ਗਲੋਅ ਨੂੰ ਗਿਲੋਏ, ਗੁਡੁੱਚੀ, ਅਮਿ੍ਤਾ, ਅਮਿ੍ਤਾਵੱਲੀ, ਮਧੂਪਾਰਨੀ ਅਤੇ ਗੁਰੁੱਚੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ | ਇਸ ਦਾ ਵਿਗਿਆਨਕ ਨਾਂਅ ਟਾਈਨੋਸਪੋਰਾ ਕੌਰਡੀਫੋਲੀਆ (Tinospora cordifolia) ਹੈ |

ਇਸ ਦੇ ਪੱਤੇ ਪਾਨ ਦੇ ਪੱਤੇ ਵਰਗੇ ਅਤੇ ਤਣੇ ਉੱਪਰ ਛੋਟੇ-ਛੋਟੇ ਨਿਸ਼ਾਨ ਹੁੰਦੇ ਹਨ | ਇਸ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਤਾਂਬਾ, ਲੋਹਾ, ਮੈਂਗਨੀਜ਼, ਜ਼ਿੰਕ, ਕੈਲਸ਼ੀਅਮ ਅਤੇ ਫਾਸਫੋਰਸ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ | ਇਸ ਨੂੰ ਸਦੀਆਂ ਤੋਂ ਕਈ ਬਿਮਾਰੀਆਂ, ਖਾਸ ਕਰਕੇ ਬੁਖਾਰ ਦੇ ਇਲਾਜ ਲਈ ਵਰਤਿਆ ਜਾ ਰਿਹਾ ਹੈ | ਇਹ ਰੁੱਖਾਂ ਦੁਆਲੇ ਲਿਪਟ ਕੇ ਉੱਪਰ ਚੜ੍ਹਨ ਵਾਲੀ ਵੇਲ ਹੈ, ਜਿਸ ਵਿਚ ਬਹੁਤ ਸਾਰੇ ਕਿਰਿਆਸ਼ੀਲ ਤੱਤ ਪਾਏ ਜਾਂਦੇ ਹਨ ਜਿਸ ਕਰਕੇ ਇਸ ਦੀਆਂ ਜੜ੍ਹਾਂ ਦਿਮਾਗੀ ਤਣਾਅ ਘਟਾਉਣ, ਤਣਾ ਖੂਨ ਨੂੰ ਸ਼ਕਤੀਸ਼ਾਲੀ ਕਰਨ ਅਤੇ ਸੱਕ ਨੂੰ ਬੁਖਾਰ ਅਤੇ ਐਲਰਜੀ ਦੇ ਇਲਾਜ ਲਈ ਵਰਤਿਆ ਜਾਂਦਾ ਹੈ | ਇਸ ਦੀ ਤਾਸੀਰ ਗਰਮ ਅਤੇ ਸੁਆਦ ਕੌੜਾ ਹੁੰਦਾ ਹੈ | ਨਿੰਮ ਦੇ ਦਰੱਖਤ 'ਤੇ ਚੜ੍ਹੀ ਗਲੋਅ ਜ਼ਿਆਦਾ ਗੁਣਕਾਰੀ ਮੰਨੀ ਜਾਂਦੀ ਹੈ | ਇਸ ਦਾ ਦਰਮਿਆਨੀ ਮੋਟਾਈ ਦਾ ਤਣਾ ਜ਼ਿਆਦਾ ਗੁਣਕਾਰੀ ਹੁੰਦਾ ਹੈ | ਇਹ ਉੱਤਮ ਕਿਸਮ ਦੀ ਰਸਾਇਣ ਦੇ ਦਰਜੇ ਦੀ ਜੜ੍ਹੀ ਬੂਟੀ ਹੈ ਜੋ ਤਿੰਨਾਂ ਦੋਸ਼ਾਂ ਨੂੰ ਸੰਤੁਲਿਤ ਕਰਦੀ ਹੈ ਅਤੇ ਸਰੀਰ ਨੂੰ ਨਵਾਂ ਬਣਾਉਂਦੀ ਹੈ | ਹੋਮਿਓਪੈਥੀ ਵਿਚ ਇਸ ਤੋਂ ਬਣੀ ਦਵਾਈ ਟਾਈਨੋਸਪੋਰਾ ਕੌਰਡੀਫੋਲੀਆ (Tinospora cordifolia) ਨੂੰ ਵਾਰ-ਵਾਰ ਚੜ੍ਹਨ ਵਾਲੇ ਬੁਖਾਰ ਨੂੰ ਠੀਕ ਕਰਨ, ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਅਤੇ ਸਰੀਰ ਵਿਚੋਂ ਵਿਸ਼ੈਲੇ ਤੱਤ ਬਾਹਰ ਕੱਢਣ ਲਈ ਵਰਤਿਆ ਜਾਂਦਾ ਹੈ |
ਗਲੋਅ ਦੇ ਰਸ ਦੇ 2-3 ਚਮਚੇ ਬਰਾਬਰ ਪਾਣੀ ਵਿਚ ਮਿਲਾ ਕੇ ਸਵੇਰੇ ਖਾਲੀ ਪੇਟ ਲੈਣ ਨਾਲ ਪਾਚਣਤੰਤਰ ਦਰੁੱਸਤ ਹੁੰਦਾ ਹੈ, ਵਾਰ-ਵਾਰ ਲੱਗਣ ਵਾਲੀ ਪਿਆਸ ਠੀਕ ਹੁੰਦੀ ਹੈ, ਬੁਖਾਰ ਤੋਂ ਆਰਾਮ ਮਿਲਦਾ ਹੈ, ਇਨਫੈਕਸ਼ਨ ਖ਼ਤਮ ਹੁੰਦੀ ਅਤੇ ਡੇਂਗੂ ਕਾਰਨ ਘਟੇ ਸੈੱਲ ਵਧਦੇ ਹਨ | ਇਹ ਛਾਤੀ ਦੇ ਕੈਂਸਰ ਦੇ ਇਲਾਜ ਵਾਸਤੇ ਵੀ ਕਾਰਗਰ ਮੰਨੀ ਜਾਂਦੀ ਹੈ | ਇਸ ਦੇ ਤਣੇ ਅਤੇ ਪੁਨਰਨਵਾ ਦੀ ਜੜ੍ਹ ਦੇ ਰਸ ਨੂੰ ਮਿਲਾ ਕੇ 3 ਚਮਚੇ 10 ਦਿਨ ਲੈਣ ਨਾਲ ਪੀਲੀਆ ਜੜ੍ਹ ਤੋਂ ਠੀਕ ਹੁੰਦਾ ਹੈ | ਇਸ ਦੇ ਅੱਧਾ ਚਮਚ ਚੂਰਨ ਨੂੰ ਸ਼ਹਿਦ ਵਿਚ ਮਿਲਾ ਕੇ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਲੈਣ ਨਾਲ ਐਲਰਜੀ ਕਾਰਨ ਹੋਇਆ ਬੁਖਾਰ (8ey fever), ਖੰਘ, ਜੁਕਾਮ ਅਤੇ ਛਿੱਕਾਂ ਤੋਂ ਆਰਾਮ ਮਿਲਦਾ ਹੈ ਅਤੇ ਬੁਖਾਰ ਕਾਰਨ ਘਟੇ ਸੈੱਲ ਵਧਦੇ ਹਨ |
ਗਲੋਅ ਦੇ 2-3 ਚਮਚੇ ਰਸ ਨੂੰ ਇੱਕ ਗਲਾਸ ਪਾਣੀ ਵਿਚ ਘੋਲ ਕੇ ਪੀਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ, ਪਾਚਣ ਕਿਰਿਆ ਤੇਜ਼ ਹੁੰਦੀ ਹੈ, ਕੋਲੈਸਟਰੋਲ ਅਤੇ ਮੋਟਾਪਾ ਘਟਦਾ ਹੈ | ਇਸ ਨਾਲ ਖੂਨ ਸਾਫ ਹੁੰਦਾ ਹੈ ਅਤੇ ਵਧੇ ਹੋਏ ਵਾਤ ਕਾਰਨ ਹੋ ਰਹੇ ਜੋੜਾਂ ਦੇ ਦਰਦਾਂ ਤੋਂ ਆਰਾਮ ਮਿਲਦਾ ਹੈ | ਗਲੋਅ ਦੇ ਅੱਧਾ ਚਮਚਾ ਚੂਰਨ ਨੂੰ ਕੋਸੇ ਪਾਣੀ ਨਾਲ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਲੈਣ ਨਾਲ ਬਦਹਜ਼ਮੀ, ਤੇਜ਼ਾਬੀਪਣ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ | ਇਸ ਨਾਲ ਦਸਤ ਵੀ ਠੀਕ ਹੁੰਦੇ ਹਨ | ਇਸ ਦੇ 50 ਮਿਲੀਲਿਟਰ ਕਾੜ੍ਹੇ ਵਿਚ ਮਿਸ਼ਰੀ ਮਿਲਾ ਕੇ ਪੀਣ ਨਾਲ ਹਿਚਕੀ ਠੀਕ ਹੁੰਦੀ ਹੈ | ਆਮ ਵਰਤੋਂ ਲਈ ਵਾਤ ਪ੍ਰਕਿ੍ਤੀ ਵਾਲੇ ਲੋਕ ਇਸ ਦੇ ਚੂਰਨ ਨੂੰ ਗਾਂ ਦੇ ਘਿਓ ਨਾਲ, ਕਫ ਵਾਲੇ ਲੋਕ ਇਸ ਦੇ ਚੂਰਨ ਨੂੰ ਸ਼ਹਿਦ ਨਾਲ ਅਤੇ ਪਿੱਤ ਵਾਲੇ ਲੋਕ ਇਸ ਨੂੰ ਮਿਸ਼ਰੀ ਨਾਲ ਲੈ ਸਕਦੇ ਹਨ | ਗਲੋਅ ਦਾ ਤੇਲ ਵਾਤ ਕਾਰਨ ਹੋਣ ਵਾਲੀਆਂ ਦਰਦਾਂ ਨੂੰ ਠੀਕ ਕਰਦਾ ਹੈ | ਗਲੋਅ ਦੇ ਸਤ ਨੂੰ ਮਿਸ਼ਰੀ ਵਿਚ ਮਿਲਾ ਕੇ ਲੈਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਖੂਨ ਦੀਆਂ ਬਿਮਾਰੀਆਂ ਤੋਂ ਆਰਾਮ ਮਿਲਦਾ ਹੈ |