ਬਹੁਤੇ ਲੋਕ 50 ਸਾਲ ਦੀ ਉਮਰ ਨੂੰ ਪਾਰ ਕਰਨ ਤੋਂ ਬਾਅਦ ਆਪਣੇ-ਆਪ ਨੂੰ ਬੁੱਢਾ ਸਮਝਣ ਲਗਦੇ ਹਨ ਕਿਉਂਕਿ 40 ਸਾਲ ਦੀ ਉਮਰ ਤੋਂ ਬਾਅਦ ਸਾਡੇ ਅੰਗ ਢਿੱਲੇ ਪੈਣ ਲਗਦੇ ਹਨ | ਉਨ੍ਹਾਂ ਵਿਚ ਓਨੀ ਸਰਗਰਮੀ ਅਤੇ ਸ਼ਕਤੀ ਨਹੀਂ ਰਹਿ ਜਾਂਦੀ ਜਿੰਨੀ ਪਹਿਲਾਂ ਹੁੰਦੀ ਸੀ | 50 ਸਾਲ ਦੀ ਉਮਰ ਤੋਂ ਬਾਅਦ ਸਾਹਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਘੱਟ ਹੋ ਜਾਂਦਾ ਹੈ ਅਤੇ ਹਾਜ਼ਮਾ ਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ | ਇਸ ਹਾਲਤ ਵਿਚ ਹਾਰਮੋਨਾਂ ਦਾ ਬਣਨਾ ਵੀ ਘੱਟ ਹੋ ਜਾਂਦਾ ਹੈ | ਨਤੀਜਾ ਵਿਅਕਤੀ ਆਪਣੇ-ਆਪ ਨੂੰ ਬੁੱਢਾ ਸਮਝਣ ਲਗਦਾ ਹੈ | ਉਸ ਦੀ ਜਵਾਨ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ | ਸਰੀਰ ਪਤਲਾ ਹੋਣ ਨਾਲ ਥੋੜ੍ਹੀ ਜਿਹੀ ਮਿਹਨਤ ਤੋਂ ਬਾਅਦ ਹੀ ਥਕਾਵਟ ਮਹਿਸੂਸ ਹੋਣ ਲਗਦੀ ਹੈ | ਅੱਖਾਂ ਦੀ ਰੌਸ਼ਨੀ ਵੀ ਕਮਜ਼ੋਰ ਹੋ ਜਾਂਦੀ ਹੈ |
ਜੇਕਰ ਵਿਅਕਤੀ 40 ਸਾਲ ਦੀ ਉਮਰ ਤੋਂ ਹੀ ਸਹੀ ਭੋਜਨ ਸਹੀ ਮਾਤਰਾ 'ਚ ਖਾਣ ਦਾ ਪਾਲਣ ਕਰਨ ਲੱਗੇ ਤਾਂ ਬੁਢਾਪੇ ਨੂੰ ਕੁਝ ਸਮੇਂ ਲਈ ਟਾਲਿਆ ਜਾ ਸਕਦਾ ਹੈ ਅਤੇ 60 ਸਾਲ ਦੀ ਉਮਰ ਵਿਚ ਵੀ ਵਿਅਕਤੀ ਚੁਸਤ-ਦਰੁਸਤ ਮਹਿਸੂਸ ਕਰ ਸਕਦਾ ਹੈ ਅਤੇ ਉਪਰੋਕਤ ਨੁਕਸਾਂ ਤੋਂ ਬਚਿਆ ਜਾ ਸਕਦਾ ਹੈ | ਯੋਗੀ ਆਪਣੀ ਯੋਗ ਸਾਧਨਾ ਅਤੇ ਸਹੀ ਭੋਜਨ ਵਿਹਾਰ ਕਾਰਨ ਤੇਜੱਸਵੀ ਬਣੇ ਰਹਿੰਦੇ ਹਨ ਅਤੇ ਬੁਢਾਪੇ ਵਿਚ ਵੀ ਜਵਾਨ ਲਗਦੇ ਹਨ | ਜੇਕਰ ਤੁਸੀਂ ਵੀ ਲੰਮੀ ਉਮਰ ਹਾਸਿਲ ਕਰਨਾ ਚਾਹੁੰਦੇ ਹੋ ਅਤੇ ਬੁਢਾਪੇ ਵਿਚ ਵੀ ਜਵਾਨ ਦਿਸਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨਿਯਮਾਂ ਦੀ ਪਾਲਣਾ ਯਕੀਨੀ ਰੂਪ ਵਿਚ ਕਰੋ :-
