17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਿਆਸੀ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ

Ad Position 21
No active advertisement
ਅਜੀਤ ਡੈਸਕ 30-01-2026

ਅਸਰ ਨਾ ਹੋ ਜੋ ਦਿਲ ਪੇ ਤੋ ਵੋ ਸਹਾਫ਼ਤ ਕਯਾ ਹੈ,
ਸਮਝ ਮੇਂ ਸਾਫ਼ ਆ ਜਾਏ ਤੋ ਸਿਆਸਤ ਕਯਾ ਹੈ।

ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਆ ਰਹੇ ਹਨ। ਉਂਝ ਤਾਂ ਪ੍ਰਧਾਨ ਮੰਤਰੀ ਦਾ ਦੌਰਾ ਸਵਾਗਤਯੋਗ ਹੈ, ਪਰ ਇਸ ਵੇਲੇ ਚਰਚਾ ਇਸ ਦੇ ਰਾਜਨੀਤਕ ਅਰਥ ਸਮਝਣ ਦੀ ਵੀ ਚੱਲ ਰਹੀ ਹੈ। ਸੱਚ ਤਾਂ ਇਹੀ ਹੈ ਕਿ ਕਿਸੇ ਰਾਜਨੀਤੀਵਾਨ ਦੇ ਕਿਸੇ ਵੀ ਕਦਮ ਦੇ ਅਨੇਕਾਂ ਹੀ ਅਰਥ ਹੁੰਦੇ ਹਨ ਤੇ ਉਸ ਦਾ ਅਸਲ ਨਿਸ਼ਾਨਾ ਕੀ ਹੈ, ਉਸ ਨੂੰ ਸਮਝਣਾ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਪਰ ਫਿਰ ਵੀ ਜੋ ਸਰਗੋਸ਼ੀਆਂ ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਸ਼ਾਮ ਦੇ 4 ਵਜੇ ਗੁਰੂ ਰਵਿਦਾਸ ਜੀ ਦੀ ਜਨਮ ਜੈਅੰਤੀ ਮੌਕੇ ਡੇਰਾ ਬੱਲਾਂ ਪਹੁੰਚ ਰਹੇ ਹਨ। ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ, ਜੋ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਸੀਰ ਗੋਵਰਧਨਪੁਰ (ਉੱਤਰ ਪ੍ਰਦੇਸ਼) ਜੋ ਪ੍ਰਧਾਨ ਮੰਤਰੀ ਦੇ ਹੀ ਲੋਕ ਸਭਾ ਹਲਕੇ ਵਿਚ ਪੈਂਦਾ ਹੈ, ਦੇ ਵੀ ਮੁਖੀ ਹਨ। ਉਹ ਉਸ ਦਿਨ ਜਨਮ ਸਥਾਨ 'ਤੇ ਪਹੁੰਚੇ ਹੋਣਗੇ। ਹੋ ਸਕਦਾ ਹੈ ਕਿ ਉਹ ਵੀ ਜਹਾਜ਼ ਰਾਹੀਂ ਸ਼ਾਮ ਦੇ 4 ਵਜੇ ਤੱਕ ਡੇਰਾ ਬੱਲਾਂ ਪਹੁੰਚ ਜਾਣ। ਗੌਰਤਲਬ ਹੈ ਕਿ ਇਸ ਦੌਰੇ ਤੋਂ ਐਨ ਪਹਿਲਾਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਵਲੋਂ ਪਦਮ ਇਨਾਮਾਂ ਲਈ ਭੇਜੇ ਨਾਵਾਂ ਦੀ ਲਿਸਟ ਨਕਾਰ ਕੇ ਜਿਹੜੇ 3 ਪੰਜਾਬੀਆਂ ਨੂੰ ਪਦਮ ਐਵਾਰਡ ਦੇਣ ਲਈ ਚੁਣਿਆ ਹੈ, ਉਨ੍ਹਾਂ ਵਿਚ ਸੰਤ ਨਿਰੰਜਣ ਦਾਸ ਜੀ ਦਾ ਨਾਂਅ ਵੀ ਸ਼ਾਮਿਲ ਹੈ।
ਹੁਣ ਜਦੋਂ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤਾਂ ਇਸ ਸਨਮਾਨ ਤੋਂ ਇਕਦਮ ਪਿਛੋਂ ਪ੍ਰਧਾਨ ਮੰਤਰੀ ਦੇ ਖੁਦ ਡੇਰਾ ਬੱਲਾਂ ਦੇ ਮੁਖੀ ਨੂੰ ਮਿਲਣ ਲਈ ਪਹੁੰਚਣ ਦੇ ਕਈ ਰਾਜਨੀਤਕ ਅਰਥ ਲਏ ਜਾ ਰਹੇ ਹਨ। ਬੇਸ਼ੱਕ ਪ੍ਰਧਾਨ ਮੰਤਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾ ਭੇਟ ਕਰਨ ਲਈ ਆ ਰਹੇ ਹੋਣਗੇ, ਪਰ ਇਸ ਦੇ ਰਾਜਨੀਤਕ ਅਰਥਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੌਰਤਲਬ ਹੈ ਕਿ ਪੰਜਾਬ ਵਿਚ ਕਰੀਬ 33 ਫ਼ੀਸਦੀ ਦਲਿਤ ਵੋਟ ਹਨ, ਜਿਸ ਵਿਚ ਵੱਡੀ ਗਿਣਤੀ 'ਚ ਰਵਿਦਾਸੀਆ ਭਾਈਚਾਰੇ ਦੀ ਹੈ। ਉੱਤਰ ਪ੍ਰਦੇਸ਼ ਵਿਚ ਵੀ ਦਲਿਤ ਭਾਈਚਾਰੇ ਦੀ ਕਰੀਬ 21 ਫ਼ੀਸਦੀ ਵੋਟ ਹੈ। ਆਮ ਤੌਰ 'ਤੇ ਪੰਜਾਬ ਵਿਚ ਪ੍ਰਭਾਵ ਹੈ ਕਿ ਰਵਿਦਾਸੀਆ ਭਾਈਚਾਰਾ ਜ਼ਿਆਦਾ ਕਾਂਗਰਸ ਵੱਲ ਜਾਂਦਾ ਹੈ, ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਕਾਫੀ ਹੱਦ ਤੱਕ 'ਆਪ' ਵੱਲ ਵੀ ਝੁਕਿਆ ਸੀ। ਇਸ ਦੌਰੇ ਦੇ ਰਾਜਨੀਤਕ ਪ੍ਰਭਾਵਾਂ ਦੀ ਚਰਚਾ ਇਸ ਲਈ ਵੀ ਜ਼ਿਆਦਾ ਹੈ, ਕਿਉਂਕਿ ਇਸ ਦੌਰੇ ਤੋਂ ਕਰੀਬ 2 ਮਹੀਨੇ ਪਹਿਲਾਂ ਡੇਰਾ ਬੱਲਾਂ ਦੇ ਮੁਖੀ ਦੀ ਦਿੱਲੀ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਹੋਈ ਸੀ, ਜਿਸ ਵਿਚ ਪੰਜਾਬ ਭਾਜਪਾ ਦੇ ਵੱਡੇ ਨੇਤਾ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਅਵਿਨਾਸ਼ ਚੰਦਰ ਦੇ ਹਾਜ਼ਰ ਹੋਣ ਦੀ ਵੀ ਚਰਚਾ ਹੁੰਦੀ ਰਹੀ ਹੈ।
