13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਲੱਕ ਦਰਦ ਅਤੇ ਗਰਦਨ ਦਰਦ ਨੂੰ ਆਮ ਸਮਝ ਕੇ ਨਾ ਟਾਲੋ,

ਲੱਕ ਦਰਦ ਅਤੇ ਗਰਦਨ ਦਰਦ ਨੂੰ ਆਮ ਸਮਝ ਕੇ ਨਾ ਟਾਲੋ,

Ad Position 21
No active advertisement
ਅਜੀਤ ਡੈਸਕ 14-08-2026


ਸਮੇਂ ਸਿਰ ਇਲਾਜ ਕਰਵਾਉਣ ਨਾਲ ਮਿਲ ਸਕਦੀ ਹੈ ਪੂਰੀ ਰਾਹਤ


ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਲੱਕ ਅਤੇ ਧੌਣ ਭਾਵ ਗਰਦਨ ਦਾ ਦਰਦ ਇਕ 'ਲਾਈਫ਼ ਸਟਾਈਲ ਡਿਜ਼ੀਜ਼' ਬਣਦਾ ਜਾ ਰਿਹਾ ਹੈ | ਪਹਿਲਾਂ ਇਹ ਸਮੱਸਿਆ ਮੁੱਖ ਤੌਰ 'ਤੇ ਬਜ਼ੁਰਗਾਂ ਵਿਚ ਦੇਖੀ ਜਾਂਦੀ ਸੀ ਪਰ ਹੁਣ ਲੰਮੇ ਸਮੇਂ ਤੱਕ ਕੰਪਿਊਟਰ 'ਤੇ ਕੰਮ ਕਰਨ ਵਾਲੇ ਨੌਜਵਾਨ, ਘਰੇਲੂ ਸੁਆਣੀਆਂ, ਕਿਸਾਨ, ਖਿਡਾਰੀ ਅਤੇ ਇਥੋਂ ਤੱਕ ਕਿ ਵਿਦਿਆਰਥੀ ਵੀ ਰੀੜ੍ਹ ਦੀ ਹੱਡੀ (ਸਪਾਈਨ) ਨਾਲ ਜੁੜੀਆਂ ਸਮੱੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਹਾਲ ਹੀ ਵਿਚ ਸਿਹਤ ਮਾਹਿਰਾਂ ਵਲੋਂ ਜਾਰੀ ਇਕ ਰਿਪੋਰਟ ਅਨੁਸਾਰ ਬਹੁਤ ਸਾਰੇ ਲੋਕ ਦਰਦ ਨੂੰ  ਆਮ ਸਮਝ ਕੇ ਦਰਦ ਨਿਵਾਰਕ ਦਵਾਈਆਂ ਨਾਲ ਕੰਮ ਚਲਾਉਂਦੇ ਰਹਿੰਦੇ ਹਨ, ਜਦ ਕਿ ਕਈ ਮਾਮਲਿਆਂ ਵਿਚ ਇਹ ਕਿਸੇ ਗੰਭੀਰ ਬਿਮਾਰੀ ਦੀ ਸ਼ੁਰੂਆਤ ਦਾ ਸੰਕੇਤ ਹੋ ਸਕਦਾ ਹੈ | ਸਮੇਂ ਸਿਰ ਜਾਂਚ ਅਤੇ ਢੁੱਕਵੇਂ ਇਲਾਜ ਨਾਲ ਬਹੁਤੇ ਮਰੀਜ਼ ਆਮ ਜੀਵਨ ਜਿਊਣ ਲੱਗਦੇ ਹਨ | 
ਰੀੜ੍ਹ ਦੀ ਹੱਡੀ ਦੀਆਂ ਆਮ ਬਿਮਾਰੀਆਂ
ਰੋਗਾਂ ਦੇ ਇਕ ਮਾਹਿਰ ਡਾਕਟਰ ਅਨੁਸਾਰ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਆਮ ਸਮੱਸਿਆਵਾਂ ਵਿਚ ਸਲਿੱਪ ਡਿਸਕ, ਸਾਈਟਿਕਾ, ਸਰਵਾਈਕਲ, ਸਪਾਂਡਿਲੋਸਿਸ, ਇਨਫੈਕਸ਼ਨ ਭਾਵ ਸੰਕਰਮਣ, ਲੰਬਰ ਕੈਨਾਲ, ਸਟੈਨੋਸਿਸ, ਸਪਾਈਨਲ ਫਰੈਕਚਰ, ਆਸਟੋਪੋਰੋਸਿਸ ਅਤੇ ਉਮਰ ਵਧਣ ਨਾਲ ਹੱਡੀਆਂ ਦੇ ਘਸਣ (ਡੀਜੈਨਰੇਟਿਵ ਸਪਾਈਨਡਿਜ਼ੀਜ਼) ਸ਼ਾਮਿਲ ਹਨ | ਇਨ੍ਹਾਂ ਰੋਗਾਂ ਦੇ ਕਾਰਨ ਲੱਕ ਜਾਂ ਧੌਣ ਵਿਚ ਦਰਦ, ਹੱਥ ਜਾਂ ਪੈਰਾਂ ਵਿਚ ਝੁਨਝਨਾਹਟ, ਸੁੰਨ ਹੋਣ, ਕਮਜ਼ੋਰੀ ਅਤੇ ਤੁਰਨ-ਫਿਰਨ ਵਿਚ ਦਿੱਕਤ ਆਉਣਾ ਹੋ ਸਕਦੀ ਹੈ | ਜੇਕਰ ਪਿਸ਼ਾਬ ਜਾਂ ਮਲ 'ਤੇ ਕੰਟਰੋਲ ਘੱਟ ਹੋ ਜਾਵੇ ਜਾਂ ਪੈਰਾਂ ਦੀ ਸ਼ਕਤੀ ਤੇਜ਼ੀ ਨਾਲ ਘਟਣ ਲੱਗੇ ਤਾਂ ਇਹ ਮੈਡੀਕਲ ਐਮਰਜੈਂਸੀ ਹੋ ਸਕਦੀ ਹੈ ਅਤੇ ਤੁਰੰਤ ਕਿਸੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ | 
ਦਰਦ ਨੂੰ  ਦਬਾਓ ਨਾ, ਕਾਰਨ ਪਛਾਣੋ
ਜੇਕਰ ਦਰਦ ਤਿੰਨ-ਚਾਰ ਹਫ਼ਤਿਆਂ ਤੋਂ ਵਧੇਰੇ ਸਮੇਂ ਤੋਂ ਹੋ ਰਿਹਾ ਹੋਵੇ, ਦਰਦ ਵਾਰ-ਵਾਰ ਹੁੰਦਾ ਹੋਵੇ, ਹੱਥ ਜਾਂ ਪੈਰ ਸੁੰਨ ਹੁੰਦੇ ਹੋਣ ਜਾਂ ਕਮਜ਼ੋਰੀ ਹੋਵੇ, ਤੁਰਨ ਵਿਚ ਦਿੱਕਤ ਪੇਸ਼ ਆਉਣ ਲੱਗੇ ਜਾਂ ਰਾਤ ਨੂੰ  ਦਰਦ ਵਧੇਰੇ ਵੱਧ ਜਾਵੇ ਤਾਂ ਸਿਰਫ਼ ਦਵਾ ਲੈ ਕੇ ਠੀਕ ਹੋਣ ਦਾ ਇੰਤਜ਼ਾਰ ਕਰਨਾ ਠੀਕ ਨਹੀਂ | ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣ ਨਾਲ ਬਿਮਾਰੀ ਸ਼ੁਰੂਆਤ ਵਿਚ ਕੰਟਰੋਲ ਕੀਤੀ ਜਾ ਸਕਦੀ ਹੈ | 
ਕੀ ਹਰ ਮਰੀਜ਼ ਨੂੰ  ਆਪ੍ਰੇਸ਼ਨ ਦੀ ਜ਼ਰੂਰਤ ਹੁੰਦੀ ਹੈ
ਬਿਲਕੁਲ ਨਹੀਂ | ਲਗਭਗ 85-90 ਫ਼ੀਸਦੀ ਮਰੀਜ਼ ਬਿਨਾਂ ਆਪ੍ਰੇਸ਼ਨ ਤੋਂ ਠੀਕ ਹੋ ਸਕਦੇ ਹਨ | ਸਹੀ ਦਵਾਈਆਂ, ਫਿਜ਼ੀਓਥਰੈਪੀ, ਭਾਰ 'ਤੇ ਕਾਬੂ, ਲਗਾਤਾਰ ਕਸਰਤ, ਸਹੀ ਬੈਠਣ ਅਤੇ ਉੱਠਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਬਹੁਤੇ ਮਰੀਜ਼ਾਂ ਨੂੰ  ਰਾਹਤ ਦਿਵਾਉਂਦੇ ਹਨ | ਸਿਰਫ਼ ਉਨ੍ਹਾਂ ਮਰੀਜ਼ਾਂ ਵਿਚ ਸਰਜਰੀ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿਚ ਨਸ 'ਤੇ ਗੰਭੀਰ ਦਬਾਅ ਹੋਵੇ, ਲਗਾਤਾਰ ਅਸਹਿਣਸ਼ੀਲ ਦਰਦ ਹੋਵੇ, ਹੱਥਾਂ-ਪੈਰਾਂ ਦੀ ਸ਼ਕਤੀ ਘੱਟ ਹੋ ਰਹੀ ਹੋਵੇ ਜਾਂ ਆਮ ਇਲਾਜ ਨਾਲ ਫਾਇਦਾ ਨਾ ਹੋ ਰਿਹਾ ਹੋਵੇ | 
ਆਧੁਨਿਕ ਸਪਾਈਨ ਸਰਜਰੀ : ਇਲਾਜ ਪਹਿਲਾਂ ਨਾਲੋਂ ਕਿਤੇ ਵਧੇਰੇ ਸੁਰੱਖਿਅਤ
ਪਿਛਲੇ ਇਕ ਦਹਾਕੇ ਵਿਚ ਸਪਾਈਨ ਸਰਜਰੀ ਵਿਚ ਵਰਨਣਯੋਗ ਤਕਨੀਕੀ ਤਰੱਕੀ ਹੋਈ ਹੈ | ਅੱਜ ਮਿਨੀਮਲੀ ਇਨਵੈਸਿਸ ਸਪਾਈਨ ਸਰਜਰੀ (ਐਮ.ਆਈ.ਐਸ.ਐਸ.), ਮਾਈਕ੍ਰੋਸਕੋਪਿਕ ਸਪਾਈਨ ਸਰਜਰੀ, ਓ-ਏ.ਆਰ.ਐਮ. ਆਧਾਰਿਤ 3-ਡੀ, ਨੇਵੀਗੇਸ਼ਨ ਅਤੇ ਰੋਬੋਟਿਕ ਸਪਾਈਨ ਸਰਜਰੀ ਵਰਗੀਆਂ ਆਧੁਨਿਕ ਤਕਨੀਕਾਂ ਨੇ ਇਲਾਜ ਨੂੰ  ਵਧੇਰੇ ਸੁਰੱਖਿਅਤ ਅਤੇ ਸਟੀਕ ਬਣਾ ਦਿੱਤਾ ਹੈ | 
ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਛੋਟੇ ਚੀਰੇ ਲਗਾਏ ਜਾਂਦੇ ਹਨ, ਇਸ ਨਾਲ ਆਸ-ਪਾਸ ਦੀਆਂ ਮਾਸਪੇਸ਼ੀਆਂ ਨੂੰ  ਘੱਟ ਨੁਕਸਾਨ ਪਹੁੰਚਦਾ ਹੈ | ਆਪ੍ਰੇਸ਼ਨ ਦੇ ਦਰਮਿਆਨ ਖੂਨ ਵਗਣਾ ਘੱਟ ਹੋ ਜਾਂਦਾ ਹੈ, ਸੰਕ੍ਰਮਣ ਦਾ ਖ਼ਤਰਾ ਘਟਦਾ ਹੈ, ਦਰਦ ਘੱਟ ਹੁੰਦਾ ਹੈ ਅਤੇ ਮਰੀਜ਼ ਛੇਤੀ ਤੁਰਨ-ਫਿਰਨ ਲਗਦਾ ਹੈ | ਕਈ ਮਰੀਜ਼ 24 ਤੋਂ 72 ਘੰਟੇ ਦੇ ਅੰਦਰ ਹਸਪਤਾਲ ਤੋਂ ਘਰ ਵੀ ਜਾ ਸਕਦੇ ਹਨ | ਗੁੰਝਲਦਾਰ ਆਪ੍ਰੇਸ਼ਨ ਵਿਚ 3-ਡੀ ਨੇਵੀਗੇਸ਼ਨ ਅਤੇ ਰੋਬੋਟਿਕ ਤਕਨੀਕ ਸਰਜਨ ਨੂੰ  ਸਟੀਕਤਾ ਪ੍ਰਦਾਨ ਕਰਨ ਵਿਚ ਸਹਾਈ ਹੁੰਦੀ ਹੈ | 
ਸਫਲਤਾ ਦੀ ਸੰਭਾਵਨਾ ਕਿੰਨੀ ਹੁੰਦੀ ਹੈ
ਇਹ ਪ੍ਰਸ਼ਨ ਲਗਭਗ ਹਰ ਮਰੀਜ਼ ਪੁੱਛਦਾ ਹੈ | ਜੇਕਰ ਸਹੀ ਮਰੀਜ਼ ਦਾ ਸਹੀ ਸਮੇਂ 'ਤੇ, ਸਹੀ ਤਕਨੀਕ ਨਾਲ ਇਲਾਜ ਕੀਤਾ ਜਾਵੇ ਤਾਂ ਆਧੁਨਿਕ ਸਪਾਈਨ ਸਰਜਰੀ ਦੇ ਨਤੀਜੇ ਬੇਹੱਦ ਉਤਸ਼ਾਹ ਜਨਕ ਹੁੰਦੇ ਹਨ | ਡਿਸਕ, ਸਾਈਟਕਾ ਅਤੇ ਕਈ ਡੀਜਨਰੇਟਿਵ ਸਪਾਈਨ ਰੋਗਾਂ ਵਿਚ ਬਹੁਤੇ ਮਰੀਜ਼ਾਂ ਨੂੰ  ਦਰਦ ਤੋਂ ਵੱਡੀ ਰਾਹਤ ਮਿਲਦੀ ਹੈ ਅਤੇ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਅਤੇ ਨੌਕਰੀ 'ਤੇ ਵਾਪਸ ਪਰਤ ਸਕਦੇ ਹਨ | ਸਫਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਬਿਮਾਰੀ ਕਿੰਨੀ ਪੁਰਾਣੀ ਹੈ | ਨਸ ਨੂੰ  ਕਿੰਨਾ ਨੁਕਸਾਨ ਪਹੁੰਚਿਆ ਹੈ ਅਤੇ ਮਰੀਜ਼ ਆਪ੍ਰੇਸ਼ਨ ਤੋਂ ਬਾਅਦ ਮੁੜ ਪੁਨਰਵਾਸ ਕਾਰਜਕ੍ਰਮ ਦਾ ਕਿੰਨਾ ਪਾਲਣ ਕਰਦਾ ਹੈ | 
ਰੀੜ੍ਹ ਦੀ ਹੱਡੀ ਨੂੰ  ਸਿਹਤਮੰਦ ਰੱਖਣ ਦੇ ਸਰਲ ਤਰੀਕੇ
• ਹਰ ਰੋਜ਼ ਘੱਟ ਤੋਂ ਘੱਟ 30 ਮਿੰਟ ਪੈਦਲ ਤੁਰੋ | • ਲੰਮੇ ਸਮੇਂ ਤੱਕ ਲਗਾਤਾਰ ਬੈਠਣ ਤੋਂ ਬਚੋ | • ਹਰ 45 ਤੋਂ 60 ਮਿੰਟ ਦਰਮਿਆਨ ਉੱਠ ਕੇ ਥੋੜ੍ਹਾ ਤੁਰੋ | • ਸਹੀ ਮੁਦਰਾ (ਪੋਸਚਰ) ਬਣਾਈ ਰੱਖੋ | • ਵਜ਼ਨ ਕੰਟਰੋਲ ਵਿਚ ਰੱਖੋ | • ਲਗਾਤਾਰ ਕੋਰ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਨੂੰ  ਮਜ਼ਬੂਤ ਕਰਨ ਵਾਲੀ ਕਸਰਤ ਕਰੋ • ਨਸ਼ਿਆਂ ਤੋਂ ਬਚੋ ਅਤੇ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਲਓ |
ਮਾਹਿਰ ਡਾਕਟਰ ਤੋਂ ਸਮੇਂ ਸਿਰ ਸਲਾਹ ਲਓ
ਲੱਕ ਜਾਂ ਧੌਣ ਦਾ ਦਰਦ ਹਰ ਵਾਰ ਸਾਧਾਰਨ ਨਹੀਂ ਹੁੰਦਾ | ਜੇਕਰ ਦਰਦ ਲਗਾਤਾਰ ਹੁੰਦਾ ਰਹੇ, ਹੱਥਾਂ ਜਾਂ ਪੈਰਾਂ ਵਿਚ ਕਮਜ਼ੋਰੀ ਜਾਂ ਸੁੰਨ ਮਹਿਸੂਸ ਹੋਵੇ, ਜਾਂ ਤੁਰਨ-ਫਿਰਨ ਵਿਚ ਮੁਸ਼ਕਿਲ ਆਉਣ ਲੱਗੇ, ਤਾਂ ਖੁਦ ਇਲਾਜ ਕਰਨ ਦੀ ਬਜਾਏ ਸਪਾਈਨ ਮਾਹਿਰ ਤੋਂ ਸਲਾਹ ਲੈਣੀ ਚਾਹੀਦੀ ਹੈ | ਸਮੇਂ ਸਿਰ ਸਹੀ ਨਿਦਾਨ ਅਤੇ ਢੁੱਕਵਾਂ ਇਲਾਜ ਨਾ ਸਿਰਫ਼ ਦਰਦ ਤੋਂ ਰਾਹਤ ਦਿਵਾਉਂਦਾ ਹੈ ਬਲਕਿ ਭਵਿੱਖ ਵਿਚ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਬਚਾ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੇਟ ਦੀਆਂ ਬਿਮਾਰੀਆਂ ਸੰਗ੍ਰਹਿਣੀ : ਅਲਸਰੇਟਿਡ ਕੋਲਾਇਟਸ ਅਗਲੀ ਖ਼ਬਰ ਬਰਸਾਤ ਵਿਚ ਹੋ ਸਕਦਾ ਹੈ ਪੀਲੀਆ ਦਾ ਹਮਲਾ
Ad Position 24