ਰਾਤ ਨੂੰ ਛੇਤੀ ਸੌਂ ਜਾਵੋ ਅਤੇ ਸਵੇਰੇ ਛੇਤੀ ਉੱਠ ਜਾਓ | ਸਵੇਰੇ ਛੇਤੀ ਜਾਗਣਾ ਸਿਹਤ ਲਈ ਅਤਿਅੰਤ ਲਾਭਕਾਰੀ ਹੁੰਦਾ ਹੈ | ਸਵੇਰੇ ਜਾਗਣ ਤੋਂ ਬਾਅਦ ਮੂੰਹ-ਹੱਥ ਧੋ ਕੇ ਇਕ ਗਿਲਾਸ ਤਾਜ਼ਾ ਪਾਣੀ ਵਿਚ ਅੱਧਾ ਕਾਗਜ਼ੀ ਨਿੰਬੂ ਦਾ ਰਸ ਨਿਚੋੜ ਕੇ ਪੀਓ | ਜਿਨ੍ਹਾਂ ਨੂੰ ਨਿੰਬੂ ਸਹੀ ਨਾ ਬੈਠਦਾ ਹੋਵੇ ਉਹ ਦਸ-ਵੀਹ ਗ੍ਰਾਮ ਸ਼ਹਿਦ ਨੂੰ ਪਾਣੀ ਵਿਚ ਮਿਲਾ ਕੇ ਪੀਣ |
ਹਰ ਰੋਜ਼ ਸ਼ਾਮ ਨੂੰ ਅੱਧਾ ਘੰਟਾ ਖੁੱਲ੍ਹੀ ਹਵਾ ਵਿਚ ਟਹਿਲਣਾ ਚੰਗੀ ਕਸਰਤ ਮੰਨਿਆ ਜਾਂਦਾ ਹੈ | ਇਸ ਨਾਲ ਫੇਫੜਿਆਂ ਨੂੰ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ | ਸਵੇਰੇ-ਸ਼ਾਮ ਲਗਾਤਾਰ ਰੂਪ ਨਾਲ ਪਖਾਨਾ ਵੀ ਜਾਣਾ ਚਾਹੀਦਾ ਹੈ | ਪਖਾਨੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਚਾਹੀਦਾ | ਸ਼ਵ ਆਸਨ ਅਤੇ ਕੁਝ ਹੋਰ ਆਸਨਾਂ ਨੂੰ ਵੀ ਲਗਾਤਾਰ ਕੀਤਾ ਜਾਣਾ ਚਾਹੀਦਾ ਹੈ |
ਹਰ ਰੋਜ਼ ਦੇ ਮੌਸਮ ਅਨੁਸਾਰ ਪਾਣੀ ਨਾਲ ਇਸ਼ਨਾਨ ਕੀਤਾ ਜਾਣਾ ਚਾਹੀਦਾ ਹੈ | ਇਸ਼ਨਾਨ ਕਰਨ ਤੋਂ ਇਕ ਘੰਟਾ ਪਹਿਲਾਂ ਸਮੁੱਚੇ ਸਰੀਰ 'ਤੇ ਤੇਲ ਦੀ ਮਾਲਿਸ਼ ਕਰ ਲੈਣੀ ਚਾਹੀਦੀ ਹੈ | ਸਵੇਰੇ 7-8 ਵਜੇ ਨਾਸ਼ਤਾ ਜ਼ਰੂਰ ਕਰ ਲਓ | ਨਾਸ਼ਤੇ ਤੋਂ ਬਾਅਦ ਚਵਨਪ੍ਰਾਸ਼ 20 ਗ੍ਰਾਮ ਜਾਂ ਔਲੇ ਦਾ ਮੁਰੱਬਾ ਦੋ ਪੀਸ ਅਤੇ ਕਿਸ਼ਮਿਸ਼, ਖਜੂਰ, ਮੂੰਗਫਲੀ, ਕਾਜੂ, ਅੰਜੀਰ ਵਿਚੋਂ ਕੋਈ ਇਕ 20 ਗ੍ਰਾਮ ਅਤੇ ਦੁੱਧ 200 ਗ੍ਰਾਮ ਮਿਲਾ ਕੇ ਜ਼ਰੂਰ ਲਓ |