ਸਮਝਿਆ ਜਾਂਦਾ ਹੈ ਕਿ ਰਵਿਦਾਸੀਆ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਲਈ ਭਾਜਪਾ ਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਜ਼ੋਰ ਲਾ ਰਹੀਆਂ ਹਨ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਚੋਣ ਲੜਾਈ ਸ਼ੁਰੂ ਹੋਣ ਤੋਂ ਬਾਅਦ ਹੀ 6 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੇ ਤਪੋ ਅਸਥਾਨ ਖੁਰਾਲਗੜ੍ਹ (ਹੁਸ਼ਿਆਰਪੁਰ) ਵਿਖੇ 151 ਫੁੱਟ ਉੱਚੇ ਮਿਨਾਰ-ਏ-ਬੇਗ਼ਮਪੁਰਾ ਦਾ ਵੀ ਉਦਘਾਟਨ ਕਰ ਰਹੇ ਹਨ।
ਖ਼ੈਰ ਇਸ ਦੌਰੇ ਦੇ ਰਾਜਨੀਤਕ ਅਰਥ ਤਾਂ ਆਪਣੀ ਜਗ੍ਹਾ ਹਨ, ਪਰ ਕੁਝ ਲੋਕ ਇਸ ਨੂੰ ਇਸ ਤੋਂ ਵੀ ਅੱਗੇ ਹਿੰਦੂ ਰਾਸ਼ਟਰ ਦੀ ਪ੍ਰਾਪਤੀ ਲਈ ਇਕ ਕਦਮ ਵਜੋਂ ਵੀ ਦੇਖਦੇ ਹਨ, ਕਿਉਂਕਿ ਇਹ ਆਰ.ਐਸ.ਐਸ. ਦਾ ਸੁਪਨਾ ਹੈ ਤੇ ਪ੍ਰਧਾਨ ਮੰਤਰੀ ਆਪਣੇ-ਆਪ ਨੂੰ ਸ਼ਰੇਆਮ ਆਰ.ਐਸ.ਐਸ. ਦਾ ਪ੍ਰਚਾਰਕ ਦੱਸਣ 'ਤੇ ਮਾਣ ਕਰਦੇ ਹਨ। ਇਸ ਸੰਦਰਭ ਵਿਚ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਰਵਿਦਾਸੀਆ ਭਾਈਚਾਰੇ ਨੂੰ ਹਿੰਦੂ ਧਰਮ ਨਾਲ ਜੋੜਨ ਦੀ ਇਕ ਪਹਿਲ ਵਜੋਂ ਵੀ ਦੇਖਿਆ ਜਾ ਰਿਹਾ ਹੈ। ਬੇਸ਼ੱਕ ਇਹ ਗੱਲ ਸੱਚ ਨਾ ਵੀ ਹੋਵੇ, ਪਰ ਇਸ ਦੀ ਚਰਚਾ ਤਾਂ ਜ਼ਰੂਰ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਉੱਤਰ ਪ੍ਰਦੇਸ਼ ਦੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਗੁਰੂ ਰਵਿਦਾਸ ਦੀ ਜਨਮ ਭੂਮੀ ਜੋ ਵਾਰਾਨਸੀ ਵਿਚ ਹੈ, ਵਿਚ ਵੀ ਉਚੇਚੇ ਤੌਰ 'ਤੇ ਗਏ ਸਨ ਤੇ ਇਸ ਨਾਲ ਉੱਤਰ ਪ੍ਰਦੇਸ਼ ਦੀ ਦਲਿਤ ਤੇ ਖ਼ਾਸ ਕਰ ਰਵਿਦਾਸੀਆ ਭਾਈਚਾਰੇ ਦੀ ਵੋਟ ਨੂੰ ਛੂਹਣ ਵਿਚ ਉਹ ਸਫਲ ਵੀ ਰਹੇ ਸਨ ਤੇ ਇਸ ਵਾਰ ਵੀ ਉਨ੍ਹਾਂ ਦਾ ਇਸ ਮੌਕੇ ਪੰਜਾਬ ਆਉਣਾ ਉੱਤਰ ਪ੍ਰਦੇਸ਼ ਤੇ ਪੰਜਾਬ ਦੋਵਾਂ ਵਿਚ ਵਸਦੇ ਰਵਿਦਾਸੀਆ ਭਾਈਚਾਰੇ ਨੂੰ ਭਾਜਪਾ ਵੱਲ ਆਕਰਸ਼ਿਤ ਕਰਨ ਦੇ ਕਦਮ ਜਾਂ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਉਂਜ ਜਦੋਂ ਸਾਰੀਆਂ ਹੀ ਪਾਰਟੀਆਂ ਵੋਟਾਂ ਅਤੇ ਆਪਣੇ ਹੋਰ ਰਾਜਸੀ ਮੰਤਵਾਂ ਲਈ ਧਰਮ ਅਤੇ ਧਾਰਮਿਕ ਡੇਰਿਆਂ ਨੂੰ ਮਹੱਤਵ ਦਿੰਦੀਆਂ ਨਜ਼ਰ ਆਉਂਦੀਆਂ ਹਨ ਤਾਂ ਭਾਜਪਾ ਦੀ ਇਸ ਕੋਸ਼ਿਸ਼ ਨੂੰ ਵੀ ਇਸੇ ਸੰਦਰਭ ਵਿਚ ਦੇਖਣਾ ਤੇ ਸਮਝਣਾ ਹੋਵੇਗਾ।
ਮਸਹਲਤ ਆਮੇਜ਼ ਹੋਤੇ ਹੈਂ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਸਿਆਸਤ ਤੂ ਅਭੀ ਨਾਦਾਨ ਹੈ।
(ਦੁਸ਼ਿਅੰਤ ਕੁਮਾਰ)
ਅਕਾਲੀ ਦਲ ਪੁਨਰ ਸੁਰਜੀਤ ਵਿਚ ਨਵੀਂ ਸਫ਼ਬੰਦੀ?
ਪ੍ਰਸਿੱਧ ਸ਼ਾਇਰ ਅਲੀ ਜੀਸ਼ਾਨ ਦਾ ਇਕ ਸ਼ਿਅਰ ਹੈ:
ਜ਼ਮਾਨੇ ਭਰ ਸੇ ਤਾਅਲੁਕ ਕੀ ਪਰਦਾ-ਦਾਰੀ ਹੈ,
ਕਿਸੇ ਬਤਾਏਂ ਕਿ ਅਬ ਤੂ ਹਮਾਰੇ ਸਾਥ ਨਹੀਂ।

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਲ ਦੀ ਹਾਲਤ ਕੁਝ ਇਸ ਸ਼ਿਅਰ ਵਰਗੀ ਹੀ ਹੋਵੇਗੀ। ਕਿਉਂਕਿ ਕੋਈ ਮੰਨੇ ਜਾਂ ਨਾ ਮੰਨੇ ਪਰ ਇਸ ਅਕਾਲੀ ਦਲ ਵਿਚ ਤੇਜ਼ੀ ਨਾਲ ਸਫ਼ਬੰਦੀ ਹੋ ਰਹੀ ਹੈ ਤੇ ਆਪਸ ਵਿਚ ਸ਼ਹਿ-ਮਾਤ ਦੀ ਖੇਡ ਸ਼ੁਰੂ ਹੋ ਚੁੱਕੀ ਹੈ। ਇਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਤੇ ਦੂਸਰੇ ਪਾਸੇ ਮਨਪ੍ਰੀਤ ਸਿੰਘ ਇਆਲੀ ਦੇ ਧੜੇ ਹਨ। ਬੇਸ਼ੱਕ ਇਹ ਲੜਾਈ ਨਿੱਜੀ ਤੌਰ 'ਤੇ ਅਹੁਦਿਆਂ ਦੀ ਲੜਾਈ ਹੈ, ਪਰ ਦੋਵੇਂ ਧਿਰਾਂ ਅਜਿਹਾ ਦਿਖਾ ਰਹੀਆਂ ਹਨ ਕਿ ਉਨ੍ਹਾਂ ਨੂੰ ਅਹੁਦਿਆਂ ਦੀ ਕੋਈ ਚਾਹ ਨਹੀਂ। ਇਸੇ ਲਈ ਇਸ ਨੂੰ ਇਕ ਧਿਰ ਅਕਾਲੀ ਦਲਾਂ ਦੀ ਏਕਤਾ ਤੇ ਦੂਜੀ ਧਿਰ ਵਿਚਾਰਧਾਰਾ ਦੀ ਲੜਾਈ ਦੇ ਵਰਕਾਂ ਵਿਚ ਲਪੇਟ ਕੇ ਪੇਸ਼ ਕਰ ਰਹੀ ਹੈ। ਉਂਝ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਵਿਚਾਰਧਾਰਕ ਤੌਰ 'ਤੇ ਜ਼ਿਆਦਾ ਸਪੱਸ਼ਟ ਲਗਦੇ ਹਨ, ਕਿਉਂਕਿ ਉਹ ਸਾਫ਼ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਦੇ ਸਮਰਥਕ ਨਹੀਂ ਹਨ। ਜਦੋਂ ਕਿ ਅਜਿਹੀਆਂ ਖ਼ਬਰਾਂ ਆਮ ਹਨ ਕਿ ਮਨਪ੍ਰੀਤ ਸਿੰਘ ਇਆਲੀ ਦੋਵਾਂ ਅਕਾਲੀ ਦਲਾਂ ਨੂੰ ਇਕੱਠਿਆਂ ਕਰਕੇ ਸਾਂਝੇ ਦਲ ਦੇ ਕਾਰਜਕਾਰੀ ਪ੍ਰਧਾਨ ਵਜੋਂ ਕਮਾਨ ਆਪਣੇ ਹੱਥ ਵਿਚ ਲੈਣ ਲਈ ਕਾਹਲੇ ਸਨ, ਪਰ ਹੁਣ ਮਾਮਲਾ ਕਾਫੀ ਵਿਗੜ ਗਿਆ ਹੈ। ਅਸਲ ਵਿਚ ਪੁਨਰ ਸੁਰਜੀਤ ਅਕਾਲੀ ਦਲ ਵਿਚ ਇਕ ਵਾਰ ਤਾਂ ਇਹ ਮਾਹੌਲ ਬਣਾ ਦਿੱਤਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਹੀ ਪਾਸੇ ਹਟ ਜਾਣ ਤੇ ਕਿਸੇ ਨੂੰ ਐਕਟਿੰਗ ਪ੍ਰਧਾਨ ਲਾ ਦੇਣ ਜਾਂ ਕੋਈ ਪ੍ਰੀਜ਼ੀਡੀਅਮ ਬਣਾ ਦੇਣ। ਬਾਅਦ ਵਿਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨਾਲ ਗੱਠਜੋੜ ਕਰਕੇ ਕੋਈ ਸਾਂਝਾ ਕਾਰਜਕਾਰੀ ਪ੍ਰਧਾਨ ਬਣਾ ਲਿਆ ਜਾਵੇ। ਇਹ ਸੰਭਾਵਿਤ ਕਾਰਜਕਾਰੀ ਪ੍ਰਧਾਨ ਕੌਣ ਹੋਵੇ ਇਹ ਲਗਭਗ ਸਭ ਨੂੰ ਪਤਾ ਹੀ ਹੈ। ਪਰ ਗਿਆਨੀ ਹਰਪ੍ਰੀਤ ਸਿੰਘ ਵੀ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ। ਜਿਸ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਵਰਗੇ ਸਰਵੇ-ਸਰਵਾ ਨੇਤਾ ਨੂੰ ਰਾਹ ਨਹੀਂ ਦਿੱਤੀ, ਉਸ ਲਈ ਇਸ ਚਾਲ ਨੂੰ ਨਾਕਾਮ ਕਰਨਾ ਕੋਈ ਬਹੁਤਾ ਔਖਾ ਨਹੀਂ ਸੀ। ਉਨ੍ਹਾਂ ਮਾਮਲਾ ਕਮੇਟੀਆਂ ਬਣਾ ਕੇ ਹੋਰ ਪਾਸੇ ਮੋੜ ਦਿੱਤਾ। ਜਵਾਬ ਵਿਚ ਦੂਜੀ ਧਿਰ ਵਲੋਂ ਦਬਾਅ ਦੀ ਰਣਨੀਤੀ ਤਹਿਤ ਬੀਬੀ ਸਤਵੰਤ ਕੌਰ ਦੀ ਅਗਵਾਈ ਵਿਚ ਪੰਥਕ ਕੌਂਸਲ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਵੀ ਸਾਹਮਣੇ ਆਈ, ਪਰ ਇਹ ਲੋੜੀਂਦਾ ਦਬਾਅ ਨਹੀਂ ਬਣਾ ਸਕੀ। ਸਗੋਂ ਹਾਲਾਤ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਬਹੁਤੇ ਸਮਰਥਕ ਇਆਲੀ ਦੇ ਖਿਲਾਫ਼ ਸਖ਼ਤ ਐਕਸ਼ਨ ਲੈਣ ਦਾ ਦਬਾਅ ਬਣਾਉਣ ਲੱਗੇ ਹੋਏ ਹਨ।
ਗਿਆਨੀ ਹਰਪ੍ਰੀਤ ਸਿੰਘ ਦਾ ਤਾਜ਼ਾ ਇੰਟਰਵਿਊ ਵੇਖਣਯੋਗ ਹੈ ਜਿਸ ਵਿਚ ਉਹ ਅਕਾਲੀ ਦਲ (ਪੁਨਰ ਸੁਰਜੀਤ) ਦੇ ਗ਼ੈਰ-ਸਰਗਰਮ ਰਹਿਣ ਦਾ ਦੋਸ਼ ਆਪਣੇ ਹੀ ਕੁਝ ਸਾਥੀਆਂ 'ਤੇ ਲਾ ਰਹੇ ਹਨ ਅਤੇ ਇਹ ਸਪੱਸ਼ਟ ਹੈ ਕਿ ਉਹ ਕੋਈ ਸਪੱਸ਼ਟ ਤੇ ਸਖ਼ਤ ਕਾਰਵਾਈ ਕਰਨ ਦਾ ਅਧਾਰ ਤਿਆਰ ਕਰਦੇ ਜਾਪਦੇ ਹਨ। ਪਰ ਅਜੇ ਤੱਕ ਤਾਂ ਦੋਵੇਂ ਧਿਰਾਂ ਏਕਤਾ ਦਾ ਰਾਗ ਹੀ ਅਲਾਪ ਰਹੀਆਂ ਹਨ। ਬਸ਼ੀਰ ਬਦਰ ਅਨੁਸਾਰ:
ਮੈਨੇ ਦਰਿਆ ਸੇ ਸੀਖੀ ਹੈ ਪਾਨੀ ਕੀ ਯੇ ਪਰਦਾ-ਦਾਰੀ
ਊਪਰ ਊਪਰ ਹੰਸਤੇ ਰਹਿਨਾ ਗਹਿਰਾਈ ਮੇਂ ਰੋ ਲੇਨਾ।
ਬੀਬੀ ਭੱਠਲ ਦਾ ਬਿਆਨ

ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜੇ ਸਨ, ਪਰ ਉਸ ਤੋਂ ਬਾਅਦ ਉਨ੍ਹਾਂ ਦੀ ਰਾਜਨੀਤਕ ਕਿਸਮਤ ਦਾ ਸਿਤਾਰਾ ਡੁੱਬਦਾ ਹੀ ਗਿਆ। ਪਰ ਹੁਣ 30 ਸਾਲ ਬਾਅਦ ਉਨ੍ਹਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ 1997 ਦੀਆਂ ਚੋਣਾਂ ਵੇਲੇ ਕੁਝ ਅਫਸਰਾਂ ਨੇ ਬੰਬ ਧਮਾਕੇ ਕਰਵਾ ਕੇ ਦਹਿਸ਼ਤ ਫੈਲਾ ਕੇ ਚੋਣਾਂ ਜਿੱਤਣ ਦੀ ਸਲਾਹ ਦਿੱਤੀ ਸੀ, ਜੋ ਉਨ੍ਹਾਂ ਨੇ ਨਹੀਂ ਸੀ ਮੰਨੀ। ਉਹ 30 ਸਾਲ ਚੁੱਪ ਰਹੇ, ਚਲੋ ਕੋਈ ਮਜਬੂਰੀ ਹੋਵੇਗੀ, ਪਰ ਹੁਣ ਵੀ ਉਹ ਅਜਿਹੇ ਅਫਸਰਾਂ ਦੇ ਨਾਂਅ ਕਿਉਂ ਨਹੀਂ ਦੱਸਦੇ ਕਿ ਉਹ ਕਿਹੜੇ ਅਫਸਰ ਸਨ, ਜਿਨ੍ਹਾਂ ਨੇ ਅਜਿਹੀ ਸਲਾਹ ਦਿੱਤੀ ਸੀ? ਇਸ ਤਰ੍ਹਾਂ ਜਾਪਦਾ ਹੈ ਕਿ ਇਹ ਖੁਲਾਸਾ ਉਨ੍ਹਾਂ ਦੀ ਕਿਸੇ ਰਾਜਨੀਤਕ ਚਾਲ ਦਾ ਇਕ ਹਿੱਸਾ ਵੀ ਹੋ ਸਕਦਾ ਹੈ, ਪਰ ਕੁਝ ਵੀ ਹੋਵੇ ਉਹ ਕੋਈ ਆਮ ਵਿਅਕਤੀ ਨਹੀਂ ਹਨ। ਉਹ ਉਸ ਵੇਲੇ ਦੀ ਗੱਲ ਕਰ ਰਹੇ ਹਨ ਜਦੋਂ ਉਹ ਰਾਜ ਦੇ ਮੁੱਖ ਮੰਤਰੀ ਸਨ। ਜੇ ਇਹ ਗੱਲ ਸੱਚ ਹੋਵੇ ਤਾਂ ਕਿੰਨੀ ਖ਼ਤਰਨਾਕ ਸੀ। ਇਸ ਲਈ ਚੰਗੀ ਗੱਲ ਹੋਵੇਗੀ ਕਿ ਜੇਕਰ ਕੋਈ ਨਿਰਪੱਖ ਅਥਾਰਟੀ ਇਸ ਦੀ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਉਣ ਦਾ ਕੰਮ ਕਰੇ। ਉਂਜ ਮੈਂ ਬੀਬੀ ਭੱਠਲ ਦੀ ਰਾਜਨੀਤਕ ਮਾਨਸਿਕਤਾ ਪ੍ਰਤੀ ਇਬਰਤ ਮਡਲੀਪੁਰੀ ਦਾ ਇਕ ਸ਼ਿਅਰ ਲਿਖੇ ਬਿਨਾਂ ਨਹੀਂ ਰਹਿ ਸਕਦਾ।
ਜਬ ਆ ਜਾਤੀ ਹੈ ਦੁਨੀਆ ਘੂਮ ਫਿਰ ਕਰ ਅਪਨੇ ਮਰਕਜ਼ ਪਰ,
ਤੋ ਵਾਪਸ ਲੌਟ ਕਰ ਗੁਜ਼ਰੇ ਜ਼ਮਾਨੇ ਕਿਉਂ ਨਹੀਂ ਆਤੇ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਮੁੱਦੇ ਤੋਂ ਕਿਉਂ ਭੱਜਦੀਆਂ ਹਨ ਸਿਆਸੀ ਪਾਰਟੀਆਂ? ਅਗਲੀ ਖ਼ਬਰ ਗੰਭੀਰ ਸਮੱਸਿਆ-ਵੱਡੀ ਚੁਣੌਤੀ
Ad Position 24