾਰੀ ਨਾਲ ਕੰਮ ਕਰੇਗੀ | ਏਕਤਾ ਦਾ ਮਤਲਬ ਇਹ ਨਹੀਂ ਹੈ ਕਿ ਹਰ ਕੋਈ ਇਕੋ ਜਿਹਾ ਸੋਚੇ | ਏਕਤਾ ਦਾ ਮਤਲਬ ਹੈ ਕਿ ਮਤਭੇਦਾਂ ਦੇ ਬਾਵਜੂਦ ਅਸੀਂ ਇਕ-ਦੂਜੇ ਦੇ ਅਧਿਕਾਰਾਂ ਤੇ ਸੁਰੱਖਿਆ ਦਾ ਸਤਿਕਾਰ ਕਰੀਏ |
ਅੱਜ ਦੇ ਆਗੂਆਂ ਅੱਗੇ ਵੀ ਪਟੇਲ ਦੇ ਜੀਵਨ ਨਾਲ ਜੁੜੇ ਕੁਝ ਬੁਨਿਆਦੀ ਸਵਾਲ ਹਨ- ਕੀ ਉਹ ਮੁਸ਼ਕਿਲ ਫ਼ੈਸਲੇ ਲੈਣ ਤੋਂ ਪਹਿਲਾਂ ਲੋੜੀਂਦੀ ਜਾਣਕਾਰੀ ਇਕੱਠੀ ਕਰਦੇ ਹਨ? ਕੀ ਉਨ੍ਹਾਂ ਕੋਲ ਵਿਰੋਧੀ ਵਿਚਾਰ ਸੁਣਨ ਦਾ ਸਬਰ ਹੈ? ਕੀ ਉਹ ਰਾਸ਼ਟਰੀ ਹਿੱਤ ਨੂੰ ਤੁਰੰਤ ਰਾਜਨੀਤਕ ਲਾਭ ਤੋਂ ਉੱਪਰ ਰੱਖਦੇ ਹਨ? ਕੀ ਉਹ ਸੰਸਥਾਵਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਆਪਣੇ ਫ਼ੈਸਲਿਆਂ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ? ਇਕ ਮਜ਼ਬੂਤ ਵਿਅਕਤੀ ਉਹ ਨਹੀਂ, ਜੋ ਕਦੇ ਆਪਣੀ ਰਾਇ ਨਾ ਬਦਲੇ, ਸਗੋਂ ਉਹ ਹੈ ਜੋ ਤੱਥਾਂ ਨੂੰ ਸਮਝੇ, ਸਮਝਦਾਰੀ ਨਾਲ ਫ਼ੈਸਲੇ ਲਵੇ ਅਤੇ ਆਪਣੇ ਫ਼ੈਸਲਿਆਂ ਦੇ ਨਤੀਜਿਆਂ ਦਾ ਸਾਹਮਣਾ ਕਰੇ |
ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਉਨ੍ਹਾਂ ਦੀ ਜਨਮ ਵਰ੍ਹੇਗੰਢ ਮਨਾਉਣ, ਮੂਰਤੀਆਂ ਬਣਾਉਣ ਜਾਂ ਭਾਸ਼ਨਾਂ 'ਚ ਉਨ੍ਹਾਂ ਦੇ ਨਾਂਅ ਲੈਣ ਨਾਲ ਨਹੀਂ ਹੋਵੇਗੀ | ਕੌਮੀ ਏਕਤਾ ਦਿਵਸ ਤਾਂ ਹੀ ਸਾਰਥਕ ਹੋਵੇਗਾ, ਜਦੋਂ ਇਸ ਦੀ ਭਾਵਨਾ ਸਾਡੇ ਰਾਜਨੀਤਕ ਵਿਵਹਾਰ, ਸਮਾਜਿਕ ਸੰਬੰਧਾਂ ਅਤੇ ਨਾਗਰਿਕ ਫ਼ਰਜ਼ਾਂ 'ਚ ਦਿਖਾਈ ਦੇਵੇ | ਏਕਤਾ ਦਿਵਸ ਮਨਾਉਣਾ ਆਸਾਨ ਹੈ, ਪਰ ਮਤਭੇਦਾਂ ਦੇ ਬਾਵਜੂਦ ਵਿਸ਼ਵਾਸ ਬਣਾਈ ਰੱਖਣਾ ਮੁਸ਼ਕਿਲ ਹੈ | ਇਨ੍ਹਾਂ ਦੋਵੇਂ ਮੁਸ਼ਕਿਲ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੀ ਸਰਦਾਰ ਪਟੇਲ ਦੀ ਵਿਰਾਸਤ ਦਾ ਅਸਲ ਸਨਮਾਨ ਹੈ |
Email: pooranchandsarin@gmail.com