ਭੋਜਨ ਤੋਂ ਤੁਰੰਤ ਬਾਅਦ ਜਾਂ ਤੁਰੰਤ ਪਹਿਲਾਂ ਪਾਣੀ ਨਹੀਂ ਪੀਣਾ ਚਾਹੀਦਾ | ਲਗਾਤਾਰ 8-10 ਗਿਲਾਸ ਪਾਣੀ ਪੀਣ ਦੀ ਆਦਤ ਪਾਓ | ਭੋਜਨ ਵਿਚਾਲੇ ਥੋੜ੍ਹਾ ਪਾਣੀ ਪੀਤਾ ਜਾ ਸਕਦਾ ਹੈ | ਭੋਜਨ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਪਾਣੀ ਪੀਤਾ ਜਾ ਸਕਦਾ ਹੈ | ਹੱਸਣਾ ਅਤੇ ਖ਼ੁਸ਼ ਰਹਿਣਾ ਜੀਵਨ ਲਈ ਚੰਗਾ ਮੰਨਿਆ ਜਾਂਦਾ ਹੈ | ਖ਼ੁਦ ਵੀ ਹੱਸੋ ਅਤੇ ਦੂਜਿਆਂ ਨੂੰ ਵੀ ਹਸਾਓ | ਗੁੱਸਾ, ਚਿੰਤਾ, ਸੋਗ, ਡਰ ਆਦਿ ਤੋਂ ਹਮੇਸ਼ਾ ਬਚੇ ਰਹਿਣਾ ਚਾਹੀਦਾ ਹੈ | ਇਹ ਸਭ ਨੁਕਸ ਮਨੁੱਖ ਨੂੰ ਰੋਗੀ ਅਤੇ ਕਮਜ਼ੋਰ ਬਣਾ ਦਿੰਦੇ ਹਨ |
ਭੋਜਨ ਵਿਚ ਘੱਟ ਮਿਰਚ-ਮਸਾਲੇ ਸਾਗ-ਸਬਜ਼ੀ, ਸਲਾਦ, ਲੱਸੀ, ਮੂੰਗ ਜਾਂ ਮਸਰਾਂ ਦੀ ਦਾਲ, ਪੱਤੀਆਂ ਵਾਲੇ ਸਾਗ ਦੀ ਵਰਤੋਂ ਲਗਾਤਾਰ ਰੂਪ ਵਿਚ ਕਰਨੀ ਚਾਹੀਦੀ ਹੈ | ਛਾਣਬੂਰੇ ਵਾਲੇ ਆਟੇ ਦੀ ਰੋਟੀ, ਉੱਬਲੀ ਸਾਗ-ਸਬਜ਼ੀ, ਟਮਾਟਰ, ਖੀਰਾ, ਕੱਚਾ ਪਿਆਜ਼, ਮੂਲੀ, ਕੱਚਾ ਨਾਰੀਅਲ, ਗਾਜਰ, ਤਰ, ਹਰਾ ਧਨੀਆ ਆਦਿ ਦੀ ਵਰਤੋਂ ਭੋਜਨ ਵਿਚ ਜ਼ਰੂਰ ਕਰਨੀ ਚਾਹੀਦੀ ਹੈ | ਮਾਸਾਹਾਰ, ਨਸ਼ਾਖੋਰੀ ਆਦਿ ਨਹੀਂ ਕਰਨੀ ਚਾਹੀਦੀ | ਚਾਹ, ਕੌਫ਼ੀ ਆਦਿ ਦੀ ਵਰਤੋਂ ਤੋਂ ਵੀ ਜਿਥੋਂ ਤੱਕ ਸੰਭਵ ਹੋਵੇ ਬਚੇ ਰਹਿਣਾ ਚਾਹੀਦਾ ਹੈ |
ਬਿਨਾਂ ਜ਼ਰੂਰਤ ਤੋਂ ਵਿਟਾਮਿਨ ਜਾਂ ਹੋਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਕਿਸੇ ਵੀ ਦਵਾਈ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ | ਭੁੱਖ ਤੋਂ ਜ਼ਿਆਦਾ ਨਾ ਖਾਓ ਅਤੇ ਜ਼ਿਆਦਾ ਸਮੇਂ ਤੱਕ ਭੁੱਖੇ ਵੀ ਨਹੀਂ ਰਹਿਣਾ ਚਾਹੀਦਾ | ਇਸ ਦਾ ਧਿਆਨ ਰੱਖੋ ਕਿ ਅਸੀਂ ਜਿਊਣ ਲਈ ਖਾਂਦੇ ਹਾਂ ਨਾ ਕਿ ਖਾਣੇ ਲਈ ਜਿਊਾਦੇ ਹਾਂ | ਕੋਈ ਵੀ ਬਿਮਾਰੀ ਹੋਵੇ, ਤੁਰੰਤ ਉਸ ਦਾ ਇਲਾਜ ਕਰਨਾ ਚਾਹੀਦਾ ਹੈ |