ਅੱਜ ਲਈ ਵਿਸ਼ੇਸ਼
ਬਾਬਾ ਫ਼ਰੀਦ ਆਗਮਨ ਪੁਰਬ ਫ਼ਰੀਦਕੋਟ ਦੇ ਸੱਭਿਆਚਾਰਕ ਕੈਲੰਡਰ ਵਿਚ ਉੱਘੜਵੀਆਂ ਮਿਤੀਆਂ ਹਨ- 21, 22 ਤੇ 23 ਸਤੰਬਰ | ਇਨ੍ਹਾਂ ਦਿਨਾਂ ਨੂੰ ਫ਼ਰੀਦਕੋਟ ਨਗਰ ਨਿਵਾਸੀ ਅੱਡੀਆਂ ਚੁੱਕ-ਚੁੱਕ ਉਡੀਕਦੇ ਹਨ | ਇਹ ਮੇਲਾ 12ਵੀਂ ਸਦੀ ਦੇ ਚਿਸ਼ਤੀ ਸੂਫ਼ੀ ਫਕੀਰ ਬਾਬਾ ਸ਼ੇਖ਼ ਫ਼ਰੀਦ ਜੀ ਦੇ ਫ਼ਰੀਦਕੋਟ ਨਗਰ ਵਿਚ ਆਗਮਨ ਦੀ ਖ਼ੁਸ਼ੀ 'ਚ ਲੱਗਦਾ ਹੈ, ਜੋ 1215 ਈਸਵੀ ਵਿਚ ਆਪਣੇ ਪੀਰ ਮੁਰਸ਼ਦ ਖੁਆਜਾ ਕਾਕੀ ਜੀ ਨੂੰ ਮਿਲਣ ਉਪਰੰਤ ਪਾਕਪਟਨ ਜਾ ਰਹੇ ਸਨ | ਦਿੱਲੀ ਤੋਂ ਹਾਜੀ ਹਿਸਾਰ ਦੇ ਮਾਰਗ ਰਾਹੀਂ ਪਾਕਪਟਨ ਨੂੰ ਜਾਂਦਿਆਂ 40-45 ਦਿਨ ਬਾਬਾ ਜੀ ਨੇ ਇਸ ਨਗਰੀ ਵਿਚ ਵਿਸ਼ਰਾਮ ਕੀਤਾ ਸੀ | ਉਨ੍ਹਾਂ ਦਿਨਾਂ ਵਿਚ ਇਸ ਨਗਰੀ ਦਾ ਨਾਂਅ ਰਾਜਪੂਤ ਮੋਕਲ ਸੀਹ ਦੇ ਨਾਂਅ ਉਪਰ 'ਮੋਕਲ ਹਰ' ਹੁੰਦਾ ਸੀ, ਜੋ ਫ਼ਰੀਦ ਜੀ ਦੇ ਨਾਂਅ ਨਾਲ ਜੁੜ ਕੇ ਫ਼ਰੀਦਕੋਟ ਹੋ ਗਿਆ | ਬਾਬਾ ਫ਼ਰੀਦ ਜੀ ਦੇ ਪਾਕਪਟਨ ਜਾਣ ਉਪਰੰਤ ਉਨ੍ਹਾਂ ਦੀ ਯਾਦ 'ਚ ਸ਼ਾਹੀ ਕਿਲੇ੍ਹ ਦੇ ਸਾਹਮਣੇ ਇਕ ਦਰਗਾਹ ਬਣ ਗਈ, ਜਿੱਥੇ ਕੋਈ ਮੁਸਲਮਾਨ ਸ਼ਰਧਾਲੂ ਬੈਠ ਕੇ ਆਮ ਲੋਕਾਂ ਦੀਆਂ ਬੇਨਤੀਆਂ ਸੁਣਦਾ ਸੀ | 1947 'ਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸ਼ਹਿਰ ਦੀ ਮੁਸਲਿਮ ਆਬਾਦੀ ਤਾਂ ਪਾਕਿਸਤਾਨ ਚਲੀ ਗਈ ਤੇ ਫ਼ਰੀਦ ਜੀ ਦੇ ਇਸ ਅਸਥਾਨ ਦੀ ਸੇਵਾ-ਸੰਭਾਲ ਸਿੱਖੀ ਸੂਰਤ ਵਾਲੇ ਇਕ ਮਹੰਤ ਨੇ ਸਾਂਭ ਲਈ ਸੀ | ਉਸ ਸਮੇਂ ਇੰਦਰਜੀਤ ਸਿੰਘ ਖ਼ਾਲਸਾ ਐਡਵੋਕੇਟ ਅੱਗੇ ਆਏ ਤੇ ਇਕ ਸਾਬਤ ਸੂਰਤ ਗੁਰਸਿੱਖ ਦਾ ਫ਼ਰਜ਼ ਨਿਭਾਉਂਦਿਆਂ ਦਰਗਾਹ ਦੀ ਸੇਵਾ ਸੰਭਾਲ ਦਾ ਜ਼ਿੰਮਾ ਚੁੱਕ ਲਿਆ | ਉਨ੍ਹਾਂ ਬਾਬਾ ਫ਼ਰੀਦ ਜੀ ਦੇ ਨਾਲ ਸੰਬੰਧਿਤ ਗੁਰਦੁਆਰਿਆਂ ਤੇ ਹੋਰ ਵਿੱਦਿਅਕ ਸੰਸਥਾਵਾਂ ਦਾ ਨਿਰਮਾਣ ਕਰਵਾਇਆ | ਉਹ ਜਾਣਦੇ ਸਨ ਕਿ ਸੂਫੀਵਾਦ ਤੇ ਗੁਰਸਿੱਖੀ ਦਾ ਪੱਕਾ ਰਿਸ਼ਤਾ ਹੈ, ਫ਼ਰੀਦ ਜੀ ਦੀ ਬਾਣੀ (4 ਸ਼ਬਦ ਤੇ 112 ਸਲੋਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸੰਕਲਿਤ ਹਨ |

ਬਾਬਾ ਫ਼ਰੀਦ ਜੀ ਦੇ ਆਗਮਨ ਨੂੰ ਇਕ ਪੁਰਬ ਵਜੋਂ ਪਹਿਲੀ ਵਾਰ 21, 22 ਤੇ 23 ਸਤੰਬਰ ਨੂੰ ਉੱਤਰੀ ਖੇਤਰ ਸੱਭਿਆਚਾਰ ਕੇਂਦਰ ਵਲੋਂ ਸਰਕਾਰੀ ਪੱਧਰ 'ਤੇ ਮਨਾਇਆ ਗਿਆ ਸੀ ਤੇ ਇਸ ਸਮਾਗਮ ਦੌਰਾਨ ਰਾਜੀਵ-ਲੌਂਗੋਵਾਲ ਸਮਝੌਤੇ ਦੀ ਪੁਸ਼ਟੀ ਹੋਈ ਸੀ | 1986 ਤੋਂ ਬਾਅਦ ਹੁਣ ਤੱਕ ਇਹ ਮੇਲਾ ਪਿਛਲੇ 40 ਵਰਿ੍ਹਆਂ ਤੋਂ ਨਿਰੰਤਰ ਮਨਾਇਆ ਜਾ ਰਿਹਾ ਹੈ | ਬਾਬਾ ਫ਼ਰੀਦ ਆਗਮਨ ਪੁਰਬ ਦੀ 40ਵੀਂ ਵਰੇ੍ਹਗੰਢ ਅੱਜ ਹੈ | ਇਹ ਮੇਲਾ ਸੰਨ 1986 ਵਿਚ ਪਹਿਲੀ ਵਾਰ ਰਾਜ ਪੱਧਰ 'ਤੇ ਪੰਜਾਬ ਸਰਕਾਰ ਵਲੋਂ ਮਨਾਇਆ ਗਿਆ, ਜਦੋਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਸਨ ਤੇ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਸੀ | ਪੰਜਾਬ ਸਰਕਾਰ ਨੇ ਸੂਬੇ ਅੰਦਰ ਅਮਨ ਸਥਾਪਿਤ ਕਰਨ ਲਈ ਸੂਬੇ ਦੇ ਬੁੱਧੀਜੀਵੀਆਂ, ਲੇਖਕਾਂ ਤੇ ਕਲਾਕਾਰਾਂ ਨੂੰ ਲੈ ਕੇ ਇਹ ਫ਼ੈਸਲਾ ਲਿਆ ਕਿ ਆਪਸੀ ਪਿਆਰ, ਭਾਈਚਾਰਕ ਸਾਂਝ, ਅਮਨ ਸ਼ਾਂਤੀ ਲਈ ਇੱਥੇ ਸੱਭਿਆਚਾਰਕ ਖੇਡਾਂ ਤੇ ਧਾਰਮਿਕ ਮੇਲਿਆਂ ਦੀ ਸ਼ੁਰੂਆਤ ਕੀਤੀ ਜਾਵੇ | ਪੰਜਾਬ ਦੇ ਤਤਕਾਲੀ ਰਾਜਪਾਲ ਸਿਧਾਰਥ ਸ਼ੰਕਰ ਰਾਏ ਨੇ ਖ਼ੁਦ ਇਨ੍ਹਾਂ ਮੇਲਿਆਂ ਦੀ ਰੂਪ-ਰੇਖਾ ਤਿਆਰ ਕੀਤੀ | ਸਭ ਤੋਂ ਪਹਿਲਾ ਮੇਲਾ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਨਾਂਅ 'ਤੇ ਲਗਾਉਣ ਦੀ ਸਹਿਮਤੀ ਬਣੀ ਤੇ ਫ਼ਰੀਦਕੋਟ ਸ਼ਹਿਰ ਨੂੰ ਚੁਣਿਆ ਗਿਆ | ਫ਼ਰੀਦਕੋਟ ਮਾਲਵੇ ਦੀ ਉਹ ਮੁਕੱਦਸ ਧਰਤੀ ਹੈ, ਜਿਸ ਨੂੰ ਬਾਬਾ ਸ਼ੇਖ਼ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਹੈ | ਬਾਬਾ ਫ਼ਰੀਦ ਜੀ ਦਾ ਫ਼ਰੀਦਕੋਟ ਆਉਣਾ ਤੇ ਇੱਥੇ ਕੁਝ ਦਿਨ ਰੁਕਣਾ ਇਸ ਸ਼ਹਿਰ ਲਈ ਵਰਦਾਨ ਸਾਬਿਤ ਹੋਇਆ | ਇਸ ਸ਼ਹਿਰ ਦੇ ਰਾਜਾ ਮੁਕਲ ਨੇ ਸ਼ੇਖ਼ ਫ਼ਰੀਦ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਇਸ ਸ਼ਹਿਰ ਦਾ ਨਾਂਅ ਮੋਕਲ ਹਰ ਤੋਂ ਫ਼ਰੀਦਕੋਟ ਰੱਖ ਦਿੱਤਾ |
ਬਾਬਾ ਫ਼ਰੀਦ ਜੀ ਦੀ ਇਸ ਨਗਰ 'ਤੇ ਵਿਸ਼ੇਸ਼ ਬਖ਼ਸ਼ਿਸ਼ ਰਹੀ ਹੈ, ਇਥੋਂ ਦੇ ਲੋਕ ਹਿੰਦੂ, ਸਿੱਖ, ਮੁਸਲਮਾਨ, ਇਸਾਈ ਸਭ ਇਸ ਸੂਫ਼ੀ ਫ਼ਕੀਰ ਦੇ ਮੁਰੀਦ ਹਨ ਅਤੇ ਪਿਆਰ, ਸਾਂਝੀਵਾਲਤਾ ਤੇ ਮਿਲਵਰਤਣ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦੇ ਹਨ | ਇਸ ਪਵਿੱਤਰ ਸਥਾਨ 'ਤੇ ਦੇਸ਼ ਦੀ ਵੰਡ ਸਮੇਂ ਤੇ ਦਹਿਸ਼ਤਵਾਦ ਦੇ ਸਮਿਆਂ ਦੌਰਾਨ ਵੀ ਲੋਕਾਂ 'ਚ ਕਦੇ ਧਰਮ ਤੇ ਜਾਤ ਦੇ ਨਾਂਅ 'ਤੇ ਹਿੰਸਾ ਨਹੀਂ ਹੋਈ ਅਤੇ ਫਿਰਕੂ ਏਕਤਾ ਤੇ ਸਦਭਾਵਨਾ ਉਨ੍ਹਾਂ ਦੀ ਹਮੇਸ਼ਾ ਜੀਵਨਸ਼ੈਲੀ ਬਣੀ ਰਹੀ ਹੈ | ਪੰਜਾਬ ਸਰਕਾਰ ਨੇ ਇਹ ਮੇਲਾ ਉਨ੍ਹਾਂ ਦੇ ਆਗਮਨ ਵਾਲੇ ਦਿਨ 19 ਸਤੰਬਰ ਤੋਂ ਆਰੰਭ ਕੀਤਾ, ਜੋ 23 ਸਤੰਬਰ ਤੱਕ ਚੱਲਿਆ ਤੇ ਧਾਰਮਿਕ ਸਮਾਗਮ ਤੋਂ ਬਾਅਦ ਸਮਾਪਤ ਹੋਇਆ | ਇਸ ਤੋਂ ਪਹਿਲਾਂ ਬਾਬਾ ਫ਼ਰੀਦ ਮੇਲਾ 1969 ਤੋਂ ਸ਼ੁਰੂ ਹੋ ਚੁੱਕਿਆ ਸੀ, ਜੋ ਬਾਬਾ ਫ਼ਰੀਦ ਸੁਸਾਇਟੀ ਦੇ ਬਾਨੀ ਪ੍ਰਧਾਨ ਇੰਦਰਜੀਤ ਸਿੰਘ ਸੇਖੋਂ ਇਕ ਦਿਨ ਲਈ ਮਨਾਇਆ ਕਰਦੇ ਸਨ | ਪੰਜਾਬ ਸਰਕਾਰ ਨੇ 1986 ਵਿਚ ਇਸ ਮੇਲੇ ਦਾ ਨਾਂਅ ਬਾਬਾ ਫ਼ਰੀਦ ਆਗਮਨ ਪੁਰਬ ਰੱਖਿਆ ਤੇ ਮੇਲੇ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਨੂੰ ਦਿੱਤੀ, ਫ਼ਰੀਦਕੋਟ ਪ੍ਰਸ਼ਾਸਨ ਨੇ ਇਹ ਮੇਲਾ ਕੋਆਰਡੀਨੇਟ ਕਰਦਿਆਂ ਮੇਲਾ 21 ਸਤੰਬਰ ਤੋਂ 23 ਸਤੰਬਰ ਤੱਕ ਮਨਾਉਣ ਦਾ ਫ਼ੈਸਲਾ ਲਿਆ | ਮੇਲੇ ਲਈ ਕਿਲ੍ਹਾ ਮੁਬਾਰਕ ਫ਼ਰੀਦਕੋਟ ਵਿਖੇ ਪੁਰਾਤਨ ਸ਼ਹਿਰ ਦਾ ਦਿ੍ਸ਼ ਤਿਆਰ ਕੀਤਾ ਗਿਆ | ਇਹ ਮੇਲਾ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ ਹੋਇਆ, ਰਾਤ ਸਮੇਂ ਕਵੀ ਦਰਬਾਰ, ਨਾਟਕ, ਮੁਸ਼ਾਇਰਾ ਤੇ ਗਾਇਕਾਂ ਨੇ ਖ਼ੂੂਬ ਰੰਗ ਬੰਨਿ੍ਹਆ | ਸੈਮੀਨਾਰ ਤੇ ਪੇਂਡੂ ਖੇਡਾਂ ਵੀ ਮੇਲੇ ਦਾ ਮੁੱਖ ਅਕਰਸ਼ਨ ਸਨ |
ਉਸ ਤੋਂ ਬਾਅਦ ਇਹ ਮੇਲਾ ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਿਲ ਕਰ ਗਿਆ | ਮੇਲਾ ਦੇਖਣ ਲਈ ਹਰ ਸਾਲ ਲੋਕ ਦੇਸ਼-ਵਿਦੇਸ਼ ਤੋਂ ਆਉਂਦੇ ਹਨ | ਮੇਲਾ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਦੇ ਹੱਥ ਆ ਗਿਆ ਤੇ ਧਾਰਮਿਕ ਸਮਾਗਮਾਂ ਦੀ ਜ਼ਿੰਮੇਵਾਰੀ ਬਾਬਾ ਫ਼ਰੀਦ ਸੁਸਾਇਟੀ ਨੇ ਸੰਭਾਲ ਲਈ | ਮੇਲਾ 3 ਦਿਨ ਤੋਂ ਵਧਾ ਕੇ 5 ਦਿਨ ਦਾ ਹੋ ਗਿਆ ਤੇ 19 ਸਤੰਬਰ ਤੋਂ 23 ਸਤੰਬਰ ਤੱਕ ਪ੍ਰਸ਼ਾਸਨ ਤੇ ਬਾਬਾ ਫ਼ਰੀਦ ਸੁਸਾਇਟੀ ਨੇ ਲੋਕਾਂ ਦੇ ਸਹਿਯੋਗ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ | ਇਸ ਵਾਰ ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ ਵਲੋਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ 15 ਸਤੰਬਰ ਤੋਂ ਕਰ ਦਿੱਤੀ ਗਈ ਹੈ | ਸੁਖਮਨੀ ਸਾਹਿਬ ਦੇ ਪਾਠਾਂ ਨਾਲ ਧਾਰਮਿਕ ਸਮਾਗਮਾਂ ਦਾ ਆਗਾਜ਼ ਹੋ ਚੁੱਕਾ ਹੈ, 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਟਿੱਲਾ ਬਾਬਾ ਫ਼ਰੀਦ ਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਰੋਜ਼ਾਨਾ ਸਵੇਰੇ ਤੇ ਸ਼ਾਮ ਦੇ ਦੀਵਾਨਾਂ ਵਿਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਰਾਗੀ ਤੇ ਕਥਾਵਾਚਕ ਜਥੇ ਸੰਗਤਾਂ ਨੂੰ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕਰਨਗੇ | ਸੰਸਥਾਵਾਂ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਅਨੁਸਾਰ 23 ਸਤੰਬਰ, 2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਨਗਰ ਕੀਰਤਨ ਟਿੱਲਾ ਬਾਬਾ ਫ਼ਰੀਦ ਤੋਂ ਆਰੰਭ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਪਹੁੰਚਣ 'ਤੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ | ਇਸ ਵਾਰ ਵੀ ਸੁਸਾਇਟੀ ਵਲੋਂ ਮਨੁੱਖਤਾ ਦੀ ਸੇਵਾ ਲਈ ਭਗਤ ਪੂਰਨ ਸਿੰਘ ਐਵਾਰਡ ਤੇ ਸਵ: ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ ਖੇਡਾਂ, ਸੱਭਿਆਚਾਰ ਤੇ ਪੜ੍ਹਾਈ 'ਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਜਾਣਗੇ | ਇਸ ਆਗਮਨ ਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤ ਬਾਬਾ ਜੀ ਦੇ ਦਰਬਾਰ 'ਚ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਾਪਤ ਕਰੇਗੀ |
-ਇੰਚਾਰਜ ਉਪ ਦਫ਼ਤਰ, ਫ਼ਰੀਦਕੋਟ |
ਮੋਬਾਈਲ : 98145-53988